ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਚ ਪ੍ਰਭਾਵਸ਼ਾਲੀ ਸੈਮੀਨਾਰ

ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਚ ਪ੍ਰਭਾਵਸ਼ਾਲੀ ਸੈਮੀਨਾਰ

”ਭਾਈ ਗੁਰਦਾਸ ਜੀ ਦੀ ਸ਼ਖਸ਼ੀਅਤ ਅਤੇ ਮਹਾਨ ਸ਼ਖਸ਼ੀਅਤਾਂ ਦੀ ਘਾੜਤ ਦਾ ਅਧਾਰ ਸਤਿ-ਸੰਗਤ”
ਮਿਲਪੀਟਸ/ਬਲਵਿੰਦਰਪਾਲ ਸਿੰਘ ਖਾਲਸਾ :
ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਵਿਚ ਲਗਪਗ ਹਰ ਮਹੀਨੇ ਸ਼ਾਨਦਾਰ ਲਫਜ਼ਾਂ ਨਾਲ ਲਬਰੇਜ਼ ਸੈਮੀਨਾਰ ਹੁੰਦੇ ਰਹਿੰਦੇ ਹਨ, ਜਿਨਾਂ ਦੀ ਸੰਗਤਾਂ ਨੂੰ ਉਡੀਕ ਰਹਿੰਦੀ ਹੈ। ਵਿਚਾਰ ਗੋਸ਼ਟੀਆਂ ਦੀ ਲੜੀ ਵਿਚ ਇਸ ਵਾਰ ”ਭਾਈ ਗੁਰਦਾਸ ਜੀ ਦੀ ਸ਼ਖਸ਼ੀਅਤ ਅਤੇ ਮਹਾਨ ਸ਼ਖਸ਼ੀਅਤਾਂ ਦੀ ਘਾੜਤ ਦਾ ਅਧਾਰ ਸਤਿ-ਸੰਗਤ” ਦੇ ਵਿਸ਼ੇ ਉਤੇ ਪ੍ਰਭਾਵਸ਼ਾਲੀ ਵਿਚਾਰ ਚਰਚਾ ਹੋਈ। ਇਸ ਵਿਚ ਉਘੇ ਵਿਦਵਾਨ ਪ੍ਰੋਫੈਸਰ ਨਰਿੰਜਨ ਸਿੰਘ ਢੇਸੀ ਤੇ ਗੁਰਬਾਣੀ ਤੇ ਸਿੱਖ
ਵਿਸ਼ਿਆਂ ਦੇ ਮਾਹਰ ਭਾਈ ਪਰਮਜੀਤ ਸਿੰਘ ਉਤਰਾਖੰਡ ਨੇ ਸਿੱਖ ਸੰਗਤਾਂ ਨਾਲ ਗੁਰਦੁਆਰਾ ਸਾਹਿਬ ਦੇ ਸੈਮੀਨਾਰ ਹਾਲ ਵਿਚ ਵਿਚਾਰ ਸਾਂਝੇ ਕੀਤੇ।
ਪ੍ਰੋ. ਨਰਿੰਜਨ ਸਿੰਘ ਨੇ ਲਗਪਗ ਇਕ ਘੰਟੇ ਦੀ ਵਿਚਾਰ ਚਰਚਾ ਵਿਚ ਸਿੱਖ ਧਰਮ ਦੀ ਹੋਂਦ ਤੋਂ ਲੈ ਕੇ ਭਾਈ ਗੁਰਦਾਸ ਜੀ ਦੇ ਜੀਵਨ ਉਤੇ ਝਾਤ ਪੁਆਈ। ਭਾਈ ਗੁਰਦਾਸ ਜੀ ਦਾ ਜਨਮ ਸੰਨ 1551 ਨੂੰ ਪੰਜਾਬ ਦੇ ਛੋਟੇ ਜੇਹੇ ਪਿੰਡ ਗੋਇੰਦਵਾਲ ਵਿਚ ਪਿਤਾ ਭਾਈ ਦਾਤਾਰ ਚੰਦ ਭੱਲਾ ਅਤੇ ਮਾਤਾ ਜੀਵਾਨੀ  ਦੇ ਗ੍ਰਹਿ ਵਿਖੇ ਹੋਇਆ। ਆਪ ਜਦੋਂ ਸਿਰਫ 3 ਸਾਲ ਦੇ ਸਨ ਤਾਂ ਆਪ ਜੀ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ। ਭਾਈ ਗੁਰਦਾਸ ਜੀ ਰਿਸ਼ਤੇਦਾਰੀ ਕਰਕੇ ਤੀਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਅਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲਗਦੇ ਸਨ। ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲੀ ਲਿਖਾਰੀ ਸਨ ਅਤੇ ਆਪ ਜੀ ਨੇ ਚਾਰ ਸਿੱਖ ਗੁਰੂ ਸਾਹਿਬਾਨ ਦਾ ਸਾਥ ਨਿਭਾਇਆ।ਆਪ ਜੀ ਦਾ ਪਾਲਣ-ਪੋਸ਼ਣ ਅਤੇ ਵਿਦਿਆ ਦਾ ਪ੍ਰਬੰਧ ਵੀ ਸ੍ਰੀ ਗੁਰੂ ਅਮਰਦਾਸ ਜੀ ਨੇ ਹੀ ਕੀਤਾ ਸੀ।ਤੀਜੇ ਸਤਿਗੁਰੂ ਦੀ ਦੇਖ-ਰੇਖ ਹੇਠ ਵਿਚਰਦਿਆਂ ਹੀ ਆਪ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਆਦਿ ਦਾ ਮੁਕੰਮਲ ਗਿਆਨ ਹਾਸਲ ਕੀਤਾ। ਆਪ ਜੀ ਸ੍ਰੀ ਗੁਰੂ ਅਮਰਦਾਸ ਜੀ ਤੋਂ ਪਿੱਛੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਤੇ ਫਿਰ ਬਾਣੀ ਕੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਯੋਗ ਅਗਵਾਈ ਹੇਠ ਆਗਰਾ ਤੇ ਕਾਂਸ਼ੀ ਵਿਖੇ ਰਹਿ ਕੇ ਉਸ ਇਲਾਕੇ ਵਿਚ ਗੁਰਮਤਿ ਦਾ ਪ੍ਰਚਾਰ ਕੀਤਾ। ਜਦ ਸ੍ਰੀ ਅੰਮ੍ਰਿਤਸਰ ਵਿਖੇ ਗੁਰਤਾਗੱਦੀ ਦੇ ਮਾਲਕ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਸਨ ਤਾਂ ਪ੍ਰਿਥੀ ਚੰਦ ਨੇ ਗੁਰਿਆਈ ਹਥਿਆਉਣ ਲਈ ਸ਼ੋਰ ਮਚਾਇਆ ਹੋਇਆ ਸੀ, ਉਸ ਸਮੇਂ ਭਾਈ ਗੁਰਦਾਸ ਜੀ ਨੇ ਆਗਰੇ ਤੋਂ ਵਾਪਸ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਪ੍ਰਿਥੀ ਚੰਦ ਦਾ ਕ੍ਰੋਧ ਸ਼ਾਂਤ ਕਰਨ ਦਾ ਯਤਨ ਕੀਤਾ। ਪੰਜਾਬੀ ਭਾਸ਼ਾ ਵਿਚ ਆਪ ਜੀ ਦੀ ਮਹਾਨ ਰਚਨਾ “ਵਾਰਾਂ ਗਿਆਨ ਰਤਨਾਵਲੀ” ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ”ਗੁਰਬਾਣੀ ਦੀ ਕੁੰਜੀ” ਕਹਿ ਕੇ ਨਿਵਾਜਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਆਪ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਵੀ ਥਾਪੇ ਗਏ। ਇਤਿਹਾਸ ਤੇ ਪੰਜਾਬੀ ਸਾਹਿਤ ਵਿਚ ਆਪ ਜੀ ਦੀਆਂ ਵਾਰਾਂ ਦਾ ਇਕ ਵਿਸ਼ੇਸ਼ ਸਥਾਨ ਹੈ। ਆਪ ਨੇ 39 ਵਾਰਾਂ ਦੀ ਰਚਨਾ ਕੀਤੀ, ਜਿਸ ਵਿਚ ਆਪ ਜੀ ਨੇ ਸੰਸਾਰ ਦੀ ਉਤਪਤੀ ਤੋਂ ਲੈ ਕੇ ਗੁਰੂ ਸਾਹਿਬਾਨ ਅਤੇ ਸਾਰੇ ਧਰਮਾਂ, ਦੇਵੀ-ਦੇਵਤਿਆਂ ਅਤੇ ਕਾਮ-ਕਰੋਧ-ਲੋਭ-ਮੋਹ-ਹੰਕਾਰ ਦਾ ਭਾਵਪੂਰਤ ਖਾਕਾ ਖਿਚਿਆ। ਭਾਈ ਗੁਰਦਾਸ ਜੀ ਪਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਗੁਰੂ-ਘਰ ਦੇ ਲੇਖੇ ਲਾਉਂਦਿਆਂ ਸੰਮਤ 1686 ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿਖੇ ਹੀ ਸਤਿਗੁਰੂ ਜੀ ਦੇ ਦਰਸ਼ਨ-ਦੀਦਾਰ ਕਰਦਿਆਂ ਗੁਰਪੁਰੀ ਪਿਆਨਾ ਕਰ ਗਏ। ਆਪ ਜੀ ਵੱਲੋਂ ਸਿੱਖ ਧਰਮ ਦੀ ਗੁਰਬਾਣੀ ਅਨੁਸਾਰ ਕੀਤੀ ਵਿਆਖਿਆ ਬਹੁਤ ਕੀਮਤੀ ਖਜ਼ਾਨਾ ਹੈ। ਅੱਜ ਦੇ ਵਿਦਵਾਨਾਂ ਨੂੰ ਭਾਈ ਗੁਰਦਾਸ ਜੀ ਦੀ ਇਤਿਹਾਸਕ ਦੇਣ ਤੋਂ ਸੇਧ ਲੈਣ ਦੀ ਲੋੜ ਹੈ।
ਭਾਈ ਪਰਮਜੀਤ ਸਿੰਘ ਉਤਰਾਖੰਡ ਵਾਲਿਆਂ ਨੇ ਆਪਣੇ ਸੰਖੇਪ ਵਿਚਾਰਾਂ ਵਿਚ ਸਾਧ ਸੰਗਤ ਦੀ ਵਿਆਖਿਆ ਗੁਰਬਾਣੀ ਅਨੁਸਾਰ ਕੀਤੀ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਇਕ ਅਕਾਲ ਪੁਰਖ ਦੇ ਪਰੇਮ ਅਤੇ ਡਰ ਵਿਚ ਉਸ ਦਾ ਹੀ ਜ਼ਿਕਰ ਹੁੰਦਾ ਹੈ ਤੇ ਉਸ ਦੀ ਹੀ ਸਿਫਤ ਹੁੰਦੀ ਹੈ। ਸਾਧ ਸੰਗਤ ਵਿਚ ਹੀ ਕੀਰਤਨ ਸਰਵਣ ਕਰਦਿਆਂ, ਕਥਾ ਸੁਣਦਿਆਂ ਤੇ ਹੁਕਮ ਸਰਵਣ ਕਰਦਿਆਂ ਸੋਝੀ ਦੀ ਬਖਸ਼ਿਸ਼ ਹੁੰਦੀ ਹੈ। ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਤੇ ਸਧਾਰਨ ਸਿੱਖ ਗਿਆਨਵਾਨ ਹੋ ਜਾਂਦਾ ਹੈ ਤੇ ਉਸਨੂੰ ਮੀਰੀ-ਪੀਰੀ ਦੀ ਸਮਝ ਲੱਗ ਜਾਂਦੀ ਹੈ।
ਭਾਈ ਬਚਿੱਤਰ ਸਿੰਘ ਜੀ ਨੇ ਵੀ ਗੁਰਬਾਣੀ ਬਾਰੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਉਪਰੰਤ ਨਰਿੰਜਣ ਸਿੰਘ ਢੇਸੀ ਤੇ ਪਰਮਜੀਤ ਸਿੰਘ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਏਜੀਪੀਸੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਨੇ ਨਿਭਾਈ।