ਨਵਾਜ਼ ਸ਼ਰੀਫ਼ ਦੀ ਪਤਨੀ ਨੂੰ ਦਿਲ ਦਾ ਦੌਰ ਪਿਆ, ਹਾਲਤ ਗੰਭੀਰ

ਨਵਾਜ਼ ਸ਼ਰੀਫ਼ ਦੀ ਪਤਨੀ ਨੂੰ ਦਿਲ ਦਾ ਦੌਰ ਪਿਆ, ਹਾਲਤ ਗੰਭੀਰ

ਇਸਲਾਮਾਬਾਦ/ਬਿਊਰੋ ਨਿਊਜ਼ :

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਨਵਾਜ਼ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਹਾਲਤ ਹੋਰ ਖ਼ਰਾਬ ਹੋ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਉਨ੍ਹਾਂ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ। ਬਰਤਾਨੀਆ ਵਿੱਚ ਗਲੇ ਦੇ ਕੈਂਸਰ ਦੀ ਸਰਜਰੀ ਤੋਂ ਬਾਅਦ ਕੁਲਸੂਮ ਦਾ ਇਲਾਜ ਚੱਲ ਰਿਹਾ ਹੈ। ਪਿਛਲੇ ਸਾਲ ਕੁਲਸੂਮ (68) ਨੂੰ ਗਲੇ ਦਾ ਕੈਂਸਰ ਹੋਣ ਦਾ ਪਤਾ ਲੱਗਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੀਆਂ ਕਈ ਸਰਜਰੀਆਂ ਕੀਤੀਆਂ ਗਈਆਂ। ਅਪਰੈਲ ’ਚ ਉਨ੍ਹਾਂ ਦੀ ਮੈਡੀਕਲ ਰਿਪੋਰਟ ਤੋਂ ਪਤਾ ਲੱਗਾ ਕਿ ਗਲੇ ਦਾ ਕੈਂਸਰ ਪੂਰੇ ਸਰੀਰ ਵਿੱਚ ਫੈਲਣ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ ਹੈ। ਨਵਾਜ਼ ਦੀ ਧੀ ਮਰੀਅਮ ਨਵਾਜ਼ ਨੇ ਦੱਸਿਆ ਕਿ ਕੱਲ੍ਹ ਦੇਰ ਰਾਤ ਕੁਲਸੂਮ ਦੀ ਹਾਲਤ ਹੋਰ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਲੰਡਨ ਦੇ ਹਸਪਤਾਲ ਦੀ ਆਈਸੀਯੂ ਵਿੱਚ ਰੱਖਿਆ ਗਿਆ ਹੈ।
ਮਰੀਅਮ ਨੇ ਟਵੀਟ ਕੀਤਾ, ‘‘ਅਸੀਂ ਜਹਾਜ਼ ਵਿੱਚ ਸੀ ਜਦ ਅੰਮੀ ਨੂੰ ਅਚਾਨਕ ਦਿਲ ਦਾ ਦੌਰਾ ਪਿਆ। ਉਹ ਆਈਸੀਯੂ ਵਿੱਚ ਹਨ ਅਤੇ ਉਦੋਂ ਤੋਂ ਹੀ ਵੈਂਟੀਲੇਟਰ ’ਤੇ ਹਨ।’’ ਆਪਣੇ ਪਿਤਾ ਨਾਲ ਲੰਡਨ ਪੁੱਜੀ ਮਰੀਅਮ ਨੇ ਸ਼ੁੱਭਚਿੰਤਕਾਂ ਨੂੰ ਆਪਣੀ ਮਾਂ ਲਈ ਦੁਆਵਾਂ ਕਰਨ ਦੀ ਬੇਨਤੀ ਕੀਤੀ ਹੈ। ਨਵਾਜ਼ ਦੇ ਪੁੱਤਰ ਹੁਸੈਨ ਨਵਾਜ਼ ਨੇ ਵੀ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਾਂ ਲਈ ਦੁਆਵਾਂ ਕੀਤੀਆਂ ਜਾਣ।

ਕੈਪਸ਼ਨ : ਲੰਡਨ ਦੇ ਹਸਪਤਾਲ ਵਿੱਚ ਆਪਣੀ ਪਤਨੀ ਕੁਲਸੂਮ ਨਾਲ ਨਵਾਜ਼ ਸ਼ਰੀਫ਼