ਪੰਜਾਬ ਦੀਆਂ ਧੀਆਂ ਦੀ ਸਾਰ ਲੈਣ ਵਾਲੀ ਸਮਾਜ ਸੇਵੀ ਸੰਸਥਾ ‘ਧੀਆਂ ਪੁਕਾਰਦੀਆਂ

ਪੰਜਾਬ ਦੀਆਂ ਧੀਆਂ ਦੀ ਸਾਰ ਲੈਣ ਵਾਲੀ ਸਮਾਜ ਸੇਵੀ ਸੰਸਥਾ ‘ਧੀਆਂ ਪੁਕਾਰਦੀਆਂ

ਲੋੜਵੰਦ ਤੇ ਹੁਸ਼ਿਆਰ ਵਿਦਿਆਰਥਣਾਂ ਨੂੰ ਸਵੈ ਨਿਰਭਰ ਕਰਨਾ ਸਾਡਾ ਮੁੱਖ ਟੀਚਾ-ਕੁਲਦੀਪ ਸਿੰਘ ਸਰਾ
ਸ਼ਿਕਾਗੋ/ਬਿਊਰੋ ਨਿਊਜ਼:
ਪੰਜਾਬ ਦੀਆਂ ਧੀਆਂ ਨੂੰ ਸਮਰਪਿਤ ਅਤੇ ਲੋੜਵੰਦ ਪਰਿਵਾਰਾਂ ਦੀਆਂ ਹੁਸ਼ਿਆਰ ਕੁੜੀਆਂ ਦੀ ਮਦਦ ਲਈ ਸਰਗਰਮ ਸਮਾਜ ਸੇਵੀ ਸੰਸਥਾ ”ਧੀਆਂ ਪੁਕਾਰਦੀਆਂ” ਵਲੋਂ ਕੀਤੇ ਜਾ ਰਹੇ ਕਾਰਜਾਂ ਸਬੰਧੀ ਸਿੱਖ ਸੰਗਤਾਂ ਨੂੰ ਜਾਣੂੰ ਕਰਵਾਉਣ ਲਈ ਇਸ ਮੁਹਿੰਮ ਦੇ ਮੋਢੀ ਸ. ਕੁਲਦੀਪ ਸਿੰਘ ਸਰਾ ਲੰਘੇ ਹਫ਼ਤੇ ਸਿੱਖ ਰਿਲੀਜੀਅਸ ਸੁਸਾਇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬ ਪੈਲਾਟਾਇਨ ਸੰਗਤਾਂ ਦੇ ਰੂਬਰੂ ਹੋਏ।
ਕਿੱਤੇ ਵਜੋਂ ਇੰਜੀਨੀਅਰ ਅਤੇ ਲੰਮਾ ਸਮਾਂ ਵਿਸ਼ਵ ਪ੍ਰਸਿੱਧ ਸੰਸਥਾ ”ਫਰਮੀ ਲੈਬ”  ਨਾਲ ਕੰਮ ਕਰਦੇ ਰਹੇ ਸ. ਕੁਲਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਦਸਿਆ ਕਿ ਉਨ੍ਹਾਂ ਵਲੋਂ ਰਿਟਾਇਰ ਹੋਣ ਤੋਂ ਤੁਰੰਤ ਬਾਅਦ ਪੰਜਾਬ ਦੀਆਂ ਕੁੜੀਆਂ ਦੇ ਭਵਿੱਖ ਨੂੰ ਸੰਵਾਰਨ ਦੇ ਮਨਸ਼ੇ ਨਾਲ ਆਰੰਭੇ ਇਸ ਸ਼ੁਭ ਕੰਮ ਲਈ ਉਨ੍ਹਾਂ ਨੂੰ ”ਧੀਆਂ ਪੁਕਾਰਦੀਆਂ” ਦੇ ਸਮੂਹ ਮੈਂਬਰਾਂ ਅਤੇ ਸ਼ੁਭਚਿੰਤਕਾਂ ਦਾ ਭਰਵਾਂ ਸਗਿਯੋਗ ਪ੍ਰਾਪਤ ਹੈ।
ਪੰਜਾਬ ਵਿੱਚ ਭਰੂਣ ਹਤਿਆ ਦੇ ਰੂਪ ਵਿੱਚ ਫੈਲੀ ਸਮਾਜਿਕ ਬੁਰਾਈ ਵਿਰੁਧ ਲਾਮਬੰਦੀ ਵਜੋਂ ਚਲਾਈ ਜਾ ਰਹੀ ਮੁਹਿੰਮ ਵਿੱਚ ਯੋਗਦਾਨ ਪਾ ਰਹੀ ਉਨ੍ਹਾਂ ਦੀ ਸੰਸਥਾ ਵਲੋਂ ਚਲਾਏ ਜਾ ਰਹੇ ਕਾਰਜ ਦਾ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ ਕਿ ਸੰਨ 2011 ਵਿੱਚ ਕਾਇਮ ਕੀਤੀ ”ਧੀਆਂ ਪੁਕਾਰਦੀਆਂ” Dheean Pukardian Inc, a Naperville Illinois based 501 ( C) (3) non profit organization” ਵਲੋਂ ਪੰਜਾਬ ਵਿੱਚ ਸਕੂਲਾਂ ਤੇ ਕਾਲਜਾਂ ਦੀਆਂ ਚੋਣਵੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਯਥਾਯੁਕਤ ਮਾਲੀ ਮਦਦ ਤੇ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਦਸਿਆ ”ਧੀਆਂ ਪੁਕਾਰਦੀਆਂ” ਸੰਸਥਾ ਲਈ ਮਾਲੀ ਵਸੀਲੇ ਸਰਾਂ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਰਾਹੀਂ ਹੀ ਮੁਹੱਈਆ ਕੀਤੇ ਜਾਂਦੇ ਰਹੇ ਹਨ। ਸ. ਸਰਾਂ ਨੇ ਦੱਸਿਆ ਕਿ ਸੰਸਥਾ ਦੇ ਸੋਹਿਯਗੀਆਂ ਦੇ ਉੱਦਮ ਅਤੇ ਯੋਗਦਾਨ ਰਾਹੀਂ ਹਰ ਮਹੀਨੇ ਇਕੱਠੀ ਹੁੰਦੀ 3500 ਡਾਲਰ ਦੀ ਮਾਮੂਲੀ ਰਕਮ ਨਾਲ ਵੀ  ਪੰਜਾਬ ਦੇ ਵੱਖ ਵੱਖ ਸਕੂਲਾਂ ਤੇ ਕਾਲਜਾਂ ‘ਚ ਪੜ੍ਹਦੀਆਂ 327 ਲੜਕੀਆਂ ਨੂੰ ਮਾਲੀ ਸਹਾਇਤਾ ਦਿੱਤੀ ਹੈ ਜਿਨ੍ਹਾਂ ਵਿਚੋਂ 184 ਕਾਲਜ ਦੀ ਪੜ੍ਹਾਈ ਮੁਕੰਮਲ ਵੀ ਕਰ ਚੁਕੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਸੰਸਥਾ ਭਾਰਤ, ਖਾਸ ਕਰ ਪੰਜਾਬ ਵਿਚ ਧੀਆਂ ਨੂੰ ਕੁੱਖਾਂ ਵਿਚ ਹੀ ਮਾਰ ਦੇਣ ਸਦੀਆਂ ਪੁਰਾਣੀ ਸਮਾਜਿਕ ਬੁਰਾਈ ਨੂੰ ਜੜ੍ਹੋਂ ਖ਼ਤਮ ਦੀ ਮੁਹਿੰਮ ਵਿੱਚ ਅਪਣਾ ਬਣਦਾ ਯੋਗਦਾਨ ਪਾਉਣ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ। ਇਸ ਕੁਰੀਤੀ ਵਿਰੁਧ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਕੁੜੀਆਂ ਨੂੰ ਪੈਰਾਂ ਸਿਰ ਕਰਨ ਦੇ ਅਪਣੇ ਮਿਸ਼ਨ ਵਿਚ ਲਗਾਤਾਰ ਕਾਮਯਾਬੀ ਵਲ ਪੁਲਾਂਘਾਂ ਪੁੱਟ ਰਹੀ ਹੈ।
ਸ. ਕੁਲਦੀਪ ਸਿੰਘ ਨੇ ਬੜੇ ਹੀ ਯੋਜਨਾਵੱਧ ਢੰਗ ਨਾਲ ਸੰਸਥਾ ਦੇ ਕੰਮਾਂ ਤੇ ਨਿਸ਼ਾਨਿਆਂ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ”ਧੀਆਂ ਪੁਕਾਰਦੀਆਂ” ਵਲੋਂ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ, ਜੋ ਕਾਲਜ ਦੀ ਪੜ੍ਹਾਈ ਪੂਰੀ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਨੈਤਿਕ ਤੇ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਹਰ ਕੁੜੀ ਤੋਂ ਇਹ ਵਾਅਦਾ ਲਿਆ ਜਾਂਦਾ ਹੈ ਕਿ ਉਹ ਦਾਜ ਵਰਗੀ ਬੁਰਾਈ ਦਾ ਵਿਰੋਧ ਕਰਨਗੀਆਂ।
ਗੁਰਦੁਆਰਾ ਪੈਲਾਟਾਈਨ ਵਿਖੇ ਸੰਗਤਾਂ ਨਾਲ ਗੱਲਬਾਤ ਦੌਰਾਨ ਸ. ਕੁਲਦੀਪ ਸਿੰਘ ਵਲੋਂ ਅਪਣੀ ਸੰਸਥਾ ਵਲੋਂ ਕੀਤੇ ਜਾ ਰਹੇ ਇਸ ਸ਼ੁਭ ਕੰਮ ਲਈ ਮੰਗੇ ਗਏ ਸਹਿਯੋਗ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਸੰਗਤ ਦੇ ਮੈਂਬਰਾਂ ਤੇ ਗੁਰਦੁਆਰਾ ਸਾਹਿਬ ਦੇ  ਪ੍ਰਬੰਧਕੀ ਬੋਰਡ ਦੀ ਤਰਫੋਂ ਮੌਕੇ ਉੱਤੇ ਹੀ 3929 ਡਾਲਰ ਦੀ ਮਦਦ ਇਕੱਠੀ ਕਰ ਕੇ ਦਿੱਤੀ ਗਈ।
ਸ. ਸਰਾ ਨੇ ਇਸ ਭਰਵੇਂ ਸਹਿਯੋਗ ਬਦਲੇ ਸੰਗਤਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਮਾਲੀ ਮਦਦ ਨਾਲ ਧੀਆਂ ਦੇ ਹੱਕ ਵਿਚ ਕੀਤੇ ਜਾ ਰਹੇ ਯਤਨ ਹੋਰ ਤੇਜ ਕਰਨ ਲਈ ਉਤਸ਼ਾਹ ਮਿਲੇਗਾ।
ਉਨ੍ਹਾਂ ਕਿਹਾ ਕਿ ਇਸ ਮਿਸ਼ਨ ਨੂੰ ਜਲਦੀ ਪੂਰਾ ਕਰਨ ਲਈ ਹੀ ਉਨ੍ਹਾਂ ਨੇ ਗੁਰਦੁਆਰਾ ਸਾਹਿਬਾਨ ਤੱਕ ਪਹੁੰਚ ਕਰਨ ਦਾ ਨਿਰਣਾ ਕੀਤਾ ਅਤੇ ਇਸ ਮਕਸਦ ਨਾਲ ਉਹ ਗੁਰਦੁਆਰਾ ਪੈਲਾਟਾਈਨ ਦੀਆਂ ਸੰਗਤਾਂ ਦੇ ਸਨਮੁਖ ਹੋਏ।
”ਧੀਆਂ ਪੁਕਾਰਦੀਆਂ” ਸੰਸਥਾ ਨਾਲ ਸਹਿਯੋਗ ਦੇ ਚਾਹਵਾਨ ਸੱਜਣ ਸ. ਕੁਲਦੀਪ ਸਿੰਘ ਸਰਾ ਨਾਲ ਫੋਨ: 630-305-3486 ਰਾਹੀਂ ਸੰਪਰਕ ਕਰ ਸਕਦੇ ਹਨ।