ਸਰਜੀਕਲ ਸਟਰਾਈਕ ਨੂੰ ਕੈਸ਼ ਕਰੇਗੀ ਭਾਜਪਾ

ਸਰਜੀਕਲ ਸਟਰਾਈਕ ਨੂੰ ਕੈਸ਼ ਕਰੇਗੀ ਭਾਜਪਾ

ਮੋਦੀ ਸਰਕਾਰ ਦੀਆਂ ਸਕੀਮਾਂ ਤੋਂ ਜਾਣੂ ਕਰਵਾਉਣ ਲਈ ਕੱਢੀ ਜਾਵੇਗੀ ਰੱਥ ਯਾਤਰਾ
ਚੰਡੀਗੜ੍ਹ/ਬਿਊਰੋ ਨਿਊਜ਼ :
ਭਾਰਤੀ ਜਨਤਾ ਪਾਰਟੀ ਨੇ ਆਪਣੇ ਕਾਡਰ ਨੂੰ ਸਰਜੀਕਲ ਸਟਰਾਈਕ ਨੂੰ ਸਰਕਾਰ ਦੇ ਪੱਖ ਵਿਚ ਜ਼ਿਆਦਾ ਤੋਂ ਜ਼ਿਆਦਾ ਕੈਸ਼ ਕਰਨ ਲਈ ਕਿਹਾ ਹੈ। ਇੱਥੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਹੋਈ ਮੀਟਿੰਗ ਦੌਰਾਨ ਭਾਜਪਾ ਲੀਡਰਸ਼ਿਪ ਨੇ ਕਿਹਾ ਕਿ ਪਾਰਟੀ ਕੋਲ ਉਨ੍ਹਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਇਹ ਵੱਡਾ ਮੌਕਾ ਹੈ, ਜੋ ਉੜੀ ਹਮਲੇ ਮਗਰੋਂ ਮੋਦੀ ਸਰਕਾਰ ਦੀ ਕਾਰਜ-ਕੁਸ਼ਲਤਾ ‘ਤੇ ਸਵਾਲ ਉਠਾ ਰਹੇ ਸਨ। ਇਹ ਵੀ ਕਿਹਾ ਗਿਆ ਕਿ ਉਹ ਲੋਕਾਂ ਵਿਚ ਜਾ ਕੇ ਇਸ ਗੱਲ ਨੂੰ ਪ੍ਰਚਾਰਤ ਕਰਨ ਕਿ ਅਜਿਹਾ ਮੋਦੀ ਸਰਕਾਰ ਹੀ ਕਰ ਸਕਦੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਦੂਸਰੇ ਦੇਸ਼ਾਂ ਨਾਲ ਸਬੰਧਾਂ ਨੂੰ ਸੁਧਾਰ ਕੇ ਵਿਸ਼ਵ ਭਾਈਚਾਰੇ ਵਿਚ ਵੀ ਪਾਕਿਸਤਾਨ ਨੂੰ ਅਲੱਗ-ਥਲੱਗ ਕਰ ਦਿੱਤਾ ਹੈ।
ਪਾਰਟੀ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਕਿਹਾ, ”ਅੱਜ ਜ਼ਿਆਦਾਤਰ ਦੇਸ਼ ਭਾਰਤ ਦੇ ਨਾਲ ਖੜ੍ਹੇ ਹਨ। ਚੀਨ ਵਰਗੇ ਪਾਕਿਸਤਾਨ ਦੇ ਮਿਤਰ ਦੇਸ਼ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ ਹੈ। ਸੂਬਾ ਕਾਰਜਕਾਰੀਨੀ ਦੀ ਮੀਟਿੰਗ ਵਿਚ ਇਸ ਗੱਲ ‘ਤੇ ਵੀ ਵਿਚਾਰ ਕੀਤਾ ਗਿਆ ਕਿ ਇਕ ਵਾਰ ਫਿਰ ਤੋਂ ਮਾਹੌਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖ ਵਿਚ ਹੈ। ਕਿਉਂਕਿ 2017 ਦੇ ਸ਼ੁਰੂ ਵਿਚ ਹੀ ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਹਨ, ਅਜਿਹੇ ਵਿਚ ਪਾਰਟੀ ਨੂੰ ਇਕ ਰੱਥ ਯਾਤਰਾ ਕੱਢਣੀ ਚਾਹੀਦੀ ਹੈ ਤਾਂ ਪੂਰੇ ਸੂਬੇ ਦੀਆਂ ਸਾਰੀਆਂ 117 ਸੀਟਾਂ ‘ਤੇ ਜਾਏ। ਇਸ ਯੋਜਨਾ ਨੂੰ ਪਾਰਟੀ ਕਾਡਰ ਨੇ ਮਨਜ਼ੂਰ ਕਰ ਲਿਆ ਹੈ। ਇਸ ਲਈ ਜਲਦੀ ਹੀ ਤਰੀਕ ਅਤੇ ਸਥਾਨ ਤੈਅ ਕਰਨ ਦੀ ਜ਼ਿੰਮੇਵਾਰੀ ਸਟੇਟ ਲੀਡਰਸ਼ਿਪ ਨੂੰ ਸੌਂਪ ਦਿੱਤੀ ਗਈ ਹੈ। ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਇਸ ਰੱਥ ਯਾਤਰਾ ਦੌਰਾਨ ਮੋਦੀ ਸਰਕਾਰ ਦੀਆਂ ਸਾਰੀਆਂ 52 ਯੋਜਨਾਵਾਂ ਨੂੰ ਲੋਕਾਂ ਵਿਚਾਲੇ ਲਿਆਂਦਾ ਜਾਵੇਗਾ। ਇਸ ਵਿਚ ਜਨ ਧਨ ਯੋਜਨਾ, ਫਸਲੀ ਬੀਮਾ ਯੋਜਨਾ, ਗੈਸ ਸਬਸਿਡੀ ਛੁਡਾ ਕੇ ਗ਼ਰੀਬਾਂ ਨੂੰ ਰਾਹਤ ਪਹੁੰਚਾਉਣ ਵਰਗੀਆਂ ਯੋਜਨਾਵਾਂ ਸ਼ਾਮਲ ਹਨ।
ਕੈਪਟਨ ਬੋਲੇ-ਚੋਣ ਲਾਹਾ ਲੈਣ ਲਈ ਪ੍ਰਚਾਰਿਆ :
ਬੁਢਲਾਡਾ : ਕਾਂਗਰਸ ਦੇ ਸੂਬਾਈ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਵਸੇ ਲੋਕਾਂ ਨੂੰ ਕੇਂਦਰ ਸਰਕਾਰ ਜੰਗ ਦੇ ਨਾਂ ‘ਤੇ ਡਰਾ ਰਹੀ ਹੈ। ਪੰਜਾਬ ਅਤੇ ਯੂ.ਪੀ. ਵਿਚ ਵਿਧਾਨ ਸਭਾ ਚੋਣਾਂ ਵਿਚ ਲਾਹਾ ਲੈਣ ਲਈ ਮੋਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਬਲੀ ਦਾ ਬਕਰਾ ਬਣਾ ਰਹੀ ਹੈ। ਭਾਰਤ-ਪਾਕਿਸਤਾਨ ਵਿਚਾਲੇ ਜੰਗ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਪਰ ਅਸਲ ਵਿਚ ਅਜਿਹਾ ਕੁਝ ਵੀ ਨਹੀਂ ਹੈ। ਕੈਪਟਨ ਨੇ ‘ਹਲਕੇ ਵਿਚ ਕੈਪਟਨ’ ਦੌਰਾਨ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ, ‘ਲੋਕ ਘਰ-ਬਾਰ ਛੱਡ ਕੇ ਨਾ ਜਾਣ। ਮੈਂ ਜਲਦੀ ਹੀ ਤੁਹਾਡੇ ਨਾਲ ਰਹਿਣ ਆ ਰਿਹਾ ਹਾਂ। ਸੰਕਟ ਆਉਣ ‘ਤੇ ਬਹਾਦੁਰ ਪੰਜਾਬੀ ਜਾਨ ਬਚਾ ਕੇ ਭੱਜਣ ਦੀ ਬਜਾਏ ਆਪਣੇ ਫ਼ੌਜੀ ਜਵਾਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਦੁਸ਼ਮਣ ਨਾਲ ਲੋਹਾ ਲੈਣਾ ਪਸੰਦ ਕਰਦੇ ਹਨ।”

ਛੋਟੇਪੁਰ ਨੇ ਕਿਹਾ- ਵੋਟਾਂ ਲਈ ਹੋ ਰਿਹਾ ਸਭ :
ਗੁਰਦਾਸਪੁਰ : ਆਪਣਾ ਪੰਜਾਬ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਸਰਹੱਦੀ ਇਲਾਕਿਆਂ ਦੇ ਦੌਰੇ ਦੌਰਾਨ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹ ਸਭ ਵੋਟਾਂ ਲਈ ਕਰ ਰਹੇ ਹਨ। ਹੋਣਾ ਤਾਂ ਇਹ ਚਾਹੀਦਾ ਹੈ ਕਿ ਹਿਜਰਤ ਲਈ ਮਜਬੂਰ ਕਰਨ ਦੀ ਬਜਾਏ ਫ਼ਸਲ ਦੀ ਖ਼ਰੀਦ ਕਰਕੇ 24 ਘੰਟੇ ਵਿਚ ਕਿਸਾਨਾਂ ਨੂੰ ਭੁਗਤਾਨ ਕਰਨ।