ਵਲਾਦੀਮੀਰ ਪੂਤਿਨ ਨੇ ਚੌਥੀ ਵਾਰ ਮੱਲਿਆ ਰੂਸ ਦੇ ਰਾਸ਼ਟਰਪਤੀ ਦਾ ਅਹੁਦਾ

ਵਲਾਦੀਮੀਰ ਪੂਤਿਨ ਨੇ ਚੌਥੀ ਵਾਰ ਮੱਲਿਆ ਰੂਸ ਦੇ ਰਾਸ਼ਟਰਪਤੀ ਦਾ ਅਹੁਦਾ

ਮਾਸਕੋ/ਬਿਊਰੋ ਨਿਊਜ਼ :
ਰੂਸ ਦੇ ਰਾਸ਼ਟਰਪਤੀ ਵਜੋ ਵਲਾਦੀਮੀਰ ਪੂਤਿਨ ਨੇ ਆਪਣੇ ਕਾਰਜਕਾਲ ਦੀ ਚੌਥੀ ਪਾਰੀ ਚੌਥੀ ਦੀ ਸ਼ੁਰੂਆਤ ਪੂਰੇ ਜਾਹੋਜਲਾਲ ਨਾਲ ਕੀਤੀ ਹੈ। ਪੂਤਿਨ ਨੇ ਰੂਸ ਦੇ ਨਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲ ਲਿਆ ਹੈ। ਸ੍ਰੀ ਪੂਤਿਨ ਨੇ ਆਪਣੇ ਚੌਥੇ ਕਾਰਜਕਾਲ ਦੌਰਾਨ ਦੇਸ਼ ਦੇ ਅਰਥਚਾਰੇ ਵਿੱਚ ਨਵੀਂ ਰੂਹ ਫੂਕਣ ਦਾ ਅਹਿਦ ਲਿਆ ਹੈ। ਸਹੁੰ ਚੁੱਕ ਸਮਾਗਮ ਮੌਕੇ ਉਨ੍ਹਾਂ ਰੂਸੀ ਸੰਵਿਧਾਨ ‘ਤੇ ਹੱਥ ਰੱਖ ਕੇ ਕਿਹਾ ” ਮੈਂ ਸਮਝਦਾ ਹਾਂ ਕਿ ਇਹ ਮੇਰਾ ਫ਼ਰਜ਼ ਤੇ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਹੈ ਕਿ ਰੂਸ ਲਈ ਸਭ ਕੁਝ ਸੰਭਵ ਬਣਾ ਸਕਾਂ।”
ਕ੍ਰੈਮਲਿਨ ਮਹਿਲ ਕੰਪਲੈਕਸ ਵਿੱਚ ਆਂਦਰੇਯੇਵ ਹਾਲ ਵਿੱਚ ਹੋਏ ਸਹੁੰ ਚੁੱਕ ਸਮਾਗਮ ਵਿੱਚ ਕਈ ਮਾਣਮੱਤੇ ਮਹਿਮਾਨ ਪਹੁੰਚੇ ਹੋਏ ਸਨ।  ਸ੍ਰੀ ਪੂਤਿਨ ਸਮਾਗਮ ਲਈ ਕਾਲੇ ਰੰਗ ਦੀ ਰੂਸੀ ਲਿਮੋਜ਼ੀਨ ਕਾਰ ਵਿੱਚ ਪੁੱਜੇ ਸਨ ਜਦਕਿ ਪਹਿਲੇ ਮੌਕਿਆਂ ‘ਤੇ ਉਹ ਮਰਸਿਡੀਜ਼ ਇਸਤੇਮਾਲ ਕਰਦੇ ਸਨ। ਉਹ ਲਗਪਗ ਦੋ ਦਹਾਕਿਆਂ ਤੋਂ ਸੱਤਾ ‘ਚ ਹਨ ਤੇ ਇਸ ਵਕਤ ਜਦੋਂ ਰੂਸ ਦਾ ਕਈ ਪੱਛਮੀ ਦੇਸ਼ਾਂ ਨਾਲ ਤਣਾਅ ਬਣਿਆ ਹੋਇਆ ਹੈ ਤਾਂ ਉਨ੍ਹਾਂ ਦੇ ਕਾਰਜਕਾਲ ਦੀ ਇਕ ਹੋਰ ਛੇ ਸਾਲਾ ਪਾਰੀ ਸ਼ੁਰੂ ਹੋ ਗਈ ਹੈ।
65 ਸਾਲਾ ਪੂਤਿਨ 1999 ਵਿੱਚ ਸੱਤਾ ਵਿੱਚ ਆਏ ਸਨ ਤੇ ਹੁਣ ਉਹ ਜੋਸੇਫ ਸਟਾਲਿਨ ਤੋਂ ਬਾਅਦ ਰੂਸ ਦੇ ਸਭ ਤੋਂ ਲੰਮਾ ਸਮਾਂ ਸੱਤਾ ਵਿੱਚ ਰਹਿਣ ਵਾਲੇ ਆਗੂ ਬਣਨ ਦੇ ਰਾਹ ‘ਤੇ ਹਨ। ਮਾਰਚ ਮਹੀਨੇ ਹੋਈਆਂ ਚੋਣਾਂ ਵਿੱਚ ਪੂਤਿਨ ਨੂੰ 77 ਫ਼ੀਸਦ ਵੋਟਾਂ ਮਿਲੀਆਂ ਸਨ ਪਰ ਉਨ੍ਹਾਂ ਦੇ ਕੱਟੜ ਵਿਰੋਧੀ ‘ਤੇ ਪਾਬੰਦੀ ਲਾ ਦਿੱਤੀ ਗਈ ਸੀ।