ਭਾਰਤੀ ਪੱਤਰਕਾਰ ਰਾਣਾ ਅਯੂਬ ਦੀ ਸੁਰੱਖਿਆ ਨੂੰ ਲੈ ਕੇ ਯੂਐਨ ਮਾਹਿਰ ਚਿੰਤਤ

ਭਾਰਤੀ ਪੱਤਰਕਾਰ ਰਾਣਾ ਅਯੂਬ ਦੀ ਸੁਰੱਖਿਆ ਨੂੰ ਲੈ ਕੇ ਯੂਐਨ ਮਾਹਿਰ ਚਿੰਤਤ

ਨਿਊਯਾਰਕ/ਬਿਊਰੋ ਨਿਊਜ਼ :
ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਮਾਹਿਰਾਂ ਦੇ ਇਕ ਗਰੁੱਪ ਨੇ ਪੱਤਰਕਾਰ ਰਾਣਾ ਅਯੁਬ ਨੂੰ ਧਮਕੀਆਂ ਦੇਣ ‘ਤੇ ਚਿੰਤਾ ਜ਼ਾਹਰ ਕੀਤੀ ਹੈ ਤੇ ਭਾਰਤ ਸਰਕਾਰ ਨੂੰ ਉਸ ਦੀ ਸੁਰੱਖਿਆ ਲਈ ਫੌਰੀ ਕਦਮ ਚੁੱਕਣ ਅਤੇ ਉਸ ਨੂੰ ਮਿਲ ਰਹੀਆਂ ਧਮਕੀਆਂ ਦੀ ਜਲਦੀ ਵਿਆਪਕ ਜਾਂਚ ਕਰਾਉਣ ਲਈ ਕਿਹਾ ਹੈ।
ਯੂਐਨ ਮਾਹਿਰਾਂ ਨੇ ਕਿਹਾ, ” ਅਸੀਂ ਬਹੁਤ ਹੀ ਚਿੰਤਤ ਹਾਂ ਕਿ ਪ੍ਰੇਸ਼ਾਨਕੁਨ ਧਮਕੀਆਂ ਮਿਲਣ ਤੋਂ ਬਾਅਦ ਰਾਣਾ ਅਯੂਬ ਦੀ ਜਾਨ ਨੂੰ ਗੰਭੀਰ ਖ਼ਤਰਾ ਹੈ।” ਗੌਰਤਲਬ ਹੈ ਕਿ  ਅਯੂਬ ਇਕ ਸੁਤੰਤਰ ਪੱਤਰਕਾਰ ਤੇ ਲੇਖਕਾ ਹੈ ਜਿਸ ਨੇ ਸਰਕਾਰੀ ਅਫ਼ਸਰਾਂ ਵੱਲੋਂ ਕੀਤੇ ਅਪਰਾਧਾਂ ਦੀ ਜਾਂਚ ਕਰ ਕੇ ਸਿੱਟੇ ਸਾਹਮਣੇ ਲਿਆਂਦੇ ਸੀ। ਇਨ੍ਹਾਂ ਮਾਹਿਰਾਂ, ਜਿਨ੍ਹਾਂ ਵਿੱਚ ਐਗਨਿਸ ਕੈਲਾਮਾਰਡ, ਮਾਈਕਲ ਫੌਰਸਟ, ਡੇਵਿਡ ਕੇਅ ਤੇ ਅਹਿਮਦ ਸ਼ਾਹੀਦ ਸ਼ਾਮਲ ਹਨ, ਨੇ ਭਾਰਤੀ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦਾ ਚੇਤਾ ਕਰਾਇਆ ਜਿਸ ਨੂੰ ਉਸ ਦੇ ਕੰਮ ਕਰ ਕੇ ਇਸ ਤਰ੍ਹਾਂ ਦੀਆਂ ਧਮਕੀਆਂ ਮਿਲਦੀਆਂ ਸਨ।