ਰਿਟਰੀਟ ਰਸਮ ਵੇਲੇ ਪਾਕਿਸਤਾਨੀਆਂ ਨੇ ਭਾਰਤੀ ਗੈਲਰੀ ਵੱਲ ਸੁੱਟਿਆ ਪੱਥਰ

ਰਿਟਰੀਟ ਰਸਮ ਵੇਲੇ ਪਾਕਿਸਤਾਨੀਆਂ ਨੇ ਭਾਰਤੀ ਗੈਲਰੀ ਵੱਲ ਸੁੱਟਿਆ ਪੱਥਰ

ਅੰਮ੍ਰਿਤਸਰ/ਅਟਾਰੀ/ਬਿਊਰੋ ਨਿਊਜ਼ :
ਅਟਾਰੀ ਸਰਹੱਦ ‘ਤੇ ਝੰਡਾ ਉਤਾਰਨ ਦੀ ਰਸਮ ਵੇਲੇ ਪਾਕਿਸਤਾਨੀ ਦਰਸ਼ਕ ਗੈਲਰੀ ਵਿਚੋਂ ਕਿਸੇ ਵੱਲੋਂ ਭਾਰਤੀ ਪਾਸੇ ਵੱਲ ਪੱਥਰ ਸੁੱਟਿਆ ਅਤੇ ਭਾਰਤ ਵਿਰੋਧੀ ਨਾਅਰੇ ਵੀ ਲਾਏ ਗਏ।
ਸਰਹੱਦ ‘ਤੇ ਤਣਾਅ ਕਾਰਨ ਲੋਕਾਂ ਨੂੰ ਵੀਰਵਾਰ ਨੂੰ ਹੀ ਰੀਟਰੀਟ ਰਸਮ ਦੇਖਣ ਜਾਣ ਤੋਂ ਰੋਕ ਦਿੱਤਾ ਗਿਆ ਸੀ ਅਤੇ ਐਤਵਾਰ ਸ਼ਾਮ ਹੀ ਲੋਕਾਂ ਨੂੰ ਇਹ ਰਸਮ ਦੇਖਣ ਦੀ ਮੁੜ ਆਗਿਆ ਦਿੱਤੀ ਗਈ। ਜਦੋਂ ਇਹ ਰਸਮ ਸ਼ੁਰੂ ਹੋਣ ਵਾਲੀ ਸੀ ਤਾਂ ਪਾਕਿਸਤਾਨ ਵਾਲੇ ਪਾਸਿਉਂ ਕਿਸੇ ਵਿਅਕਤੀ ਨੇ ਭਾਰਤੀ ਪਾਸੇ ਪੱਥਰ ਸੁੱਟਿਆ, ਜੋ ਡਿੱਗਣ ਮਗਰੋਂ ਟੁੱਟ ਗਿਆ। ਇਸ ਦੌਰਾਨ ਪਾਕਿਸਤਾਨੀ ਦਰਸ਼ਕਾਂ ਵਿਚੋਂ ਕੁੱਝ ਵੱਲੋਂ ਭਾਰਤ ਵਿਰੋਧੀ ਨਾਅਰੇ ਵੀ ਲਾਏ ਗਏ। ਨਾਅਰਿਆਂ ਦੌਰਾਨ ‘ਕਸ਼ਮੀਰ ਬਣੇਗਾ ਪਾਕਿਸਤਾਨ’ ਆਖਿਆ ਗਿਆ। ਇਸ ਘਟਨਾ ਦੀ ਪੁਸ਼ਟੀ ਬੀਐਸਐਫ ਦੇ ਉੱਚ ਪੱਧਰੀ ਅਧਿਕਾਰੀ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਤੁਰੰਤ ਬਾਅਦ ਡਿਪਟੀ ਕਮਾਡੈਂਟ ਪੱਧਰ ਦੇ ਅਧਿਕਾਰੀ ਦੀ ਫਲੈਗ ਮੀਟਿੰਗ ਵਿੱਚ ਇਸ ਘਟਨਾ ਦੀ ਸ਼ਿਕਾਇਤ ਕੀਤੀ ਹੈ ਅਤੇ ਸਖ਼ਤ  ਕਾਰਵਾਈ ਲਈ ਆਖਿਆ ਹੈ। ਇਸ ਦੇ ਜਵਾਬ ਵਿੱਚ ਪਾਕਿ ਰੇਂਜਰ ਦੇ ਅਧਿਕਾਰੀ ਨੇ ਵੀ ਆਖਿਆ ਹੈ ਕਿ ਉਹ ਪੱਥਰ ਮਾਰਨ ਵਾਲੇ ਵਿਅਕਤੀ ਦੀ ਸ਼ਨਾਖਤ ਕਰਵਾ ਕੇ ਉਸ ਖ਼ਿਲਾਫ਼ ਕਾਰਵਾਈ ਕਰਨਗੇ। ਇਹ ਰਸਮ ਵੇਲੇ ਬੀਐਸਐਫ ਅਤੇ ਪਾਕਿ ਰੇਂਜਰ ਦੇ ਜਵਾਨਾਂ ਵੱਲੋਂ ਇਕ ਦੂਜੇ ਦੇ ਖ਼ਿਲਾਫ਼ ਭੜਕਾਉ ਤੇ ਉਤੇਜਿਤ ਕਰਨ ਵਾਲੇ ਇਸ਼ਾਰੇ ਤੇ ਅੰਦਾਜ਼ ਵਰਤੇ ਜਾਂਦੇ ਹਨ। ਇਸ ਤੋਂ ਪਹਿਲਾਂ ਇਕ ਵਾਰ ਅਜਿਹੀ ਇਕ ਘਟਨਾ ਸਮੇਂ ਦੋਵੇਂ ਪਾਸੇ ਪਰੇਡ ਕਰਦੇ ਜਵਾਨਾਂ ਵਿਚ ਧੱਕਾਮੁੱਕੀ ਵੀ ਹੋ ਚੁੱਕੀ ਹੈ। ਇਸ ਮਗਰੋਂ ਦੋਵਾਂ ਪਾਸੇ ਦੇ ਜਵਾਨਾਂ ਨੇ ਰਾਈਫਲਾਂ ਤਾਣ ਲਈਆਂ ਸਨ।