ਡਾ: ਐੱਸ ਪੀ ਸਿੰਘ ਤੇ ਸਹਿਜਪ੍ਰੀਤ ਮਾਂਗਟ ਦਾ ਪੰਜਾਬ ਭਵਨ ਕੈਨੇਡਾ ‘ਚ ਸਨਮਾਨ

ਡਾ: ਐੱਸ ਪੀ ਸਿੰਘ ਤੇ ਸਹਿਜਪ੍ਰੀਤ ਮਾਂਗਟ   ਦਾ ਪੰਜਾਬ ਭਵਨ ਕੈਨੇਡਾ ‘ਚ ਸਨਮਾਨ

ਵੈਨਕੂਵਰ/ਬਿਊਰੋ ਨਿਊਜ਼:
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਪਰਵਾਸੀ ਸਾਹਿੱਤ ਅਧਿਐਨ ਨੂੰ ਯੂਨੀਵਰਸਟੀਆਂ ਚ ਸਿਲੇਬਸ ਦਾ ਹਿੱਸਾ ਬਣਾਉਣ ਵਾਲੇ ਡਾ: ਐੱਸ ਪੀ ਸਿੰਘ, ਕੈਨੇਡਾ ਵੱਸਦੀ ਉੱਘੀ ਲੇਖਿਕਾ ਇੰਦਰਜੀਤ ਕੌਰ ਸਿੱਧੂ ਤੇ ਪੰਜਾਬੀ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਮੀਤ ਪ੍ਰਧਾਨ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੂੰ ਪੰਜਾਬ ਭਵਨ ਸਰੀ (ਕੈਨੇਡਾ) ਚ ਵੈਨਕੂਵਰ ਵਿਚਾਰ ਮੰਚ ਤੇ ਪੰਜਾਬ ਭਵਨ ਸਰੀ ਵੱਲੋਂ ਇੱਕ ਸਮਾਗਮ ਮੌਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ  ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਨੇ ਕਿਹਾ ਕਿ ਜੀ. ਜੀ. ਐੱਨ. ਖਾਲਸਾ ਕਾਲਿਜ ਲੁਧਿਆਣਾ ਚ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਵੱਖਰੀ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ  ਦਾ ਨੀਂਹ ਪੱਥਰ ਨੇੜਲੇ ਭਵਿੱਖ ਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤ੍ਰੈਮਾਸਿਕ ਖੋਜ ਪੱਤਰ ‘ਪਰਵਾਸ’ ਨੂੰ ਵੀ ਮੁੜ ਨਵੀਂ ਵਿਉਂਤਕਾਰੀ ਨਾਲ ਆਰੰਭ ਕਰਨ  ਦੀ ਯੋਜਨਾ ਹੈ।  ਉਨ੍ਹਾਂ ਪੰਜਾਬ ਭਵਨ ਨਾਲ ਸਾਂਝ ਨੂੰ ਸ਼ਕਤੀ ਵਜੋਂ ਪਰਵਾਨਿਆ ਤੇ ਕਿਹਾ ਕਿ ਦੁਵੱਲੇ ਸਹਿਯੋਗ ਨੂੰ ਹੋਰ ਮਜਬੂਤ ਕੀਤਾ ਜਾਵੇਗਾ।  ਸਹਿਜਪ੍ਰੀਤ ਸਿੰਘ ਮਾਂਗਟ ਨੇ ਆਪਣੀ ਸਾਹਿੱਤਕ ਯਾਤਰਾ ਚ ਆਪਣੇ ਮਾਤਾ ਜੀ ਤੋਂ ਇਲਾਵਾ ਡਾ: ਦੀਪਕ ਮਨਮੋਹਨ, ਉਜਾਗਰ ਸਿੰਘ ਕੰਵਲ ਤੇ ਗੁਰਭਜਨ ਗਿੱਲ ਵੱਲੋਂ ਮਿਲੇ ਸਨੇਹ ਦਾ ਵਿਸ਼ੇਸ਼ ਜ਼ਿਕਰ ਕੀਤਾ।  ਇਸ ਮੌਕੇ ਸੁੱਖੀ ਬਾਠ, ਜਰਨੈਲ ਸਿੰਘ ਸੇਖਾ, ਮੰਗਾ ਬਾਸੀ, ਜਰਨੈਲ ਸਿੰਘ ਆਰਟਿਸਟ, ਡਾ. ਪ੍ਰਿਥੀਪਾਲ ਸਿੰਘ ਸੋਹੀ, ਮੋਹਨ ਗਿੱਲ, ਅੰਗਰੇਜ਼ ਬਰਾੜ, ਕ੍ਰਿਸ਼ਨ ਭਨੋਟ, ਹਰਚੰਦ ਸਿੰਘ ਬਾਗੜੀ ਦੰਪਤੀ, ਅਮਰੀਕ ਪਲਾਹੀ, ਕਵਿੰਦਰ ਚਾਂਦ ਤੋਂ ਇਲਾਵਾ ਕਈ ਹੋਰ ਸਿਰਕੱਢ ਵਿਅਕਤੀ ਹਾਜ਼ਰ ਸਨ।  ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ ਨੇ ਕਿਹਾ ਕਿ ਮੇਰੇ ਪਿਤਾ ਜੀ ਸ ਅਰਜਨ ਸਿੰਘ ਬਾਠ ਜੀ ਦੀ ਯਾਦ ਚ ਸਥਾਪਤ ਪੰਜਾਬ ਭਵਨ ਇੰਨੀ ਥੋੜੀ ਉਮਰ ‘ਚ ਹੀ ਡੂੰਘੀਆਂ ਜੜ੍ਹਾਂ ਵਾਲਾ ਘਣਛਾਵਾਂ ਬਿਰਖ ਬਣ ਜਾਵੇਗਾ, ਮੈਂ ਕਦੇ ਨਹੀਂ ਸੀ ਸੋਚਿਆ। ਸਭ ਲੇਖਕਾਂ ਨੇ ਸਮਾਗਮ ਚ ਭਰਵੀਂ ਸ਼ਿਰਕਤ ਕੀਤੀ।  ਪੰਜਾਬੀ ਲੇਖਕ ਮੋਹਨ ਗਿੱਲ ਤੇ ਅੰਗਰੇਜ਼ ਬਰਾੜ ਨੇ ਸਭ ਮਹਿਮਾਨ ਦਾ ਧੰਨਵਾਦ ਕੀਤਾ।