ਉੱਤਰੀ ਤੇ ਦੱਖਣੀ ਕੋਰੀਆ ਵੱਲੋਂ ਹੌਟਲਾਈਨ ਸਥਾਪਤ

ਉੱਤਰੀ ਤੇ ਦੱਖਣੀ ਕੋਰੀਆ ਵੱਲੋਂ ਹੌਟਲਾਈਨ ਸਥਾਪਤ

ਸਿਓਲ/ਬਿਊਰੋ ਨਿਊਜ਼
ਉੱਤਰੀ ਤੇ ਦੱਖਣੀ ਕੋਰੀਆ ਨੇ ਅਗਲੇ ਹਫ਼ਤੇ ਹੋਣ ਵਾਲੇ ਸਿਖਰ ਸੰਮੇਲਨ ਤੋਂ ਪਹਿਲਾਂ ਦੋਵਾਂ ਮੁਲਕਾਂ ਦੇ ਆਗੂਆਂ ਵਿਚਾਲੇ ਪਹਿਲੀ ਹੌਟਲਾਈਨ ਸਥਾਪਤ ਕਰ ਦਿੱਤੀ ਹੈ। ਇਸ ਸੰਮੇਲਨ ਦੌਰਾਨ ਪਿਓਂਗਯਾਂਗ ਨਾਲ ਪਰਮਾਣੂ ਮੁੱਦੇ ‘ਤੇ ਬਣੇ ਟਕਰਾਅ ਨੂੰ ਸੁਲਝਾਉਣ ਦਾ ਯਤਨ ਕੀਤਾ ਜਾਵੇਗਾ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਇਸ ਹੌਟਲਾਈਨ ਤੋਂ ਸਿਓਲ ਦੇ ਰਾਸ਼ਟਰਪਤੀ ਦੇ ਅਧਿਕਾਰਤ ਦਫ਼ਤਰ ਬਲੂ ਹਾਊਸ ਤੋਂ ਪਿਓਂਗਯਾਗ ਦੇ ਗ੍ਰਹਿ ਮਾਮਲਿਆਂ ਬਾਰੇ ਕਮਿਸ਼ਨ ਨੂੰ ਕੀਤੀ ਗਈ ਟੈਸਟ ਕਾਲ ਸਫ਼ਲ ਰਹੀ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਅ ਇਨ ਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਦੀ ਅਗਲੇ ਸ਼ੁੱਕਰਵਾਰ ਨੂੰ ਇਕ ਦੂਜੇ ਦੇ ਰੂਬਰੂ ਹੋਣ ਤੋਂ ਪਹਿਲਾਂ ਇਕ ਵਾਰ ਇਸ ਹੌਟਲਾਈਨ ‘ਤੇ ਗੱਲ ਕਰਨ ਦੀ ਯੋਜਨਾ ਹੈ। ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਨਵੀਂ ਲਾਈਨ ਸੰਵਾਦ ਦੇ ਨਾਲ ਨਾਲ ਤਣਾਅ ਦੇ ਸਮੇਂ ਦੌਰਾਨ ਹੋਈਆਂ ਗ਼ਲਤਫ਼ਹਿਮੀਆਂ ਨੂੰ ਘਟਾਉਣ ‘ਚ ਮਦਦਗਾਰ ਸਾਬਤ ਹੋਵੇਗੀ।