ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਕਨਿਸ਼ਕ ਕਾਂਡ ਦੀ ਬਰਸੀ ‘ਤੇ ਪੀੜਤਾਂ ਨੂੰ ਸ਼ਰਧਾਂਜਲੀ

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਕਨਿਸ਼ਕ ਕਾਂਡ ਦੀ ਬਰਸੀ ‘ਤੇ ਪੀੜਤਾਂ ਨੂੰ ਸ਼ਰਧਾਂਜਲੀ

ਓਟਾਵਾ/ਬਿਊਰੋ ਨਿਊਜ਼ :
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 1985 ‘ਚ ਏਅਰ ਇੰਡੀਆ ਦੀ ਉਡਾਣ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਘਟਨਾ ਨੂੰ ਦੇਸ਼ ਦੇ ਇਤਿਹਾਸ ਦਾ ਸਭ ਤੋਂ ਘਿਨਾਉਣਾ ਦਹਿਸ਼ਤੀ ਹਮਲਾ ਕਰਾਰ ਦਿੰਦਿਆਂ ਇਸ ਹਮਲੇ ‘ਚ ਮਾਰੇ ਗਏ 329 ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਹਰ ਕਿਸਮ ਦੇ ਅਤਿਵਾਦ ਦੀ ਨਿੰਦਾ ਕਰਦਾ ਹੈ ਤੇ ਹਰ ਕਿਤੇ ਕੱਟੜਵਾਦ ਤੇ ਅਤਿਵਾਦ ਖਿਲਾਫ਼ ਲੜਾਈ ਵਿਚ ਸਾਥ ਦੇਣ ਦਾ ਅਹਿਦ ਦ੍ਰਿੜਾਉਂਦਾ ਹੈ। ਜ਼ਿਕਰਯੋਗ ਹੈ ਕਿ ਏਅਰ ਇੰਡੀਆ ਦੀ ਉਡਾਣ 182 ਲੰਡਨ ਜਾ ਰਹੀ ਸੀ ਇਸ ਨੇ ਟੋਰਾਂਟੋ ਅਤੇ ਮੌਂਟਰੀਅਲ ਤੋਂ ਸਵਾਰੀਆਂ ਲਈਆਂ ਸਨ। ਇਸ ਜਹਾਜ਼ ਵਿੱਚ 329 ਵਿਅਕਤੀ ਸਵਾਰ ਸਨ। ਜੂਨ 23, 1985 ਨੂੰ ਇਹ ਜਹਾਜ਼ ਕੋਸਟ ਆਫ ਆਇਰਲੈਂਡ ਦੇ ਰਾਡਾਰ ਤੋਂ ਗਾਇਬ ਹੋ ਗਿਆ। ਕੈਨੇਡਾ ਵਿੱਚ ਇਸ ਜਹਾਜ਼ ਵਿਚ ਬੰਬ ਰੱਖਿਆ ਗਿਆ ਸੀ ਜੋ ਉਡਾਣ ਭਰਦੇ ਹੀ ਫਟ ਗਿਆ ਤੇ ਇਸ ਵਿਚ ਸਾਰੇ ਸਵਾਰ 329 ਵਿਅਕਤੀ ਮਾਰੇ ਗਏ ਜਿਨ੍ਹਾਂ ਵਿਚੋਂ 280 ਕੈਨੇਡਾ ਦੇ ਨਿਵਾਸੀ ਸਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੰਬ ਧਮਾਕੇ ਦੀ ਇਸ ਘਟਨਾ ਨੂੰ ਦੇਸ਼ ਦੇ ਇਤਿਹਾਸ ਦਾ ਸਭ ਤੋਂ ਘਿਨਾਉਣਾ ਦਹਿਸ਼ਤੀ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਭਿਆਨਕ, ਘਿਨਾਉਣੀ ਅਤੇ ਤਬਾਹਕੁਨ ਘਟਨਾ ਨੇ ਪਰਿਵਾਰਾਂ ਅਤੇ ਦੋਸਤਾਂ ਨੂੰ ਉਨ੍ਹਾਂ ਦੇ ਆਪਣਿਆਂ ਦੇ ਜਾਣ ਦਾ ਦਰਦ ਦੇ ਕੇ ਦੁਖੀ ਕੀਤਾ, ਇਹ ਦਰਦ ਕਦੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਹਾਦਸੇ ਅਤੇ ਪਰਖ ਦੀ ਘੜੀ ਵਿੱਚ ਕੈਨੇਡਾ ਵਾਸੀਆਂ ਨੇ ਅਜਿਹੀਆਂ ਕਦਰਾਂ  ਦਾ ਮੁਜ਼ਾਹਰਾ ਕੀਤਾ ਜੋ ਉਨ੍ਹਾਂ ਨੂੰ ਨੇੜੇ ਲਿਆਈਆਂ। ਉਨ੍ਹਾਂ ਕਿਹਾ,”ਤਰਸ, ਨਿਆਂ ਅਤੇ ਸਮਾਨਤਾ ਉਨ੍ਹਾਂ ਤਾਕਤਾਂ ਤੋਂ ਵਧੇਰੇ ਮਜ਼ਬੂਤ ਹਨ ਜੋ ਸਾਡੇ ਵਿੱਚ ਪਾੜਾ ਪਾਉਣ ਵਿਚ ਨਾਕਾਮ ਰਹੀਆਂ।”
ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਕੇਵਲ ਇਕ ਵਿਅਕਤੀ ਨੂੰ ਨਿਆਂ ਦੇ ਸਨਮੁਖ ਲਿਆਂਦਾ ਗਿਆ ਤੇ ਅਜੇ ਬਹੁਤ ਸਾਰੇ ਆਜ਼ਾਦ ਘੁੰਮ ਰਹੇ ਹਨ। ਜਾਂਚ ਉਦੋਂ ਤਕ ਪੂਰੀ ਨਹੀਂ ਹੋ ਸਕਦੀ ਜਦੋਂ ਤਕ ਇਨ੍ਹਾਂ ਨੂੰ ਨਿਆਂ ਦੇ ਸਨਮੁੱਖ ਨਹੀਂ ਲਿਆਂਦਾ ਜਾਂਦਾ।