ਡੋਨਲਡ ਟਰੰਪ ਅਤੇ ਕਿਮ ਜੌਂਗ ਵਿਚਾਲੇ ਸਿੰਗਾਪੁਰ ‘ਚ ਇਤਿਹਾਸਕ ਮੁਲਾਕਾਤ

ਡੋਨਲਡ ਟਰੰਪ ਅਤੇ ਕਿਮ ਜੌਂਗ ਵਿਚਾਲੇ ਸਿੰਗਾਪੁਰ ‘ਚ ਇਤਿਹਾਸਕ ਮੁਲਾਕਾਤ

ਕੋਰੀਅਨ ਆਗੂ ਨੇ ਅਮਰੀਕਾ ਕੋਲੋਂ ਸੁਰੱਖਿਆ ਦੀ ਗਾਰੰਟੀ ਮੰਗੀ
ਸਿੰਗਾਪੁਰ/ਬਿਊਰੋ ਨਿਊਜ਼ :
ਇਥੇ ਅਮਰੀਕੀ ਸਦਰ ਡੋਨਲਡ ਟਰੰਪ ਨਾਲ ਇਤਿਹਾਸਕ ਸਿਖਰ ਵਾਰਤਾ ਮੌਕੇ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉੱਨ ਨੇ ‘ਮੁਕੰਮਲ ਨਿਸ਼ਸਤਰੀਕਰਨ’ ਲਈ ਕੰਮ ਕਰਨ ਦਾ ਵਾਅਦਾ ਕਰਦਿਆਂ ਵੱਟੇ ‘ਚ ਅਮਰੀਕਾ ਤੋਂ ਸੁਰੱਖਿਆ ਗਾਰੰਟੀ ਦੀ ਮੰਗ ਕੀਤੀ ਹੈ। ਦੋਵਾਂ ਮੁਲਕਾਂ ਦੇ ਆਗੂਆਂ ਦੀ ਇਹ ਇਤਿਹਾਸਕ ਮਿਲਣੀ ਕੋਰੀਅਨ ਪ੍ਰਾਇਦੀਪ ‘ਚ ਬਣੇ ਤਣਾਅ ਨੂੰ ਘਟਾਉਣ ਤੇ ਏਸ਼ੀਆ ਪ੍ਰਸ਼ਾਂਤ ਖਿੱਤੇ ਦੇ ਭੂ-ਸਿਆਸੀ ਹਾਲਾਤ ਨੂੰ ਮੁੜ ਆਕਾਰ ਦੇਣ ਦੇ ਸੁਨੇਹੇ ਨਾਲ ਖ਼ਤਮ ਹੋ ਗਈ। ਉਂਜ ਟਰੰਪ ਨੇ ਸਾਫ਼ ਕਰ ਦਿੱਤਾ ਕਿ ਪਰਮਾਣੂ ਤਜਰਬੇ ਕਰਕੇ ਉੱਤਰੀ ਕੋਰੀਆ ‘ਤੇ ਲੱਗੀਆਂ ਪਾਬੰਦੀਆਂ ਹਾਲ ਦੀ ਘੜੀ ਆਇਦ ਰਹਿਣਗੀਆਂ।
ਇਸ ਦੌਰਾਨ ਭਾਰਤ ਨੇ ਇਸ ਇਤਿਹਾਸਕ ਸਿਖਰ ਵਾਰਤਾ ਦਾ ਸਵਾਗਤ ਕਰਦਿਆਂ ਇਸ ਨੂੰ ਸਕਾਰਾਤਮਕ ਦਿਸ਼ਾ ‘ਚ ਕੀਤੀ ਪੇਸ਼ਕਦਮੀ ਦੱਸਿਆ ਹੈ। ਉਧਰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਅਮਰੀਕਾ ਤੇ ਉੱਤਰੀ ਕੋਰੀਆ ਵਿਚਾਲੇ ਹੋਏ ਕਰਾਰ ਨੂੰ ‘ਅਹਿਮ ਮੀਲਪੱਥਰ’ ਦਸਦਿਆਂ ਆਲਮੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਕੋਰੀਅਨ ਪ੍ਰਾਈਦੀਪ ਵਿੱਚ ਮੁਕੰਮਲ ਨਿਸ਼ਸਤਰੀਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਹਮਾਇਤ ਕਰਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਾਰ ਘੰਟਿਆਂ ਤੋਂ ਵੱਧ ਸਮਾਂ ਚੱਲੀ ਪ੍ਰਬਲ ਗੱਲਬਾਤ ਮਗਰੋਂ ਕਿਹਾ, ”ਬੀਤੇ ਦੇ ਝਗੜੇ ਝੇੜੇ ਨੂੰ ਆਉਣ ਵਾਲੇ ਕੱਲ੍ਹ ਦੀ ਜੰਗ ਨਹੀਂ ਬਣਨ ਦਿੱਤਾ ਜਾ ਸਕਦਾ।” ਅਮਰੀਕੀ ਸਦਰ ਨੇ ਗੱਲਬਾਤ ਨੂੰ ਇਮਾਨਦਾਰ, ਸਿੱਧੀ ਤੇ ਸਪਸ਼ਟ ਅਤੇ ਰਚਨਾਤਮਕ ਦੱਸਿਆ। ਟਰੰਪ ਨੇ ਕਿਹਾ ਕਿ ਕਿਮ ਨੇ ਕੋਰੀਅਨ ਪ੍ਰਾਇਦੀਪ ਦੇ ਨਿਸ਼ਸਤਰੀਕਰਨ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਿਆਂ ਮਿਜ਼ਾਈਲ ਇੰਜਨ ਟੈਸਟ ਸਾਈਟ ਨੂੰ ਤਬਾਹ ਕਰਨ ਦੀ ਸਹਿਮਤੀ ਵੀ ਦਿੱਤੀ ਹੈ। ਉੱਤਰੀ ਕੋਰੀਆ ਦੇ ਆਗੂ ਨਾਲ ਆਪਣੀ ਪਲੇਠੀ ਮੀਟਿੰਗ ਮਗਰੋਂ ਟਰੰਪ ਨੇ ਪੱਤਰਕਾਰਾਂ ਨੂੰ ਦੱੱਸਿਆ ਕਿ ”ਅਸੀਂ ਦੋਵਾਂ ਮੁਲਕਾਂ ਵਿਚਾਲੇ ਨਵਾਂ ਅਧਿਆਏ ਲਿਖਣ ਲਈ ਤਿਆਰ ਹਾਂ।” ਟਰੰਪ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਉੱਤਰੀ ਕੋਰੀਆ ‘ਤੇ ਲੱਗੀਆਂ ਪਾਬੰਦੀਆਂ ਜਾਰੀ ਰਹਿਣਗੀਆਂ। ਨਿਸ਼ਸਤਰੀਕਰਨ ਦੇ ਅਮਲ ਬਾਰੇ ਪੁੱਛੇ ਜਾਣ ‘ਤੇ ਟਰੰਪ ਨੇ ਕਿਹਾ , ”ਅਸੀਂ ਜਲਦੀ ਹੀ ਅਮਲ ਸ਼ੁਰੂ ਕਰਾਂਗੇ੩ਬਹੁਤ ਜਲਦੀ।” ਟਰੰਪ ਨੇ ਕਿਹਾ ਕਿ ਇਸ ਸਬੰਧ ਵਿੱਚ ਅਗਲੇ ਹਫ਼ਤੇ ਮੀਟਿੰਗ ਹੋਵੇਗੀ ਤੇ ਸਮਝੌਤੇ ਨੂੰ ਸਿਰੇ ਚਾੜ੍ਹਨ ਲਈ ਖੇਤਤਰੀ ਮੁਲਕਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਦੋਵਾਂ ਆਗੂਆਂ ਨੇ ਇਕ ਦੂਜੇ ਨਾਲ ਆਹਮੋ-ਸਾਹਮਣੀ ਮੀਟਿੰਗ ਮਗਰੋਂ ਸਾਂਝੇ ਬਿਆਨ ‘ਤੇ ਸਹੀ ਪਾਈ। ਇਸ ਮੀਟਿੰਗ ਵਿੱਚ ਅਨੁਵਾਦਕ ਹੀ ਮੌਜੂਦ ਸਨ। ਮਗਰੋਂ ਇਸ ਮੀਟਿੰਗ ਦਾ ਘੇਰਾ ਵਧਾਉਂਦਿਆਂ ਦੋਵਾਂ ਮੁਲਕਾਂ ਦੇ ਸਿਖਰਲੇ ਆਗੂਆਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ।
ਉਧਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਜਲਦੀ ਹੀ ਇਰਾਨ ਨਾਲ ‘ਅਸਲ ਸਮਝੌਤਾ’ ਕਰਨਗੇ। ਯਾਦ ਰਹੇ ਕਿ ਟਰੰਪ ਨੇ ਓਬਾਮਾ ਪ੍ਰਸ਼ਾਸਨ ਵੱਲੋਂ ਹੋਰਨਾਂ ਵਿਸ਼ਵ ਤਾਕਤਾਂ ਨਾਲ ਮਿਲ ਕੇ ਇਰਾਨ ਨਾਲ ਕੀਤੇ ਮਿਸਾਲੀ ਸਮਝੌਤੇ ਨੂੰ ‘ਸੜ ਚੁੱਕਾ ਤੇ ਖਰਾਬ’ ਦੱਸਦਿਆਂ ਪਿਛਲੇ ਮਹੀਨੇ ਅਮਰੀਕਾ ਨੂੰ ਇਸ ਤੋਂ ਅੱਡ ਕਰ ਲਿਆ ਸੀ। ਟਰੰਪ ਨੇ ਕਿਹਾ ਕਿ ਇਰਾਨ ਹੁਣ ਪਹਿਲਾਂ ਵਾਲਾ ਮੁਲਕ ਨਹੀਂ ਰਿਹਾ। ਤਿੰਨ ਚਾਰ ਮਹੀਨੇ ਪਹਿਲਾਂ ਉਸ ਦੀ ਜੋ ਸਥਿਤੀ ਸੀ, ਉਸ ਵਿੱਚ ਬਦਲਾਅ ਆਇਆ ਹੈ।