ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਦੇ ਪਿਤਾ ਜਸਬੀਰ ਸਿੰਘ ਸਿਰਸਾ ਨੂੰ ਧੋਖ਼ਾਧੜੀ ਮਾਮਲੇ ਵਿਚ ਦੋ ਸਾਲ ਦੀ ਕੈਦ

ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਦੇ ਪਿਤਾ ਜਸਬੀਰ ਸਿੰਘ ਸਿਰਸਾ ਨੂੰ ਧੋਖ਼ਾਧੜੀ ਮਾਮਲੇ ਵਿਚ ਦੋ ਸਾਲ ਦੀ ਕੈਦ

ਚੰਡੀਗੜ੍ਹ/ਬਿਊਰੋ ਨਿਊਜ਼ :
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਦੇ ਪਿਤਾ ਜਸਬੀਰ ਸਿੰਘ ਸਿਰਸਾ ਤੇ ਐਡਵੋਕੇਟ ਰਾਕੇਸ਼ ਨੂੰ ਸਥਾਨਕ ਅਦਾਲਤ ਨੇ ਕੀਨੀਆ ਦੇ ਆਜ਼ਾਦੀ ਘੁਲਾਟੀਏ ਮੱਖਣ ਸਿੰਘ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਦੀ ਪਾਵਰ ਆਫ਼ ਅਟਾਰਨੀ ਸਬੰਧੀ ਧੋਖਾਧੜੀ ਦੇ ਦੋਸ਼ ਹੇਠ ਦੋ ਸਾਲ ਕੈਦ ਅਤੇ ਦਸ ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਸਬੰਧੀ ਦਿੱਲੀ ਤੇ ਚੰਡੀਗੜ੍ਹ ਪੁਲੀਸ ਵੱਲੋਂ ਢੁੱਕਵੀਂ ਕਾਰਵਾਈ ਨਾ ਕਰਨ ‘ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਕੇਸ ਦਰਜ ਕੀਤਾ ਗਿਆ ਸੀ। ਕੇਸ ਸਬੰਧੀ ਜਾਇਦਾਦ ਦਿੱਲੀ ਦੇ ਪੰਜਾਬੀ ਬਾਗ਼ ਵਿੱਚ ਹੈ ਤੇ ਜਨਰਲ ਪਾਵਰ ਆਫ਼ ਅਟਾਰਨੀ ਸਬੰਧੀ ਪਤਾ ਸੈਕਟਰ ਗਿਆਰਾਂ ਦਾ ਦਿੱਤਾ ਗਿਆ ਸੀ।  ਇਸਤਗਾਸਾ ਮੁਤਾਬਕ ਇਹ ਜਾਇਦਾਦ ਸੁਧ ਸਿੰਘ ਦੀ ਸੀ ਤੇ ਉਸ ਨੇ ਇਸ ਨੂੰ ਕੀਨੀਆ ਵਾਸੀ ਆਪਣੇ ਪੁੱਤਰ ਮੱਖਣ ਸਿੰਘ ਤੇ ਰਿਸ਼ਤੇਦਾਰ ਤਾਰਾ ਸਿੰਘ ਦੇ ਨਾਮ ਤਬਦੀਲ ਕੀਤਾ ਸੀ। ਮੱਖਣ ਸਿੰਘ ਨੂੰ ਕੀਨੀਆ ਦਾ ਨੈਲਸਨ ਮੰਡੇਲਾ ਕਿਹਾ ਜਾਂਦਾ ਸੀ ਤੇ ਉਨ੍ਹਾਂ ਦਾ 1973 ਵਿੱਚ ਦੇਹਾਂਤ ਹੋ ਗਿਆ ਸੀ।  ਜਸਬੀਰ ਨੇ ਸੈਕਟਰ 11 ਦੇ ਪਤੇ ‘ਤੇ 19 ਜੁਲਾਈ 1994 ਨੂੰ ਮੱਖਣ ਸਿੰਘ ਤੇ ਤਾਰਾ ਸਿੰਘ ਦੇ ਨਾਮ ‘ਤੇ ਜਾਅਲੀ ਜਨਰਲ ਪਾਵਰ ਆਫ਼ ਅਟਾਰਨੀ ਬਣਾ ਲਈ ਸੀ, ਹਾਲਾਂਕਿ ਇਸ ਪਤੇ ‘ਤੇ ਜਾਇਦਾਦ ਦੇ ਮਾਲਕ ਕਦੇ ਰਹੇ ਹੀ ਨਹੀਂ ਸਨ। ਰਜਿਸਟਰੀ ਦੋ ਦਿਨ ਬਾਅਦ 21 ਜੁਲਾਈ 1994 ਨੂੰ ਕਰਵਾਈ ਗਈ ਸੀ।