ਅਮਰੀਕੀ ਹਵਾਈ ਅੱਡੇ ‘ਤੇ ਕੈਨੇਡੀਅਨ ਸਿੱਖ ਮੰਤਰੀ ਦੀ ਪੱਗ ਲਾਹੁਣ ਦੀ ਕੋਸ਼ਿਸ਼

ਅਮਰੀਕੀ ਹਵਾਈ ਅੱਡੇ ‘ਤੇ ਕੈਨੇਡੀਅਨ ਸਿੱਖ ਮੰਤਰੀ ਦੀ ਪੱਗ ਲਾਹੁਣ ਦੀ ਕੋਸ਼ਿਸ਼

ਟੋਰਾਂਟੋ/ਬਿਊਰੋ ਨਿਊਜ਼ :
ਕੈਨੇਡਾ ਦੇ ਇਕ ਸਿੱਖ ਮੰਤਰੀ ਨੂੰ ਹਵਾਈ ਯਾਤਰਾ ਦੌਰਾਨ ਅਮਰੀਕਾ ਦੇ ਡੈਟਰੌਇਟ ਹਵਾਈ ਅੱਡੇ ‘ਤੇ ਸੁਰੱਖਿਆ ਸਬੰਧੀ ਜਾਂਚ ਲਈ ਆਪਣੀ ਪੱਗ ਲਾਹੁਣ ਲਈ ਕਿਹਾ ਗਿਆ ਜਦੋਂ ਕਿ ਹਵਾਈ ਅੱਡੇ ਦਾ ਮੈਟਲ ਡਿਟੈਕਟਰ ਬਿਲਕੁਲ ਸਹੀ ਕੰਮ ਕਰ ਰਿਹਾ ਸੀ। ਕੈਨੇਡਾ ਦੇ ਸਾਇੰਸ, ਖੋਜ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਨੇ ਇਥੇ ਫਰੈਂਚ ਭਾਸ਼ਾ ਦੇ ਇਕ ਅਖ਼ਬਾਰ ਨੂੰ ਦੱਸਿਆ ਕਿ ਉਹ ਅਪਰੈਲ ਵਿੱਚ ਜਦੋਂ ਮਿਸ਼ੀਗਨ ਸਟੇਟ ਦੇ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਟੋਰਾਂਟੋ ਪਰਤ ਰਹੇ ਸਨ ਤਾਂ ਡੈਟਰੌਇਟ ਮੈਟਰੋ ਹਵਾਈ ਅੱਡੇ ‘ਤੇ ਉਨ੍ਹਾਂ ਸਾਰੀ ਸੁਰੱਖਿਆ ਪ੍ਰਕਿਰਿਆ ਪੂਰੀ ਕਰ ਲਈ ਪਰ ਪੱਗ ਬੰਨ੍ਹੇ ਹੋਣ ਕਾਰਨ ਉਨ੍ਹਾਂ ਨੂੰ ਵਾਧੂ ਸੁਰੱਖਿਆ ਜਾਂਚ ਕਰਾਉਣ ਲਈ ਕਿਹਾ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਪੱਗ ਲਾਹ ਕੇ ਜਾਂਚ ਕਰਾਉਣ।
ਇਸ ‘ਤੇ ਸ੍ਰੀ ਬੈਂਸ ਨੇ ਕਿਹਾ,  ”ਜਦੋਂ ਤੁਹਾਡੇ ਸਾਰੇ ਮੈਟਲ ਡਿਟੈਕਟਰ ਸਹੀ ਕੰਮ ਕਰ ਰਹੇ ਹਨ ਤਾਂ ਮੈਂ ਆਪਣੀ ਪੱਗ ਕਿਉਂ ਲਾਹਵਾਂ।” ਅਮਰੀਕਾ ਨੇ 2007 ਵਿੱਚ ਆਪਣੀ ਯਾਤਰਾ ਪਾਲਸੀ ਵਿੱਚ ਬਦਲਾਅ ਕੀਤਾ ਸੀ ਜਿਸ ਵਿੱਚ ਸਿੱਖਾਂ ਨੂੰ ਪੱਗ ਸਮੇਤ ਸੁਰੱਖਿਆ ਪ੍ਰਕਿਰਿਆ ‘ਚੋਂ ਨਿਕਲਣ ਦੀ ਆਗਿਆ ਦਿੱਤੀ ਗਈ ਸੀ। ਸ੍ਰੀ ਬੈਂਸ ਨੇ ਕਿਹਾ ਕਿ ਜਦੋਂ ਉਹ ਯਾਤਰਾ ਕਰਦੇ ਹਨ ਤਾਂ ਆਮ ਤੌਰ ‘ਤੇ ਕੈਬਨਿਟ ਮੰਤਰੀ ਵਜੋਂ ਆਪਣੀ ਪਛਾਣ ਜਨਤਕ ਨਹੀਂ ਕਰਦੇ ਕਿਉਂ ਜੋ ਇਸ ਨਾਲ ਆਮ ਜਨਤਾ ਵੱਲੋਂ  ਯਾਤਰਾ ਦੌਰਾਨ ਝੱਲੀਆਂ ਜਾਂਦੀਆਂ ਪ੍ਰੇਸ਼ਾਨੀਆਂ ਦਾ ਪਤਾ ਲੱਗਦਾ ਹੈ। ਇਸ ਘਟਨਾ ਨੂੰ ਲੈ ਕੇ ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਅਮਰੀਕਾ ਕੋਲ ਰੋਸ ਪ੍ਰਗਟ ਕੀਤਾ ਜਿਸ ‘ਤੇ ਅਮਰੀਕਾ ਦੇ ਸੁਰੱਖਿਆ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਮੁਆਫ਼ੀ ਮੰਗੀ ਹੈ।