ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਚੜ੍ਹਦੀ ਕਲਾ ਨਾਲ ਮਨਾਇਆ ‘ਖਾਲਿਸਤਾਨ ਐਲਾਨ ਦਿਵਸ’’

ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਚੜ੍ਹਦੀ ਕਲਾ ਨਾਲ ਮਨਾਇਆ ‘ਖਾਲਿਸਤਾਨ ਐਲਾਨ ਦਿਵਸ’’

ਫਰੀਮਾਂਟ/ਬਲਵਿੰਦਰਪਾਲ ਸਿੰਘ ਖਾਲਸਾ :
ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਿਪਤ ਗੁਰਦੁਆਰਾ ਸਾਹਿਬ ਫਰੀਮਾਂਟ ਵਿਚ 32ਵਾਂ ਖਾਲਿਸਤਾਨ ਐਲਾਨ ਦਿਵਸ ਚੜ੍ਹਦੀ ਕਲਾ ਤੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਕੁਦਰਤੀ ਐਲਾਨ ਦਿਵਸ ਐਤਵਾਰ ਵਾਲੇ ਹਫਤਾਵਾਰੀ ਦੀਵਾਨ ਵਾਲੇ ਦਿਨ ਹੀ ਆ ਗਿਆ।
ਇਸ ਦਿਨ ਦੀ ਮਹਤੱਤਾ ਤੇ ਇਤਿਹਾਸਕਤਾ ਬਾਰੇ ਪਹਿਲਾਂ ਕਥਾਕਾਰ ਭਾਈ ਮਨਜੀਤ ਸਿੰਘ ਨੇ ਚਾਨਣਾ ਪਾਇਆ ਕਿ ਕਿਵੇਂ  26 ਜਨਵਰੀ, 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਉਤੇ ਸਰਬੱਤ ਖਾਲਸਾ ਦਾ ਠਾਠਾਂ ਮਾਰਦਾ ਇਕੱਠ ਹੋਇਆ, ਜਿਸ ਵਿਚ ਪੰਥਕ ਕਮੇਟੀ ਦੀ ਸਥਾਪਨਾ ਕੀਤੀ ਗਈ, ਜਿਸ ਵਿਚ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਅਰੂੜ ਸਿੰਘ, ਭਾਈ ਵਸੱਣ ਸਿੰਘ ਜ਼ਫਰਵਾਲ, ਭਾਈ ਧੰਨਾ ਸਿੰਘ ਤੇ ਭਾਈ ਗੁਰਦੇਵ ਸਿੰਘ ਉਸਮਾਨ ਸਨ। ਇਸ ਕਮੇਟੀ ਨੇ 29 ਅਪ੍ਰੈਲ, 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਿਸਤਾਨ ਦਾ ਐਲਾਨ ਕੀਤਾ। ਇਹ ਬਹੁਤ ਹੀ ਇਤਿਹਾਸਕ ਦਿਨ ਸੀ, ਜਿਸ ਨੂੰ ਸਿੱਖ ਕੌਮ ਪੂਰੇ ਸੰਸਾਰ ਵਿਚ ਮਨਾਉਂਦੀ ਆ ਰਹੀ ਹੈ ਤੇ ਇਹ ਦਿਨ ਖਾਲਿਸਤਾਨ ਦੀ ਕਾਇਮੀ ਤੋਂ ਬਾਦ ਵੀ ਵਡੇ ਪੱਧਰ ਉਤੇ ਮਨਾਇਆ ਜਾਂਦਾ ਰਹੇਗਾ।
ਉਸ ਤੋਂ ਬਾਅਦ ਇੰਗਲੈਂਡ ਤੋਂ ਪਹੁੰਚੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਭਰਾ ਭਾਈ ਅਮਰਜੀਤ ਸਿੰਘ ਖਾਲੜਾ ਨੇ  ਖਾਲਿਸਤਾਨ ਐਲਾਨ ਦਿਵਸ ਦੀ ਮਹਾਨਤਾ ਬਾਰੇ ਚਾਨਣਾ ਪਾਇਆ ਤੇ ਦੱਸਿਆ ਕਿ ਖਾਲਸਾ ਰਾਜ ਗੁਰੂ ਗਰੰਥ ਸਾਹਿਬ ਜੀ ਦੀ ਰੱਬੀ ਬਾਣੀ ਅਨੁਸਾਰ ਲਾਗੂ ਹੋਣਾ ਹੈ ਤੇ ਇਹੀ ਇਸਦੀ ਸਥਾਪਨਾ ਦਾ ਵਡਾ ਕਾਰਨ ਹੈ, ਖਾਲਿਸਤਾਨ ਦੀ ਸਥਾਪਤੀ ਗੁਰੂ ਸਾਹਿਬਾਂ ਦੇ ਹੁਕਮਾਂ ਅਧੀਨ ਹੈ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਇਸਦੀ ਕਾਇਮੀ ਬਹੁਤ ਜ਼ਰੁਰੀ ਹੈ ਤੇ ਇਸ ਕਰਕੇ ਅਜਿਹੇ ਮਹਾਨ ਦਿਨ ਹਰ ਸਾਲ ਮਨਾਏ ਜਾਣੇ ਚਾਹੀਦੇ ਹਨ। ਆਪਣੀ ਕੌਮ ਦੀ ਗੁਲਾਮੀ ਉਤਾਰਨ ਲਈ ਆਪਣਾ ਖਾਲਸਾ ਰਾਜ ਲਾਜ਼ਮੀ ਹੈ।
ਭਾਈ ਅਮਰਜੀਤ ਸਿੰਘ ਖਾਲੜਾ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ  ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ।
ਉਪਰੰਤ ਬਾਹਰ ਨਿਸ਼ਾਨ ਸਾਹਿਬ ਦੇ ਚੌਗਿਰਦੇ ਦੁਆਲੇ ਕੈਲੇਫੋਰਨੀਆ ਗਤਕਾ ਦਲ ਦੇ ਜਥੇਦਾਰ ਜਸਪ੍ਰੀਤ ਸਿੰਘ ਦੀ ਅਗਵਾਈ ਵਿਚ ਨਿਸ਼ਾਨ ਸਾਹਿਬ-ਖਾਲਿਸਤਾਨ ਦੇ ਝੰਡੇ ਨੂੰ ਗੁਰਬਾਣੀ ਦੀ ਰੌਸ਼ਨੀ ਵਿਚ ਸਲਾਮੀ ਪੇਸ਼ ਕੀਤੀ ਗਈ ਤੇ ‘ਬੋਲੇ ਸੋ ਨਿਹਾਲ’ ਤੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਜੈਕਾਰੇ ਬੁਲਾਏ ਗਏ ਜਿਸਦਾ ਸੰਗਤਾਂ ਨੇ ਜ਼ੋਰਦਾਰ ਸੁਆਗਤ ਕੀਤਾ। ਨਿਸ਼ਾਨ ਸਾਹਿਬ ਦੇ ਸਨਮੁੱਖ ਖਾਲਿਸਤਾਨ ਦੀ ਕਾਇਮੀ ਲਈ ਅਰਦਾਸ ਬੇਨਤੀ ਕੀਤੀ ਗਈ। ਸਲਾਮੀ ਦੀ ਮਰਿਆਦਾ ਤੋਂ ਬਾਦ ਗਤਕੇ ਦੇ ਜੌਹਰ ਪੇਸ਼ ਕੀਤੇ ਗਏ।
ਵਰਨਣਯੋਗ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਖਾਲਿਸਤਾਨ ਐਲਾਨ ਦਿਵਸ ਚੜ੍ਹਦੀ ਕਲਾ, ਖੁਸ਼ੀਆਂ ਤੇ ਭਾਰੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।