ਸਰਹੱਦੀ ਲੋਕਾਂ ਨੂੰ ਠਹਿਰਾਉਣ ਵਾਸਤੇ ਪੈਲੇਸ ਖਾਲੀ ਕਰਵਾਏ

ਸਰਹੱਦੀ ਲੋਕਾਂ ਨੂੰ ਠਹਿਰਾਉਣ ਵਾਸਤੇ ਪੈਲੇਸ ਖਾਲੀ ਕਰਵਾਏ

ਪਠਾਨਕੋਟ/ਬਿਊਰੋ ਨਿਊਜ਼ :
ਸਰਕਾਰੀ ਆਦੇਸ਼ਾਂ ਮਗਰੋਂ ਹਾਈ ਅਲਰਟ ਦੇ ਚਲਦਿਆਂ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਬਮਿਆਲ ਦੇ ਸਰਹੱਦੀ ਖੇਤਰ ਅੰਦਰ ਪੈਂਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਮਝਾਉਣ ਉਪਰੰਤ ਲੋਕਾਂ ਨੇ ਸੁਰੱਖਿਅਤ ਸਥਾਨਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਖਾਸ ਤੌਰ ‘ਤੇ ਔਰਤਾਂ ਅਤੇ ਬੱਚੇ ਸੁਰੱਖਿਅਤ ਸਥਾਨਾਂ ‘ਤੇ ਚਲੇ ਗਏ ਹਨ, ਜਦੋਂਕਿ ਪੁਰਸ਼ ਮੈਂਬਰ ਘਰਾਂ ਵਿੱਚ ਬਾਕੀ ਕੰਮਕਾਰ ਕਰਨ ਅਤੇ ਡੰਗਰਾਂ ਦੀ ਦੇਖਭਾਲ ਤੇ ਰਾਖੀ ਲਈ ਪਿੱਛੇ ਰਹਿ ਗਏ ਹਨ। ਸਿਵਲ ਹਸਪਤਾਲ ਪਠਾਨਕੋਟ ਦੇ ਐਮਰਜੈਂਸੀ ਵਾਰਡ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ ਸਰਹੱਦੀ ਖੇਤਰ ਵਿੱਚ ਪੈਂਦੇ 85 ਪਿੰਡਾਂ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਆਦੇਸ਼ ਦੇ ਦਿੱਤੇ ਹਨ। ਦੁਪਹਿਰ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਅਧਿਕਾਰੀਆਂ ਨੂੰ ਨਰੋਟ ਜੈਮਲ ਸਿੰਘ, ਪਠਾਨਕੋਟ ਤੇ ਤਾਰਾਗੜ੍ਹ ਸਥਾਨਾਂ ‘ਤੇ ਲੋਕਾਂ ਨੂੰ ਸ਼ਿਫਟ ਕਰਾਉਣ ਲਈ ਠਹਿਰਾਉਣ ਵਾਸਤੇ ਪੈਲੇਸ, ਸਕੂਲ ਤੇ ਹੋਰ ਇਮਾਰਤਾਂ ਦੀ ਸ਼ਨਾਖ਼ਤ ਕਰਨ ਲਈ ਆਦੇਸ਼ ਦੇ ਦਿੱਤੇ ਅਤੇ ਅਧਿਕਾਰੀਆਂ ਨੇ ਪੈਲੇਸ ਖਾਲੀ ਕਰਵਾ ਲਏ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਦੋ੬ ਇਸ ਗੱਲ ਦਾ ਪਤਾ ਲੱਗਾ ਕਿ ਸਰਹੱਦੀ ਪਿੰਡਾਂ ਦੇ ਲੋਕ ਸੁਰੱਖਿਅਤ ਥਾਵਾਂ ‘ਤੇ ਪਲਾਇਨ ਕਰਨ ਲਈ ਤਿਆਰ ਨਹੀਂ ਹਨ ਤਾਂ ਸ਼ਾਮ ਨੂੰ ਭੋਆ ਹਲਕੇ ਦੀ ਵਿਧਾਇਕ ਤੇ ਚੀਫ਼ ਪਾਰਲੀਮਾਨੀ ਸਕੱਤਰ ਸੀਮਾ ਕੁਮਾਰੀ, ਐਸਪੀ ਅਪਰੇਸ਼ਨ ਹੇਮ ਪੁਸ਼ਪ ਸ਼ਰਮਾ, ਡੀਐਸਪੀ ਕੁਲਦੀਪ ਸਿੰਘ ਠਾਕੁਰ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਕਮਾਨ ਆਪਣੇ ਹੱਥ ਵਿੱਚ ਲੈ ਲਈ ਅਤੇ ਲੋਕਾਂ ਨੂੰ ਮਨਾਇਆ ਕਿ ਉਨ੍ਹਾਂ ਦਾ ਇਸ ਖੇਤਰ ਵਿੱਚੋਂ ਸੁਰੱਖਿਅਤ ਥਾਵਾਂ ‘ਤੇ ਜਾਣਾ ਹੀ ਠੀਕ ਰਹੇਗਾ। ਇਸ ਉਪਰੰਤ ਪਿੰਡਾਂ ਦੇ ਲੋਕ ਔਰਤਾਂ ਤੇ ਬੱਚਿਆਂ ਨੂੰ ਨਾਲ ਲੈ ਕੇ ਟਰੈਕਟਰਾਂ, ਮੋਟਰਸਾਈਕਲਾਂ ਤੇ ਹੋਰ ਵਾਹਨਾਂ ‘ਤੇ ਸੁਰੱਖਿਅਤ ਥਾਵਾਂ ਨੂੰ ਚੱਲ ਪਏ। ਪ੍ਰਸ਼ਾਸਨ ਨੇ ਲੋਕਾਂ ਵਾਸਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵੀ ਮੁਹੱਈਆ ਕਰਵਾ ਦਿੱਤੀਆਂ ਹਨ। ਤਾਰਾਗੜ੍ਹ ਵਿੱਚ 11 ਦੇ ਕਰੀਬ ਪੈਲੇਸ ਪ੍ਰਸ਼ਾਸਨ ਨੇ ਖਾਲੀ ਕਰਵਾਏ ਹਨ। ਇਸ ਦੇ ਇਲਾਵਾ ਪ੍ਰਸ਼ਾਸਨ ਨੇ ਲੋਕਾਂ ਨੂੰ ਗੁਰਦੁਆਰਾ ਬਾਰਠ ਸਾਹਿਬ ਵਿਖੇ ਵੀ ਠਹਿਰਾਉਣ ਦਾ ਪ੍ਰਬੰਧ ਕੀਤਾ ਹੈ।
ਇਸ ਦੌਰਾਨ ਸਿਵਲ ਹਸਪਤਾਲ ਪਠਾਨਕੋਟ ਵਿੱਚ ਡਾਇਰੈਕਟਰ ਹੈਲਥ ਸਰਵਿਸ ਵੱਲੋਂ ਐਸਐਮਓ ਨੂੰ ਫੋਨ ਕਰਕੇ ਐਮਰਜੈਂਸੀ ਵਾਰਡ ਨੂੰ ਦੂਜੇ ਜ਼ਖ਼ਮੀਆਂ ਲਈ ਖਾਲੀ ਕਰਨ ਦੇ ਦਿੱਤੇ ਗਏ ਅਤੇ ਆਦੇਸ਼ਾਂ ਦੇ ਬਾਅਦ ਜ਼ਿਲ੍ਹਾ ਹਸਪਤਾਲ ਪ੍ਰਸ਼ਾਸਨ ਨੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਮਰੀਜ਼ਾਂ ਨੂੰ ਦੂਜੇ ਵਾਰਡਾਂ ਵਿੱਚ ਸ਼ਿਫਟ ਕਰਨ ਦਾ ਕੰਮ ਜਾਰੀ ਕਰ ਦਿੱਤਾ। ਐਸਐਮਓ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਹਾਈ ਅਲਰਟ ਦੇ ਚੱਲਦਿਆਂ ਉਨ੍ਹਾਂ ਨੂੰ ਇਹ ਆਦੇਸ਼ ਮਿਲਿਆ ਹੈ। ਇਸ ਲਈ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਮਰੀਜ਼ਾਂ ਨੂੰ ਹੋਰ ਜਗ੍ਹਾ ‘ਤੇ ਸ਼ਿਫਟ ਕਰਨਾ ਪੈ ਰਿਹਾ ਹੈ। ਸਰਹੱਦ ਖੇਤਰ ਦੇ ਆਸ ਪਾਸ ਦੇ ਖੇਤਰਾਂ ਵਿੱਚ ਸੈਨਾ ਅਤੇ ਪੁਲਿਸ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਦੂਜੇ ਪਾਸੇ ਏਅਰਬੇਸ ਦੇ ਅੰਦਰ ਕੰਮ ਕਰਨ ਵਾਲੇ ਦਿਹਾੜੀਦਾਰ ਤੇ ਹੋਰ ਵਿਅਕਤੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਏਅਰਫੋਰਸ ਵੱਲੋਂ ਵੀ ਆਪਣੇ ਆਸ ਪਾਸ ਦੇ ਖੇਤਰਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।

ਸ਼੍ਰੋਮਣੀ ਕਮੇਟੀ ਨੇ ਲੰਗਰ ਲਾਇਆ
ਅੰਮ੍ਰਿਤਸਰ/ਬਿਊਰੋ ਨਿਊਜ਼ :
ਸਰਹੱਦ ਤੇ ਜੰਗ ਦੇ ਖ਼ਤਰੇ ਕਾਰਨ ਬਣੇ ਮਾਹੌਲ ਤਹਿਤ ਸ਼੍ਰੋਮਣੀ ਕਮੇਟੀ ਵਲੋਂ ਸਰਹੱਦੀ ਲੋਕਾਂ ਦੀ ਰਿਹਾਇਸ਼ ਅਤੇ ਲੰਗਰ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਤਹਿਤ ਸਰਹੱਦੀ ਪਿੰਡਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਵਿੱਚ ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਹੋਵੇਗਾ।
ਇਸ ਦੀ ਜਾਣਕਾਰੀ ਦਿੰਦਿਆਂ ਸਕੱਤਰ ਮਨਜੀਤ ਸਿੰਘ ਨੇ ਦਸਿਆ ਕਿ ਸਰਹੱਦੀ ਪਿੰਡਾਂ ਵਿੱਚ ਬਣੇ ਤਣਾਅ ਵਾਲੇ ਮਾਹੌਲ ਦਾ ਮਾਮਲਾ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਵੀ ਵਿਚਾਰਿਆ ਹੈ ਅਤੇ ਅੰਤ੍ਰਿੰਗ ਕਮੇਟੀ ਵਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮਗਰੋਂ ਇਸ ਸਬੰਧ ਵਿੱਚ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵਲੋਂ ਆਦੇਸ਼ ਦਿੱਤੇ ਗਏ ਹਨ ਕਿ ਸਰਹੱਦੀ ਪਿੰਡਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ‘ਚ ਘਰ-ਬਾਰ ਛੱਡਣ ਵਾਲੇ ਲੋਕਾਂ ਵਾਸਤੇ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿੱਚ ਆਉਂਦੇ ਸ਼੍ਰੋਮਣੀ ਕਮੇਟੀ ਦੇ ਕੁਝ ਪ੍ਰਮੁੱਖ ਗੁਰਦੁਆਰਿਆਂ ਦੀ ਇਸ ਕੰਮ ਵਾਸਤੇ ਚੋਣ ਕੀਤੀ ਗਈ ਹੈ। ਮੁੱਢਲੇ ਤੌਰ ‘ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਪਿੰਡ ਠੱਟਾ, ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ, ਗੁਰਦੁਆਰਾ ਡੇਰਾ ਬਾਬਾ ਨਾਨਕ, ਗੁਰਦੁਆਰਾ ਬਾਠ ਸਾਹਿਬ ਪਠਾਨਕੋਟ ਤੇ ਫਿਰੋਜ਼ਪੁਰ ਦੇ ਪਿੰਡ ਬਜਿਦਪੁਰ ਵਿੱਚ ਗੁਰਦੁਆਰਾ ਜਾਮਨੀ ਸਾਹਿਬ ਅਤੇ ਗੁਰਦੁਆਰਾ ਬਾਬਾ ਬੀਰ ਸਿੰਘ ਰੱਤੋਕੇ ਵਿੱਚ ਲੋਕਾਂ ਦੇ ਠਹਿਰਾਅ ਅਤੇ ਲੰਗਰ ਦਾ ਪ੍ਰਬੰਧ ਹੋਵੇਗਾ। ਉਨ੍ਹਾਂ ਆਖਿਆ ਕਿ ਲੋੜ ਅਨੁਸਾਰ ਹੋਰ ਗੁਰਦੁਆਰਿਆਂ ਵਿੱਚ ਵੀ ਅਜਿਹੇ ਪ੍ਰਬੰਧ ਕੀਤੇ ਜਾਣਗੇ।