ਮੈਕਸਿਕੋ ਸਰਹੱਦ ‘ਤੇ ਕੰਧ ਦੀ ਉਸਾਰੀ ਛੇਤੀ ਸ਼ੁਰੂ ਹੋ ਜਾਵੇਗੀ: ਟਰੰਪ

ਮੈਕਸਿਕੋ ਸਰਹੱਦ ‘ਤੇ ਕੰਧ ਦੀ ਉਸਾਰੀ ਛੇਤੀ ਸ਼ੁਰੂ ਹੋ ਜਾਵੇਗੀ: ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼:
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ-ਮੈਕਸਿਕੋ ਸਰਹੱਦ ‘ਤੇ ਕੰਧ ਦੀ ਉਸਾਰੀ ਦਾ ਕੰਮ ਲੋੜੀਂਦੇ ਫ਼ੰਡ ਮਿਲਦੇ ਹੀ ਫ਼ੌਰੀ ਸ਼ੁਰੂ ਹੋ ਜਾਵੇਗਾ। ਅਮਰੀਕੀ ਸੰਸਦ ਨੇ ਅਜੇ ਪਿਛਲੇ ਹਫ਼ਤੇ ਕੰਧ ਦੀ ਉਸਾਰੀ ਲਈ 1.6 ਅਰਬ ਡਾਲਰ ਦੇ ਫ਼ੰਡ ਨੂੰ ਪ੍ਰਵਾਨਗੀ ਦਿੱਤੀ ਸੀ। ਟਰੰਪ ਨੇ ਇਕ ਟਵੀਟ ‘ਚ ਕਿਹਾ, ‘1.6 ਅਰਬ ਡਾਲਰ ਦੀ ਰਾਸ਼ੀ ਨਾਲ ਸਰਹੱਦ ‘ਤੇ ਕੰਧ ਦੀ ਉਸਾਰੀ ਲਈ ਕਾਫ਼ੀ ਕੁਝ ਕੀਤਾ ਜਾ ਸਕਦਾ ਹੈ। ਇਹ ਤਾਂ ਮਹਿਜ਼ ਡਾਊਨ ਪੇਮੈਂਟ ਹੈ। ਕੰਮ ਫ਼ੌਰੀ ਸ਼ੁਰੂ ਹੋ ਜਾਵੇਗਾ।’ ਯਾਦ ਰਹੇ ਕਿ ਲੰਘੇ ਸ਼ੁੱਕਰਵਾਰ ਨੂੰ ਸੰਘੀ ਸਰਕਾਰ ਦਾ ਕੰਮਕਾਜ ਚਲਾਉਣ ਲਈ ਫੰਡਾਂ ਦੀ ਸੰਭਾਵੀ ਘਾਟ ਆਉਣ ਤੋਂ ਪਹਿਲਾਂ ਹੀ ਅਮਰੀਕੀ ਕਾਂਗਰਸ ਨੇ ਵਿੱਤੀ ਸਾਲ 2018 ਲਈ 1.3 ਖਰਬ ਡਾਲਰ ਦੇ ਬਜਟ ਬਿੱਲ ਨੂੰ ਹਰੀ ਝੰਡੀ ਵਿਖਾ ਦਿੱਤੀ। ਇਸ ਬਜਟ ਵਿੱਚ ਵਿਵਾਦਿਤ ਕੰਧ ਦੀ ਉਸਾਰੀ ਲਈ ਰੱਖੇ 1.6 ਅਰਬ ਅਮਰੀਕੀ ਡਾਲਰ ਵੀ ਸ਼ਾਮਲ ਹਨ।