ਨਵਜੋਤ ਕੌਰ ਸਿੱਧੂ ਵੱਲੋਂ ਭਾਜਪਾ ਤੋਂ ਅਸਤੀਫ਼ਾ

ਨਵਜੋਤ ਕੌਰ ਸਿੱਧੂ ਵੱਲੋਂ ਭਾਜਪਾ ਤੋਂ ਅਸਤੀਫ਼ਾ

ਕਿਹਾ-ਪੰਜਾਬ ਭਾਜਪਾ ਨੇ ਅਕਾਲੀ ਦਲ ਅੱਗੇ ਟੇਕੇ ਗੋਡੇ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਦੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਆਖ਼ਰਕਾਰ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਨੂੰ ਭਾਜਪਾ ਪੰਜਾਬ ਦੇ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨੇ ਤੁਰੰਤ ਪ੍ਰਵਾਨ ਕਰ ਲਿਆ। ਇਹ ਅਸਤੀਫਾ ਉਨ੍ਹਾਂ ਇਕ ਵਿਸ਼ੇਸ਼ ਦੂਤ ਰਾਹੀਂ ਪਾਰਟੀ ਦੇ ਮੁੱਖ ਦਫ਼ਤਰ ਭੇਜਿਆ।
ਅੰਮ੍ਰਿਤਸਰ ਵਿਚ ਆਪਣੇ ਨਿਵਾਸ ਸਥਾਨ ‘ਤੇ ਆਪਣੇ ਅਸਤੀਫਾ ਦੇਣ ਦੇ ਕਾਰਨਾਂ ਬਾਰੇ ਦੱਸਦਿਆਂ ਨਵਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਨ ਤੋਂ ਰੋਕਿਆ ਗਿਆ। ਇਸ ਸਭ ਲਈ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਸ੍ਰੀ ਅਨਿਲ ਜੋਸ਼ੀ ਤੇ ਹੋਰ ਭਾਜਪਾ ਆਗੂ ਜ਼ਿੰਮੇਵਾਰ ਹਨ। ਡਾ. ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਵਿਚ ਸ਼ਾਮਲ ਸਮੂਹ ਭਾਜਪਾ ਮੰਤਰੀਆਂ, ਅਹੁਦੇਦਾਰਾਂ ਨੇ ਅਕਾਲੀਆਂ ਅੱਗੇ ਗੋਡੇ ਟੇਕ ਦਿੱਤੇ ਹਨ। ਭਾਜਪਾ ਆਗੂਆਂ ਨੂੰ ਸਿਰਫ ਅਕਾਲੀਆਂ ਦੀ ਹਾਂ ਵਿਚ ਹਾਂ ਮਿਲਾਉਣ ਵਾਲੇ ਲੋਕਾਂ ਦੀ ਹੀ ਲੋੜ ਹੈ। ਉਨ੍ਹਾਂ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੂੰ ਵੀ ਆਪਣੇ ਅਸਤੀਫ਼ੇ ਲਈ ਸਭ ਤੋਂ ਵੱਧ ਜ਼ਿੰਮੇਵਾਰ ਦੱਸਿਆ ਤੇ ਕਿਹਾ ਕਿ ਉਹ ਭਾਜਪਾ ਵਰਕਰਾਂ ਦੀ ਜਗ੍ਹਾ ਅਕਾਲੀਆਂ ਦੀ ਮੰਨਦੇ ਸਨ ਅਤੇ ਉਨ੍ਹਾਂ ਨੇ ਆਪਣੀ ਪ੍ਰਧਾਨਗੀ ਦੌਰਾਨ ਕਈ ਗਲਤ ਵਿਅਕਤੀ ਪਾਰਟੀ ਵਿਚ ਉਚ ਅਹੁਦਿਆਂ ‘ਤੇ ਬਿਠਾਏ। ਡਾ. ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨਵਜੋਤ ਸਿੱਧੂ ਨੂੰ ਵੀ ਪੰਜਾਬ ਖਾਸਕਰ ਅੰਮ੍ਰਿਤਸਰ ਤੋਂ ਦੂਰ ਕਰਨ ਵਿਚ ਉਕਤ ਆਗੂਆਂ ਅਤੇ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਅਹਿਮ ਰੋਲ ਨਿਭਾਇਆ ਹੈ। ਇਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਕੋਲ ਜਾ ਸਿੱਧੂ ਨੂੰ ਪੰਜਾਬ ਤੋਂ ਬਾਹਰ ਭੇਜਣ ਦੀ ਵਕਾਲਤ ਕੀਤੀ ਸੀ। ਅਕਾਲੀ ਦਲ ਸ਼ਹਿਰੀ ਅੰਮ੍ਰਿਤਸਰ ਦੇ ਸਾਬਕਾ ਪ੍ਰਧਾਨ ਸ. ਉਪਕਾਰ ਸਿੰਘ ਵੱਲੋਂ ਉਨ੍ਹਾਂ ਖਿਲਾਫ਼ ਕੀਤੀ ਜਾਂਦੀ ਬਿਆਨਬਾਜ਼ੀ ਬਾਰੇ ਉਨ੍ਹਾਂ ਕਿਹਾ ਕਿ ਸੰਧੂ ਨੇ ਉਨ੍ਹਾਂ ਕੋਲ ਮੰਨਿਆ ਸੀ ਕਿ ਉਨ੍ਹਾਂ ਖਿਲਾਫ਼ ਬਿਆਨਬਾਜ਼ੀ ਕਰਨ ਲਈ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਦੇਸ਼ ਦਿੱਤੇ ਸਨ।
ਡਾ. ਸਿੱਧੂ ਨੂੰ ਜਦੋਂ ਪੁੱਛਿਆ ਕਿ ਭਾਜਪਾ ਦੀ ਮੈਂਬਰਸ਼ਿੱਪ ਤੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਹੀਂ ਦਿੱਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਵਿਕਾਸ ਕਾਰਜਾਂ ਲਈ ਸਰਕਾਰ ਨੇ ਫੰਡ ਜਾਰੀ ਕੀਤੇ ਹਨ ਤੇ ਉਨ੍ਹਾਂ ਪੈਸਿਆਂ ਦੀ ਦੁਰਵਰਤੋਂ ਹੋਣ ਤੋਂ ਰੋਕਣ ਤੇ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ, ਜ਼ਿਮਨੀ ਚੋਣਾਂ ਸੰਭਵ ਨਾ ਹੋਣ ਕਾਰਨ ਉਨ੍ਹਾਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ। ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋਣ ‘ਤੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਭਾਜਪਾ ਦਾ ਹਿੱਸਾ ਸਨ ਤਾਂ ਕਿਸੇ ਹੋਰ ਪਾਰਟੀ ਦੇ ਆਗੂਆਂ ਨੂੰ ਨਹੀਂ ਮਿਲੇ ਅਤੇ ਅਜੇ ਵੀ ਉਹ ਕਿਸੇ ਹੋਰ ਪਾਰਟੀ ਦੇ ਸੰਪਰਕ ਵਿਚ ਨਹੀਂ ਆਏ। ਉਨ੍ਹਾਂ ਅਜੇ ਕਿਸੇ ਹੋਰ ਪਾਰਟੀ ਵਿਚ ਜਾਣ ਦਾ ਮਨ ਨਹੀਂ ਬਣਾਇਆ ਹੈ ਅਤੇ ਆਉਂਦੇ ਦਿਨਾਂ ਵਿਚ ਉਹ ਇਸ ਬਾਰੇ ਕੋਈ ਫੈਸਲਾ ਲੈਣਗੇ। ਅਵਾਜ਼-ਏ-ਪੰਜਾਬ ਬਾਰੇ ਉਨ੍ਹਾਂ ਕਿਹਾ ਕਿ ਇਹ ਗੁੱਟ ਉਨ੍ਹਾਂ ਗੁੱਟਾਂ ਦਾ ਇੱਕ ਹਿੱਸਾ ਹੈ ਜਿਹੜੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਦੇ ਖਿਲਾਫ਼ ਹਨ।
ਹੁਣ ਇਹ ਦੇਖਣਾ ਹਾਲੇ ਬਾਕੀ ਹੈ ਕਿ ਸਿੱਧੂ ਜੋੜੀ ਦੀ ਸੁਰ ਕਾਂਗਰਸ ਨਾਲ ਮਿਲਦੀ ਹੈ ਜਾਂ ‘ਆਵਾਜ਼-ਏ- ਪੰਜਾਬ’ ਨਾਂਅ ਦਾ ਨਵਾਂ ਮੋਰਚਾ ਖੜ੍ਹਾ ਕਰਕੇ ਕੋਈ ਵੱਖਰਾ ਰਸਤਾ ਅਖਤਿਆਰ ਕਰਦੇ ਹਨ। ਸਿੱਧੂ-ਜੋੜੀ ਦੀ ਕਈ ਹਫ਼ਤੇ ਤੱਕ ਇਹ ਭਰਪੂਰ ਕੋਸ਼ਿਸ਼ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਸਲਾਹ ਮਸ਼ਵਰਾ ਕਰਕੇ ਪੰਜਾਬ ਵਿਚ ‘ਆਪ’ ਦੀ ਕਮਾਂਡ ਸੰਭਾਲਣ, ਪਰ ਇਹ ਕੋਸ਼ਿਸ਼ ਉਨ੍ਹਾਂ ਦੀ ਸਿਰੇ ਨਾ ਲੱਗ ਸਕੀ। ਇਕ ਗੱਲ ਸਪਸ਼ਟ ਦਿਖਾਈ ਦੇ ਰਹੀ ਹੈ ਕਿ ਸਿੱਧੂ ਜੋੜੀ ਸਿਆਸੀ ਤੌਰ ‘ਤੇ ਕਿਸੇ ਇਕ ਪਾਰਟੀ ਨਾਲ ਹੀ ਸਬੰਧਤ ਰਹਿਣਗੇ। ਇਨ੍ਹਾਂ ਵਿਚੋਂ ਕੇਵਲ ਕਾਂਗਰਸ ਵੱਲ ਹੀ ਇਸ਼ਾਰਾ ਕੀਤਾ ਜਾ ਸਕਦਾ ਹੈ ਪਰ ਕਦੇ-ਕਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਵੱਲ ਅੱਖਾਂ ਫੇਰ ਲੈਂਦੇ ਹਨ। ਨੇੜਲੇ ਭਵਿੱਖ ਵਿਚ ਸਿੱਧੂ ਜੋੜੀ ਦੀ ਸਿਆਸੀ ਲਾਈਨ ਸਪਸ਼ਟ ਹੋਣ ਦੀ ਸੰਭਾਵਨਾ ਹੈ।