ਪੁਲੀਸ ਭਰਤੀ ਲਈ ਸਾਢੇ ਪੰਜ ਲੱਖ ਬਿਨੈਕਾਰਾਂ ਵਿਚੋਂ ਡੇਢ ਲੱਖ ਡੋਪ ਟੈਸਟ ਲਈ ਨਾ ਪੁੱਜੇ

ਪੁਲੀਸ ਭਰਤੀ ਲਈ ਸਾਢੇ ਪੰਜ ਲੱਖ ਬਿਨੈਕਾਰਾਂ ਵਿਚੋਂ ਡੇਢ ਲੱਖ ਡੋਪ ਟੈਸਟ ਲਈ ਨਾ ਪੁੱਜੇ

ਫ਼ਰੀਦਕੋਟ/ਬਿਊਰੋ ਨਿਊਜ਼ :
ਪੰਜਾਬ ਪੁਲੀਸ ਵਿੱਚ ਸਿਪਾਹੀਆਂ ਦੀ ਭਰਤੀ ਲਈ ਬਿਨੈ ਕਰਨ ਵਾਲੇ ਕੁੱਲ 5.24 ਲੱਖ ਬਿਨੈਕਾਰਾਂ ਵਿਚੋਂ 1.48 ਲੱਖ ਡੋਪ ਟੈਸਟ ਲਈ ਨਹੀਂ ਪੁੱਜੇ। ਭਰਤੀ ਲਈ ਕੁੱਲ 5,24,637 ਉਮੀਦਵਾਰਾਂ ਨੇ ਬਿਨੈ ਕੀਤਾ ਸੀ। ਇਨ੍ਹਾਂ ਵਿਚੋਂ 29 ਫੀਸਦੀ ਡੋਪ ਟੈਸਟ ਲਈ ਨਹੀਂ ਆਏ।
ਸਿਹਤ ਵਿਭਾਗ ਵੱਲੋਂ ਤਿਆਰ ਕੀਤੀ ਡੋਪ ਟੈਸਟ ਰਿਪੋਰਟ ਰਾਜ ਵਿੱਚ ਨਸ਼ਿਆਂ ਦੀ ਸਮੱਸਿਆ ਸਬੰਧੀ ਅਸਲ ਤਸਵੀਰ ਪੇਸ਼ ਕਰਨ ਵਿੱਚ ਨਾਕਾਮ ਰਹੀ। ਭਰਤੀ ਲਈ ਪੁੱਜੇ ਪੁਰਸ਼ ਉਮੀਦਵਾਰਾਂ ਦਾ ਡੋਪ ਟੈਸਟ ਲੈਣ ਤੋਂ ਬਾਅਦ ਸਿਹਤ ਵਿਭਾਗ ਨੇ 6462 ਉਮੀਦਵਾਰਾਂ ਨੂੰ ਨਸ਼ਿਆਂ ਦੇ ਛੇ ਵਰਗਾਂ ਵਿਚੋਂ ਕਿਸੇ ਇਕ ਵਿੱਚ ਨਾਕਾਮ ਰਹਿਣ ਦਾ ਦੋਸ਼ੀ ਪਾਇਆ। ਪੁਲੀਸ ਭਰਤੀ ਸੈੱਲ ਨੇ 5,24,637 ਉਮੀਦਵਾਰਾਂ ਨੂੰ ਡੋਪ ਟੈਸਟ ਲਈ ਦਾਖ਼ਲਾ ਕਾਰਡ ਜਾਰੀ ਕੀਤੇ ਸਨ ਪਰ ਰਾਜ ਦੇ ਸਾਰੇ 27 ਕੇਂਦਰਾਂ ਉਤੇ 3,76,355 ਉਮੀਦਵਾਰ ਹੀ ਇਸ ਟੈਸਟ ਲਈ ਪੁੱਜੇ। ਇਨ੍ਹਾਂ ਉਮੀਦਵਾਰਾਂ ਵਿਚੋਂ ਵੀ 276 ਨੇ ਪਰਖ ਲਈ ਆਪਣਾ ਪਿਸ਼ਾਬ ਦਾ ਨਮੂਨਾ ਦੇਣ ਤੋਂ ਇਨਕਾਰ ਕੀਤਾ। ਡੋਪ ਟੈਸਟ ਲਈ ਉਮੀਦਵਾਰਾਂ ਨੂੰ ਆਪਣੇ ਪਿਸ਼ਾਬ ਦਾ ਨਮੂਨਾ ਦੇਣਾ ਹੁੰਦਾ ਹੈ। ਇਸ ਵਿੱਚ ਪਾਸ ਹੋਣ ਤੋਂ ਬਾਅਦ ਹੀ ਉਮੀਦਵਾਰਾਂ ਨੂੰ ਸਰੀਰਕ ਮਿਣਤੀ ਲਈ ਭੇਜਿਆ ਜਾਂਦਾ ਹੈ। ਇਸ ਮਗਰੋਂ ਉਮੀਦਵਾਰਾਂ ਨੂੰ ਲੰਮੀ ਛਾਲ, ਉੱਚੀ ਛਾਲ ਤੇ ਦੌੜ ਲਈ ਭੇਜਿਆ ਜਾਂਦਾ ਹੈ। ਡੋਪ ਟੈਸਟ ਵਿੱਚ ਨਾਕਾਮ ਹੋਏ 6462 ਉਮੀਦਵਾਰਾਂ ਵਿਚੋਂ 284 ਹੋਰ ਸੂਬਿਆਂ ਨਾਲ ਸਬੰਧਿਤ ਹਨ।
ਸੂਤਰਾਂ ਮੁਤਾਬਕ ਟੈਸਟ ਲਈ ਨਾ ਪੁੱਜਣ ਅਤੇ ਫੇਲ੍ਹ ਹੋਣ ਵਾਲਿਆਂ ਵਿਚੋਂ 27 ਹਜ਼ਾਰ ਉਮੀਦਵਾਰਾਂ ਨੂੰ ਪੁਲੀਸ ਨੇ 24 ਤੋਂ 26 ਸਤੰਬਰ ਤੱਕ ਟੈਸਟ ਲਈ ਮੁੜ ਸੱਦਿਆ ਪਰ ਇਸ ਵਿਚੋਂ ਸਿਰਫ਼ 494 ਉਮੀਦਵਾਰ ਪੁੱਜੇ ਅਤੇ ਛੇ ਫਿਰ ਨਾਕਾਮ ਰਹੇ। ਬਹੁ ਗਿਣਤੀ ਉਮੀਦਵਾਰਾਂ ਦੇ ਨਾ ਪੁੱਜਣ ਦਾ ਕਾਰਨ ਉਨ੍ਹਾਂ ਦਾ ਡੋਪ ਟੈਸਟ ਵਿੱਚ ਨਾਕਾਮ ਰਹਿਣ ਅਤੇ ਉਨ੍ਹਾਂ ਦੀ ਨਸ਼ਿਆਂ ਦੀ ਲੱਤ ਬਾਰੇ ਲੋਕਾਂ ਨੂੰ ਪਤਾ ਲੱਗਣ ਦਾ ਡਰ ਹੋ ਸਕਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਬਹੁ ਗਿਣਤੀ ਨੌਜਵਾਨਾਂ ਦਾ ਡੋਪ ਟੈਸਟ ਵਿੱਚ ਸ਼ਾਮਲ ਨਾ ਹੋਣਾ ਨਸ਼ਿਆਂ ਦੀ ਸਮੱਸਿਆ ਦੇ ਗੰਭੀਰ ਹੋਣ ਵਾਲਾ ਤੱਥ ਹੈ। ਡੋਪ ਟੈਸਟ ਵਿੱਚ ਸ਼ਾਮਲ ਹੋਏ 3,76,355 ਉਮੀਦਵਾਰਾਂ ਦੇ ਰਿਕਾਰਡ ਤੋਂ ਖੁਲਾਸਾ ਹੋਇਆ ਕਿ ਰਾਜ ਦੇ 1.72 ਫੀਸਦੀ ਨੌਜਵਾਨ ਨਸ਼ਿਆਂ ਦੇ ਸ਼ਿਕਾਰ ਹਨ। ਸੰਯੁਕਤ ਰਾਸ਼ਟਰ ਦੀ ਇਕ ਖੋਜ ਅਨੁਸਾਰ ਵਿਸ਼ਵ ਭਰ ਦੇ 0.2 ਫੀਸਦੀ ਲੋਕ ਨਸ਼ਿਆਂ ਦੇ ਆਦੀ ਹਨ, ਜਦੋਂ ਕਿ ਭਾਰਤ ਵਿੱਚ ਇਹ ਔਸਤ 0.7 ਫੀਸਦ ਹੈ।