ਮੌਲਾਣਾ ਫ਼ਜ਼ਲਉੱਲ੍ਹਾ ਅਮਰੀਕੀ ਡਰੋਨ ਹਮਲੇ ਢੇਰ

ਮੌਲਾਣਾ ਫ਼ਜ਼ਲਉੱਲ੍ਹਾ ਅਮਰੀਕੀ ਡਰੋਨ ਹਮਲੇ ਢੇਰ

ਵਾਸ਼ਿੰਗਟਨ/ਬਿਊਰੋ ਨਿਊਜ਼ :


ਪਾਕਿਸਤਾਨੀ ਤਾਲਿਬਾਨ ਮੁਖੀ ਮੌਲਾਣਾ ਫ਼ਜ਼ਲਉੱਲ੍ਹਾ ਅਮਰੀਕਾ ਵੱਲੋਂ ਅਫ਼ਗਾਨਿਸਤਾਨ ਦੇ ਪੂਰਬੀ ਕੁਨਾਰ ਸੂਬੇ ’ਚ ਕੀਤੇ ਗਏ ਡਰੋਨ ਹਮਲੇ ’ਚ ਮਾਰਿਆ ਗਿਆ ਹੈ। ਅਫ਼ਗਾਨ ਰੱਖਿਆ ਮੰਤਰਾਲੇ ਦੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਮਰੀਕਾ ਵੱਲੋਂ ਆਲਮੀ ਦਹਿਸ਼ਤਗਰਦ ਨਾਮਜ਼ਦ ਫ਼ਜ਼ਲਉੱਲ੍ਹਾ ਦੇ ਸਿਰ ’ਤੇ 50 ਲੱਖ ਡਾਲਰ ਦਾ ਇਨਾਮ ਰੱਖਿਆ ਗਿਆ ਸੀ। ਪਾਕਿਸਤਾਨ ਦੇ ਖ਼ੈਬਰ-ਪਖ਼ਤੂਨਖਵਾ ਸੂਬੇ ਦੇ ਸਵਾਤ ਜ਼ਿਲ੍ਹੇ ’ਚ ਫ਼ੌਜ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ 2009 ’ਚ ਉਸ ਦੇ ਕਈ ਵਫ਼ਾਦਾਰਾਂ ਦਾ ਸਫਾਇਆ ਹੋ ਗਿਆ ਸੀ ਅਤੇ ਫ਼ਜ਼ਲਉੱਲ੍ਹਾ ਉਸ ਸਮੇਂ ਤੋਂ ਹੀ ਭਗੌੜਾ ਸੀ। ਅਮਰੀਕੀ ਫ਼ੌਜ ਨੇ ਕਿਹਾ ਕਿ ਉਨ੍ਹਾਂ ਅਫ਼ਗਾਨਿਸਤਾਨ ’ਚ ਸੀਨੀਅਰ ਦਹਿਸ਼ਤੀ ਆਗੂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਸੀ ਪਰ ਉਨ੍ਹਾਂ ਦਹਿਸ਼ਤਗਰਦ ਦੀ ਪਛਾਣ ਨਹੀਂ ਦੱਸੀ ਸੀ। ਲੈਫ਼ਟੀਨੈਂਟ ਕਰਨਲ ਮਾਰਟਿਨ ਓ’ਡੋਨਲ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ 13 ਜੂਨ ਨੂੰ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਨੇੜੇ ਲਗਦੇ ਸੂਬੇ ਕੁਨਾਰ ’ਚ ਨਾਮਜ਼ਦ ਦਹਿਸ਼ਤਗਰਦ ਜਥੇਬੰਦੀ ਦੇ ਸੀਨੀਅਰ ਆਗੂ ਨੂੰ ਨਿਸ਼ਾਨਾ ਬਣਾਇਆ।

ਅਫ਼ਗਾਨ ਰੱਖਿਆ ਮੰਤਰਾਲੇ ਦੇ ਤਰਜਮਾਨ ਮੁਹੰਮਦ ਰਾਡਮਨੀਸ਼ ਨੇ ਸੀਐਨਐਨ ਨੂੰ ਪੁਸ਼ਟੀ ਕੀਤੀ ਕਿ ਫ਼ਜ਼ਲਉੱਲ੍ਹਾ ਬੁੱਧਵਾਰ ਨੂੰ ਕੀਤੇ ਹਮਲੇ ’ਚ ਮਾਰਿਆ ਗਿਆ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਫ਼ਜ਼ਲਉੱਲ੍ਹਾ ਅਤੇ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਦੇ ਚਾਰ ਹੋਰ ਕਮਾਂਡਰ ਮਾਰੇ ਗਏ ਹਨ। ਫ਼ਜ਼ਲਉੱਲ੍ਹਾ ਨੂੰ ਰੇਡੀਓ ਮੁੱਲਾ ਜਾਂ ਮੌਲਾਣਾ ਰੇਡੀਓ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਉਹ ਪ੍ਰਾਈਵੇਟ ਰੇਡੀਓ ਚੈਨਲ ’ਤੇ ਲੰਬੇ ਲੰਬੇ ਉਪਦੇਸ਼ ਦਿੰਦਾ ਸੀ। ਉਂਜ ਟੀਟੀਪੀ ਨੇ ਆਪਣੇ ਮੁਖੀ ਦੀ ਡਰੋਨ ਹਮਲੇ ’ਚ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।