ਮੇਰਾ ਪਰਮਾਣੂ ਬਟਨ ਕਿਮ ਯੌਂਗ ਤੋਂ ਵੱਡਾ: ਟਰੰਪ

ਮੇਰਾ ਪਰਮਾਣੂ ਬਟਨ ਕਿਮ ਯੌਂਗ ਤੋਂ ਵੱਡਾ: ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼:
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਉਸ ਦਾ ‘ਪਰਮਾਣੂ ਬਟਨ’ ਉੱਤਰੀ ਕੋਰੀਆ ਦੇ ਕਿਮ ਯੌਂਗ ਉਨ ਦੇ ਪਰਮਾਣੂ ਬਟਨ ਨਾਲੋਂ ‘ਜ਼ਿਆਦਾ ਵੱਡਾ ਤੇ ਜ਼ਿਆਦਾ ਤਾਕਤਵਰ’ ਹੈ। ਟਰੰਪ ਦਾ ਇਹ ਬਿਆਨ ਨਵੇਂ ਸਾਲ ਮੌਕੇ ਕਿਮ ਵੱਲੋਂ ਪਰਮਾਣੂ ਹਮਲੇ ਸਬੰਧੀ ਦਿੱਤੇ ਗਏ ਬਿਆਨ ਦੇ ਜਵਾਬ ਵਿੱਚ ਆਇਆ ਹੈ। ਟਰੰਪ ਨੇ ਟਵੀਟ ਕੀਤਾ, ‘ਉੱਤਰੀ ਕੋਰੀਆ ਦੇ ਆਗੂ ਕਿਮ ਯੌਂਗ ਉਨ ਦਾ ਕਹਿਣਾ ਹੈ ਕਿ ਪਰਮਾਣੂ  ਬਟਨ ਹਮੇਸ਼ਾ ਉਸ ਦੀ ਮੇਜ਼ ‘ਤੇ ਰਹਿੰਦਾ ਹੈ। ਪਰ ਉਸ ਨੂੰ ਕੋਈ ਦਸ ਦੇਵੇ ਕਿ ਮੇਰੇ ਕੋਲ ਵੀ ਪਰਮਾਣੂ ਬਟਨ ਹੈ, ਪਰ ਇਹ ਉਸ ਦੇ ਬਟਨ ਨਾਲੋਂ ਵੱਡਾ ਤੇ ਤਾਕਤਵਰ ਹੈ ਅਤੇ ਇਹ ਕੰਮ ਵੀ ਕਰਦਾ ਹੈ।’ ਇਸੇ ਦੌਰਾਨ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸਾਰਾਹ ਸੈਂਡਰਜ਼ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਧਿਆਨ ਉੱਤਰੀ ਕੋਰੀਆ ਦਾ ਪ੍ਰਮਾਣੂ ਪ੍ਰੋਗਰਾਮ ਬੰਦ ਕਰਾਉਣ ਲਈ ਉਸ ‘ਤੇ ਦਬਾਅ ਬਣਾਉਣ ਵੱਲ ਹੈ ਅਤੇ ਅਮਰੀਕਾ ਨੂੰ ਇਸ ਲਈ ਹੋਰਨਾਂ ਮੁਲਕਾਂ ਦੇ ਸਹਿਯੋਗ ਦੀ ਲੋੜ ਹੈ। ਇਸੇ ਦੌਰਾਨ ਟਰੰਪ ਨੇ ਟਵੀਟ ਕੀਤਾ, ‘ਮੈਂ ਸੋਮਵਾਰ ਨੂੰ ਸਾਲ ਦੇ ਸਭ ਤੋਂ ਬੇਇਮਾਨ ਤੇ ਭ੍ਰਿਸ਼ਟ ਮੀਡੀਆ ਐਵਾਰਡਾਂ ਦਾ ਐਲਾਨ ਕਰਾਂਗਾ।’

ਟਰੰਪ ਵਲੋਂ ਫਲਸਤੀਨ ਨੂੰ ਵਿੱਤੀ ਮਦਦ ਬੰਦ ਦੀ ਧਮਕੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਲਸਤੀਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਇਸਰਾਈਲ ਨਾਲ ਸ਼ਾਂਤੀ ਵਾਰਤਾ ਸ਼ੁਰੂ ਨਾ ਕੀਤੀ ਤਾਂ ਉਸ ਦੀ ਵਿੱਤੀ ਸਹਾਇਤਾ ਰੋਕ ਦਿੱਤੀ ਜਾਵੇਗੀ। ਇਸ ਦੇ ਜਵਾਬ ਵਿੱਚ ਫਲਸਤੀਨ ਨੇ ਕਿਹਾ ਕਿ ਉਨ੍ਹਾਂ ਨੂੰ ਬਲੈਕਮੇਲ ਨਹੀਂ ਕੀਤਾ ਜਾ ਸਕਦਾ। ਰਾਸ਼ਟਰਪਤੀ ਟਰੰਪ ਨੇ ਪਹਿਲਾਂ ਉਸ ਦੀ ਅਮਨ, ਆਜ਼ਾਦੀ ਤੇ ਨਿਆਂ ਦੀ ਕੋਸ਼ਿਸ਼ ਨੂੰ ਸਾਬੋਤਾਜ ਕੀਤਾ ਤੇ ਹੁਣ ਉਹ ਫਲਸਤੀਨ ਦੇ ਸਿਰ ‘ਤੇ ਦੋਸ਼ ਮੜ੍ਹ ਰਹੇ ਹਨ।