ਸਾਕਾ ਨਕੋਦਰ ਦੇ ਸ਼ਹੀਦਾਂ ਦੀ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ

ਸਾਕਾ ਨਕੋਦਰ ਦੇ ਸ਼ਹੀਦਾਂ ਦੀ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ

ਸਿੱਖ ਸੈਂਟਰ ਫਲੱਸ਼ਿੰਗ ਨਿਊਯਾਰਕ ਵਿਖੇ ਸਮਾਗਮ  
ਦੌਰਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਕੀਤਾ ਸਿਜਦਾ
ਨਿਊਯਾਰਕ/ਬਿਊਰੋ ਨਿਊਜ਼:
ਸਾਕਾ ਨਕੋਦਰ ਦੇ ਸ਼ਹੀਦਾਂ ਦੀ ਬਰਸੀ ਸਿੱਖ ਸੈਂਟਰ ਫਲੱਸ਼ਿੰਗ ਨਿਊਯਾਰਕ ਵਿਖੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਸਬੰਧੀ ਐਤਵਾਰ ਨੂੰ ਕਰਵਾਏ ਸ਼ਹੀਦੀ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਦੋਆਬਾ ਸਿੱਖ ਐੋਸੋਸੀਏਸ਼ਨ ਵੱਲੋਂ ਭਾਈ ਹਰਮੇਲ ਸਿੰਘ ਦੌਸਾਂਝ, ਭਾਈ ਬਲਜਿੰਦਰ ਸਿੰਘ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ  ਹਿੰਮਤ  ਸਿੰਘ, ਭਾਈ  ਹਰਦੇਵ  ਸਿੰਘ ਪੱਡਾ ਸਾਬਕਾ ਮੁੱਖ ਸੇਵਾਦਾਰ, ਡਾ. ਅਮਰਜੀਤ ਸਿੰਘ ਸੰਚਾਲਕ ਖਾਲਿਸਤਾਨ ਅਫੈਐਰਜ ਸੈਂਟਰ, ਡਾ. ਹਰਿੰਦਰ ਸਿੰਘ ਸਟੈਫਰਡ ਯੂਨੀਵਰਸਿਟੀ, ਜੋ ਕਿ ਸਾਕਾ ਨਕੋਦਰ ਦੇ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਛੋਟੇ ਵੀਰ ਹਨ, ਨੇ ਇਸ ਮੌਕੇ ਹਾਜ਼ਰੀ ਭਰੀ। ਸਾਕੇ ਦੇ ਉਸ  ਮੌਕੇ ਤੇ ਪੰਜਾਂ ਪਿਆਰਿਆਂ ਵਿੱਚੋਂ ਇੱਕ ਪਿਆਰੇ ਭਾਈ ਪਰਵਿੰਦਰ ਸਿੰਘ ਜੀ ਸ਼ਰੀਂਹ ਨੇ ਸਾਕੇ ਬਾਰੇ ਅੱਖੀਂ ਡਿੱਠਾ ਹਾਲ ਸੰਗਤਾਂ ਨੂੰ ਵਰਨਣ ਕਰਦਿਆਂ ਦੱਸਿਆ  ਕਿ  ਪੁਲਿਸ  ਅਤੇ  ਨੀਮ  ਫ਼ੌਜੀ ਦਸਤਿਆਂ ਨੇ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦੀਆਂ ਸਿੱਖ ਸੰਗਤਾਂ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਦੁਸ਼ਟਾਂ ਵਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਗਨ ਭੈਂਟ ਕੀਤੇ ਸਰੂਪਾਂ ਦੀ ਸੰਭਾਲ਼ ਹਿੱਤ ਜਾ ਰਹੀਆਂ ਸਨ ਤੇ ਬਿਨਾਂ ਕਿਸੇ ਭੜਕਾਹਟ ਜਾਂ ਚਿਤਾਵਨੀ ਦੇ ਗੋਲ਼ੀਆਂ ਦਾ ਮੀਂਹ ਬਰਸਾ ਦਿੱਤਾ।  ਪੁਲਿਸ ਨੇ ਸਿੱਖ ਨੌਜਵਾਨਾਂ ਦਾ ਨੇੜੇ ਦੇ ਪਿੰਡਾਂ ਸ਼ੇਰਪੁਰ, ਹੁਸੈਨਪੁਰ ਤੱਕ ਜਾਕੇ ਸਿੱਖ ਨੌਜਵਾਨਾਂ ਨੂੰ ਘਰਾਂ ਅਤੇ ਖੂਹਾਂ/ਡੇਰਿਆਂ ਤੋਂ ਕੱਢ ਕੇ ਅਣਮਨੁੱਖੀ ਤਸ਼ੱਦਦ ਕਰਕੇ ਝੂਠੇ ਕੇਸ ਪਾਕੇ ਗ੍ਰਿਫਤਾਰ ਕੀਤਾ।
ਉੱਘੇ ਸਿੱਖ ਆਗੂ ਡਾ. ਅਮਰਜੀਤ ਸਿੰਘ ਜੀ ਨੇ ਦੱਸਿਆ ਕਿ ਕਿਵੇਂ ਸਿੱਖ ਨੌਜਵਾਨੀ ਦਾ ਘਾਣ ਉਸੇ  ਤਰ੍ਹਾਂ ਜਾਰੀ ਹੈ ਅਤੇ ਸਰਕਾਰਾਂ ਵੱਲੋਂ ਸਿੱਖਾਂ ਨੂੰ ਕਦੇ ਵੀ ਇਨਸਾਫ਼ ਨਹੀਂ ਮਿਲਿਆ  ਅਤੇ ਨਾ ਹੀ ਮਿਲੇਗਾ।  ਉਨ੍ਹਾਂ ਨੇ ਡਾਇਆਸਪੋਰਾ ਸਿੱਖਾਂ ਨੂੰ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਸ਼ੰਘਰਸ਼  ਨੂੰ ਹੋਰ ਵੀ ਪ੍ਰਚੰਡ ਕਰਨ ਦੀ ਅਪੀਲ ਕੀਤੀ।
ਡਾ.ਹਰਿੰਦਰ ਸਿੰਘ ਨੇ ਦੱਸਿਆ  ਕਿ  ਕਿਵੇਂ ਸਰਕਾਰਾਂ ਇਨਸਾਫ਼ ਦੇ ਲਾਰੇ ਲਾਕੇ, ਮੌਕੇ ਤੇ ਪੁਲਿਸ ਅਫਸਰਾਂ ਨੂੰ ਮੁਅੱਤਲ ਜਾਂ ਬਦਲੀਆਂ ਕਰਕੇ ਕਾਰਵਾਈ  ਸਾਡੀਆਂ ਅੱਖਾਂ ਪੂੰਝਣ ਤੱਕ ਹੀ ਸੀਮਿਤ ਰਹਿੰਦੀ ਹੈ।  ਸਾਕਾ  ਨਕੋਦਰ  ਦੀ  ਅਦਾਲਤੀ  ਜਾਂਚ ਜੋ ਕਿ ਪਿਛਲੇ ੩੨ ਸਾਲਾਂ ਤੋਂ ਦੱਬੀ ਹੋਈ ਹੈ ਨੂੰ  ਵੀ ਜਨਤਕ  ਕਰਨ  ਦੀ  ਮੰਗ ਵੀ  ਕੀਤੀ  ਗਈ।
ਸੰਗਤਾਂ ਵੱਲੋਂ ਇਸ  ਮੌਕੇ  ਸਾਕਾ ਨਕੋਦਰ  ਦੇ  ਸ਼ਹੀਦਾਂ ਭਾਈ  ਰਵਿੰਦਰ ਸਿੰਘ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ ਅਤੇ ਭਾਈ  ਝਿਲਮਣ  ਸਿੰਘ ਜੀ  ਦੀਆਂ ਤਸਵੀਰਾਂ ਲੰਗਰ ਹਾਲ ਵਿੱਚ ਸ਼ੁਸ਼ਿਭਤ ਕੀਤੀਆਂ ਗਈਆਂ । ਟੀਵੀ 84 ਅਤੇ ਕਨੇਡੀਅਨ ਪੰਜਾਬੀ ਨੈਟਵਰਕ ਵੱਲੋਂ ਦੋਵੇਂ ਸਮਾਗਮਾਂ ਦੀ ਪ੍ਰਸਾਰਣ ਕੀਤਾ ਗਿਆ।