ਟਰੰਪ-ਟਰੂਡੋ ਵਿਵਾਦ ‘ਚ ਭਾਰਤ ਵੀ ਘਸੀਟਿਆ ਗਿਆ

ਟਰੰਪ-ਟਰੂਡੋ ਵਿਵਾਦ ‘ਚ ਭਾਰਤ ਵੀ ਘਸੀਟਿਆ ਗਿਆ

ਵਾਸ਼ਿੰਗਟਨ/ਬਿਊਰੋ ਨਿਊਜ਼ :
ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਤਰੀ ਕੋਰੀਆ ਨਾਲ ਗੱਲਬਾਤ ਲਈ ਸਿੰਗਾਪੁਰ ਪੁੱਜਣ ਮਗਰੋਂ ਵਪਾਰਕ ਮੁੱਦਿਆਂ ‘ਤੇ ਕੈਨੇਡਾ ਅਤੇ ਉਥੋਂ ਦੇ ਪ੍ਰਧਾਨ ਮੰਤਰੀ ਖ਼ਿਲਾਫ਼ ਮੁੜ ਮੋਰਚਾ ਖੋਲ੍ਹਿਆ। ਉਨ੍ਹਾਂ ਕਿਹਾ ,” ਮੁਕਤ ਵਪਾਰ ਨੂੰ ਹੁਣ ਮੂਰਖਤਾ ਪੂਰਨ ਵਪਾਰ ਕਿਹਾ ਜਾਵੇਗਾ ਜੇ ਉਹ ਦੁਪਾਸੜ ਨਹੀਂ ਹੈ।”
ਉਧਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਸਮੇਤ ਦੁਨੀਆ ਦੇ ਕੁਝ ਪ੍ਰਮੁੱਖ ਅਰਥਚਾਰਿਆਂ ‘ਤੇ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ‘ਤੇ ਅਮਰੀਕਾ ਨੂੰ ਵਪਾਰ ‘ਚ ਲੁੱਟਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਕੁਝ ਅਮਰੀਕੀ ਵਸਤਾਂ ‘ਤੇ 100 ਫ਼ੀਸਦੀ ਡਿਊਟੀ ਵਸੂਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਟਰੰਪ ਨੇ ਕੈਨੇਡਾ ਵਿੱਚ ਸੱਤ ਸਨਅਤੀ ਮੁਲਕਾਂ ਦੇ ਜੀ-7 ਸਿਖਰ ਸੰਮੇਲਨ ਦੌਰਾਨ ਸਾਂਝੇ ਬਿਆਨ ਤੋਂ ਪਾਸਾ ਵੱਟ ਲਿਆ ਸੀ। ਉਨ੍ਹਾਂ ਸ਼ਿਕਵਾ ਕੀਤਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੀ ਗਈ ਨੁਕਤਾਚੀਨੀ ਨਾਲ ਉਸ ਨੂੰ ਅਣਗੌਲਿਆਂ ਕਰ ਦਿੱਤਾ ਗਿਆ ਸੀ। ਆਪਣੇ ਟਵੀਟ ਵਿੱਚ ਟਰੰਪ ਨੇ ਟਰੂਡੋ ਦੀ ਬੇਇਜ਼ਤੀ ਕਰਦਿਆਂ ਉਨ੍ਹਾਂ ਨੂੰ ਕਮਜ਼ੋਰ ਅਤੇ ਬੇਈਮਾਨ ਕਿਹਾ ਸੀ। ਲੰਮੇ ਸਮੇਂ ਤੋਂ ਦੋਸਤ ਰਹੇ ਕੈਨੇਡਾ ਅਤੇ ਉਸ ਦੇ ਪ੍ਰਧਾਨ ਮੰਤਰੀ ਖ਼ਿਲਾਫ਼ ਕੀਤੀ ਇਸ ਟਿੱਪਣੀ ਕਾਰਨ ਟਰੰਪ ਦੀ ਕਾਫ਼ੀ ਆਲੋਚਨਾ ਹੋਈ ਹੈ। ਜਰਮਨੀ ਦੀ ਚਾਂਸਲਰ ਐਂਜਲਾ ਮਰਕਲ ਨੇ ਕਿਹਾ ਕਿ ਟਰੰਪ ਦਾ ਟਵੀਟ ਨਿਰਾਸ਼ਾਜਨਕ ਹੈ ਅਤੇ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਟੀਵੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ, ” ਇਹ ਮੁਸ਼ਕਲ ਹੈ। ਇਹ ਨਿਰਾਸ਼ਾਜਨਕ ਹੈ, ਪਰ ਇਹ ਅੰਤ ਨਹੀਂ ਹੈ।”
ਦੂਜੇ ਪਾਸੇ ਟਰੰਪ ਦੀ ਟਿੱਪਣੀ ਤੋਂ ਬਾਅਦ ਯੂਰਪੀ ਯੂਨੀਅਨ ਟਰੂਡੋ ਦੇ ਸਮਰਥਨ ਵਿੱਚ ਆ ਗਈ ਹੈ। ਯੂਰਪੀ ਕਮਿਸ਼ਨ ਦੇ ਬੁਲਾਰੇ ਮਾਰਗਰਿਟਿਸ ਸ਼ਿਨਾਸ ਨੇ ਕਿਹਾ ਕਿ ਯੂਰਪੀ ਯੂਨੀਅਨ ਜੀ-7 ਸ਼ਿਖਰ ਸੰਮੇਲਨ ਦੀ ਸਮਾਪਤੀ ਬਾਅਦ ਜਾਰੀ ਸਾਂਝੇ ਬਿਆਨ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਯੂਰਪੀ ਕਮਿਸ਼ਨ ਦੇ ਮੁਖੀ ਜੀਨ ਕਲੌਡ ਜੰਕਰ ਨੇ ਸਿਖਰ ਸੰਮੇਲਨ ਦੀ ਸਫਲ਼ਤਾਪੂਰਨ ਮੇਜ਼ਬਾਨੀ ਲਈ ਜਸਟਿਨ ਟਰੂਡੋ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਪਹਿਲਾਂ ਟਰੰਪ ਜੀ-7 ਸਿਖਰ ਸੰਮੇਲਨ ਦੌਰਾਨ ਵਪਾਰ ਸਬੰਧੀ ਲਏ ਗਏ ਫੈਸਲਿਆਂ ਬਾਰੇ ਸਾਂਝੇ ਬਿਆਨ ਨਾਲ ਸਹਿਮਤ ਸੀ ਪਰ ਮਗਰੋਂ ਉਨ੍ਹਾਂ ਆਪਣੇ ਆਪ ਨੂੰ ਇਸ ਤੋਂ ਵੱਖ ਕਰ ਲਿਆ ਸੀ। ਇਸ ਦੇ ਨਾਲ ਹੀ ਬ੍ਰਿਟੇਨ ਨੇ ਅਮਰੀਕਾ ਨੂੰ ਜੀ-7 ਸੰਮੇਲਨ ਦੌਰਾਨ ਲਏ ਗਏ ਫੈਸਲਿਆਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ। ਟਰੰਪ ਵੱਲੋਂ ਹਾਲੇ ਵੀ ਜੀ-7 ਕਰਾਉਣ ਵਾਲੇ ਮੇਜ਼ਬਾਨ ਮੁਲਕ ਕੈਨੇਡਾ ਵਿਰੁਧ ਕਈ ਕੁਝ ਕਿਹਾ ਜਾ ਰਿਹਾ ਹੈ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਸਮੇਤ ਦੁਨੀਆ ਦੇ ਕੁਝ ਪ੍ਰਮੁੱਖ ਅਰਥਚਾਰਿਆਂ ‘ਤੇ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ‘ਤੇ ਅਮਰੀਕਾ ਨੂੰ ਵਪਾਰ ‘ਚ ਲੁੱਟਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਕੁਝ ਅਮਰੀਕੀ ਵਸਤਾਂ ‘ਤੇ 100 ਫ਼ੀਸਦੀ ਡਿਊਟੀ ਵਸੂਲ ਰਿਹਾ ਹੈ। ਟਰੰਪ ਨੇ ਅਮਰੀਕਾ ਨੂੰ ‘ਲੁੱਟ ਰਹੇ’ ਮੁਲਕਾਂ ਨਾਲ ਵਪਾਰਕ ਰਿਸ਼ਤੇ ਖ਼ਤਮ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਟਰੰਪ ਨੇ ਇਹ ਟਿੱਪਣੀਆਂ ਕੈਨੇਡਾ ਦੇ ਕਿਊਬੈੱਕ ਸਿਟੀ ‘ਚ ਕੀਤੀਆਂ ਜਿਥੇ ਉਹ ਜੀ-7 ਸਿਖਰ ਸੰਮੇਲਨ ‘ਚ ਹਿੱਸਾ ਲੈਣ ਪੁੱਜੇ ਸਨ। ਟਰੰਪ ਨੇ ਇਸ ਸੰਮੇਲਨ ਦੇ ਸਾਂਝੇ ਬਿਆਨ ਨੂੰ ਖਾਰਿਜ ਕਰ ਦਿੱਤਾ ਸੀ ਅਤੇ ਇਕ ਤਰ੍ਹਾਂ ਨਾਲ ਮੇਜ਼ਬਾਨ ਮੁਲਕ ਦੀ ‘ਬੇਇੱਜ਼ਤੀ’ ਕੀਤੀ ਸੀ। ਟਰੰਪ ਨੇ ਸ਼ਨਿੱਚਰਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ,”ਅਸੀਂ ਤਾਂ ਗੋਲਕ ਵਾਂਗ ਹੋ ਗਏ ਜਿਸ ਨੂੰ ਹਰ ਕੋਈ ਲੁੱਟਣ ‘ਤੇ ਲੱਗਾ ਹੋਇਆ ਹੈ।” ਟਰੰਪ ਨੇ ਕਿਹਾ,”ਇਹ ਸਿਰਫ਼ ਜੀ-7 ਮੁਲਕਾਂ ਨਾਲ ਹੀ ਨਹੀਂ ਹੈ। ਭਾਰਤ ਵੀ ਹੈ ਜਿਥੇ ਕੁਝ ਉਤਪਾਦਾਂ ‘ਤੇ 100 ਫ਼ੀਸਦੀ ਡਿਊਟੀ ਹੈ ਜਦਕਿ ਅਸੀ ਕੁਝ ਵੀ ਚਾਰਜ ਨਹੀਂ ਕਰਦੇ। ਅਸੀਂ ਕਈ ਹੋਰ ਮੁਲਕਾਂ ਨਾਲ ਗੱਲਬਾਤ ਕਰ ਰਹੇ ਹਾਂ।”
ਜ਼ਿਕਰਯੋਗ ਹੈ ਕਿ ਟਰੰਪ ਨੇ ਭਾਰਤ ‘ਚ ਹਾਰਲੇ ਡੇਵਿਡਸਨ ਮੋਟਰਸਾਈਕਲਾਂ ‘ਤੇ ਵਧ ਡਿਊਟੀ ਲਗਾਏ ਜਾਣ ਦਾ ਮੁੱਦਾ ਕਈ ਵਾਰ ਉਠਾਇਆ ਹੈ।