ਕੁਝ ਸਮੇਂ ਲਈ ਪੰਜਾਬੀ ‘ਚ ਚਲਾਈ ਕੈਲਗਰੀ ਸਿਟੀ ਕੌਂਸਲ ਦੀ ਕਾਰਵਾਈ

ਕੁਝ ਸਮੇਂ ਲਈ ਪੰਜਾਬੀ ‘ਚ ਚਲਾਈ ਕੈਲਗਰੀ ਸਿਟੀ ਕੌਂਸਲ ਦੀ ਕਾਰਵਾਈ

ਸਿਟੀ ਹਾਲ ਵਿੱਚ ਸਵਾਲ ਪੁੱਛ ਰਹੇ ਗੁਰਦੀਪ ਸਿੰਘ ਹੀਰਾ (ਸੱਜੇ) ਅਤੇ ਅਨੁਵਾਦ ਕਰ ਰਹੇ ਕੌਂਸਲਰ ਜੌਰਜ ਚਾਹਲ।
ਕੈਲਗਰੀ/ਨਿਊਜ਼ ਬਿਊਰੋ:
ਕੈਲਗਰੀ ਸਿਟੀ ਕੌਂਸਲ ਦੀ ਮੀਟਿੰਗ ਦੀ ਕਾਰਵਾਈ ਕੁਝ ਸਮੇਂ ਲਈ ਪੰਜਾਬੀ ਭਾਸ਼ਾ ਵਿੱਚ ਚੱਲੀ। ਇਹ ਪਹਿਲੀ ਵਾਰ ਹੋਇਆ ਹੈ ਕਿ ਕੈਨੇਡਾ ਦੀ ਕਿਸੇ ਸਿਟੀ ਕੌਂਸਲ ਦੀ ਕਾਰਵਾਈ ਪੰਜਾਬੀ ਵਿੱਚ ਚੱਲੀ ਹੋਵੇ। ਇਹ ਸਮੁੱਚੀ ਕਾਰਵਾਈ ਕੌਂਸਲ ਦੇ ਰਿਕਾਰਡ ਵਿੱਚ ਦਰਜ ਹੋਣ ਕਾਰਨ ਪੰਜਾਬੀ ਭਾਸ਼ਾ ਲਈ ਇਹ ਮਾਣ ਵਾਲੀ ਗੱਲ ਸਾਬਤ ਹੋਈ। ਇਹ ਵੀ ਪਹਿਲੀ ਵਾਰ ਹੋਇਆ ਕਿ ਕੈਲਗਰੀ ਸਿਟੀ ਕੌਂਸਲ ਦੀ ਕਾਰਵਾਈ ਕਿਸੇ ਵੀ ਗੈਰ-ਅੰਗਰੇਜ਼ੀ ਭਾਸ਼ਾ ਵਿੱਚ ਚੱਲੀ ਹੋਵੇ।
ਪ੍ਰਾਪਤ ਜਾਣਕਾਰੀ ਅਨੁਸਾਰ ਕੈਲਗਰੀ ਵਾਸੀ ਗੁਰਦੀਪ ਸਿੰਘ ਹੀਰਾ ਕੌਂਸਲ ਦੀ ਮੀਟਿੰਗ ਵਿੱਚ ਆਪਣਾ ਸਵਾਲ ਪੁੱਛਣ ਲਈ ਸਿਟੀ ਹਾਲ ਪੁੱਜੇ। ਦੱਸਣਯੋਗ ਹੈ ਕਿ ਕੈਨੇਡਾ ਦੇ ਕਾਨੂੰਨ ਮੁਤਾਬਿਕ ਹਰ ਸ਼ਹਿਰ ਵਾਸੀ ਨੂੰ ਕੌਂਸਲ ਦੀ ਕਾਰਵਾਈ ਦੌਰਾਨ ਸਵਾਲ ਪੁੱਛਣ ਦਾ ਹੱਕ ਹੈ। ਕੈਲਗਰੀ ਦੀ ਸਿਟੀ ਕੌਂਸਲ ਵਿੱਚ ਅੱਜਕੱਲ੍ਹ ਬੇਸਮੈਂਟ ਬਣਾਉਣ ਲਈ ਕਾਨੂੰਨ ਤੈਅ ਕਰਨ ਬਾਰੇ ਬਹਿਸ ਚੱਲ ਰਹੀ ਹੈ ਤੇ ਇਹ ਮੁੱਦਾ ਪੰਜਾਬੀ ਭਾਈਚਾਰੇ ਲ?ੀ ਕਾਫੀ ਅਹਿਮ ਹੈ। ਗੁਰਦੀਪ ਸਿੰਘ ਨੇ ਇਸ ਮੁੱਦੇ ਬਾਰੇ ਕੁਝ ਸਵਾਲ ਪੁੱਛਣੇ ਸਨ ਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਬੋਲਣ ਲਈ ਪੰਜ ਮਿੰਟ ਦਿੱਤੇ। ਉਨ੍ਹਾਂ ਨੇ ਅੰਗਰੇਜ਼ੀ ਵਿੱਚ ਬੋਲਣ ਦੀ ਕੋਸ਼ਿਸ਼ ਕੀਤੀ ਪਰ ?ੁਹ ਆਪਣੇ ਵਿਚਾਰਾਂ ਨੂੰ ਸਪੱਸ਼ਟ ਤਰੀਕੇ ਨਾਲ ਪੇਸ਼ ਨਾ ਕਰ ਸਕੇ।
ਗੁਰਦੀਪ ਸਿੰਘ ਦੀ ਭਾਸ਼ਾਈ ਅੜਚਣ ਦੂਰ ਕਰਨ ਪੰਜਾਬੀ ਕੌਂਸਲਰ ਜੌਰਜ ਚਾਹਲ ਨੇ ਪਹਿਲ ਕੀਤੀ ਤੇ ਉਹ ਆਪਣੀ ਸੀਟ ਛੱਡ ਕੇ ਗੁਰਦੀਪ ਸਿੰਘ ਦੇ ਨਾਲ ਖੜ੍ਹੇ ਹੋ ਗਏ। ਜੌਰਜ ਚਾਹਲ ਨੇ ਗੁਰਦੀਪ ਸਿੰਘ ਦਾ ਸਵਾਲ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੌਂਸਲਰਾਂ ਨੂੰ ਸੁਣਾਇਆ। ਇਸ ਤੋਂ ਬਾਅਦ ਇੱਕ ਹੋਰ ਪੰਜਾਬੀ ਕੌਂਸਲਰ ਜੋਤੀ ਗੌਂਡੇਕ ਨੇ ਪੰਜਾਬੀ ਵਿੱਚ ਗੁਰਦੀਪ ਸਿੰਘ ਤੋਂ ਸਿੱਧੇ ਸਵਾਲ ਪੁੱਛ ਕੇ ਬਾਕੀ ਕੌਂਸਲਰਾਂ ਨੂੰ ਵੀ ਇਸ ਨੂੰ ਅੰਗਰੇਜ਼ੀ ਵਿੱਚ ਦੱਸਿਆ। ਇਸ ਤਰ੍ਹਾਂ ਇਹ ਸਾਰੀ ਕਾਰਵਾਈ ਕੌਂਸਲ ਦੇ ਰਿਕਾਰਡ ਵਿੱਚ ਦਰਜ ਹੋ ਗਈ। ਇਸ ਸਮੁੱਚੀ ਕਾਰਵਾਈ ਵਿੱਚ ਇੱਕ ਕੜੀ ਬਣਨ ਲਈ ਸਾਰੇ ਕੌਂਸਲਰਾਂ ਨੇ ਜੌਰਜ ਚਾਹਲ ਅਤੇ ਜੋਤੀ ਗੌਂਡੇਕ ਦਾ ਧੰਨਵਾਦ ਕੀਤਾ।
ਇਸ ਦੌਰਾਨ ਗੁਰਦੀਪ ਸਿੰਘ ਹੀਰਾ ਦੀ ਸਾਰੇ ਸ਼ਹਿਰ ਵਿੱਚ ਤਾਰੀਫ਼ ਹੋ ਰਹੀ ਹੈ ਕਿ ਪੂਰੀ ਤਰ੍ਹਾਂ ਅੰਗਰੇਜ਼ੀ ਨਾ ਆਉਣ ਦੇ ਬਾਵਜੂਦ ਉਨ੍ਹਾਂ ਸਿਟੀ ਕੌਂਸਲ ਦੀ ਮੀਟਿੰਗ ਵਿੱਚ ਜਾ ਕੇ ਆਪਣਾ ਸਵਾਲ ਪੁੱਛਣ ਦਾ ਜਿਗਰਾ ਦਿਖਾਇਆ। ਜੌਰਜ ਚਾਹਲ ਨੇ ਦੱਸਿਆ ਕਿ ਉਹ ਸਿਟੀ ਕੌਂਸਲ ਵਿੱਚ ਮਤਾ ਲੈ ਕੇ ਆਉਣਗੇ, ਜਿਸ ਨਾਲ ਅੰਗਰੇਜ਼ੀ ਨਾ ਜਾਣਨ ਵਾਲੇ ਵੀ ਸਿਟੀ ਹਾਲ ਵਿੱਚ ਆ ਕੇ ਆਪਣੀ ਗੱਲ ਰੱਖ ਸਕਣਗੇ।