ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਵਿਚਾਰ ਚਰਚਾ ਦੌਰਾਨ ਨੌਜਵਾਨਾਂ ਨੇ ਸਿੱਖ ਇਤਿਹਾਸ ਦੇ ਅਹਿਮ ਪਲਾਂ ਨੂੰ ਯਾਦ ਕੀਤਾ

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਵਿਚਾਰ ਚਰਚਾ ਦੌਰਾਨ ਨੌਜਵਾਨਾਂ ਨੇ ਸਿੱਖ ਇਤਿਹਾਸ ਦੇ ਅਹਿਮ ਪਲਾਂ ਨੂੰ ਯਾਦ ਕੀਤਾ

ਮਿਲਪੀਟਸ/ਬਲਵਿੰਦਰਪਾਲ ਸਿੰਘ ਖਾਲਸਾ :
ਦਸੰਬਰ ਦਾ ਮਹੀਨਾ ਚੜ੍ਹਦਿਆਂ ਹੀ ਪੈਗ਼ੰਬਰਾਂ ਦੇ ਸ਼ਹਿਨਸ਼ਾਹ ਦੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵੈਰਾਗ ਤੇ ਚੜ੍ਹਦੀ ਕਲਾ  ਦੇ ਇਲਾਹੀ ਪ੍ਰਵਾਹ ਨਾਲ ਆਪਣੀ ਦਸਤਕ ਦੇਣਾ ਸ਼ੁਰੂ ਕਰ ਦਿੰਦੀ ਹੈ। ਇਹ ਯਾਦ ਸਿੱਖ ਕੌਮ ਦੇ ਹਰ ਵਰਗ ਨੂੰ ਸੰਸਾਰ ਦੀਆਂ ਬੇਨਜ਼ੀਰ ਸ਼ਹਾਦਤਾਂ ਬਾਰੇ ਬਹੁਤ ਕੁਝ ਸੋਚਣ,ਸਮਝਣ ਤੇ ਕੁਝ ਕਰਨ ਲਈ ਮਜਬੂਰ ਕਰਦੀ ਹੈ। ਸਿੱਖ ਨੌਜਵਾਨਾਂ ਵਿਚ ਇਕ ਅਜੀਬ ਜੋਸ਼ ਉਬਾਲੇ ਮਾਰਦਾ ਹੈ ਤੇ ਉਹ ਕੁਝ ਕਰਨ ਲਈ ਉਤਾਵਲੇ ਹੋਣ ਲਗਦੇ ਹਨ।
ਕੁਝ ਇਸੇ ਤਰਾਂ ਦੇ ਪ੍ਰਭਾਵ ਨਾਲ ਇਲਾਕੇ ਦੇ ਛੋਟੇ ਵਡੇ ਨੌਜਵਾਨਾਂ ਨੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਵਾਰ ਸਿੰਘ ਤੇ ਬਾਬਾ ਫਤਹਿ ਸਿੰਘ ਦੀ ਜੀਵਨੀ, ਉਦੇਸ਼, ਸਿਰੜ, ਸਿਦਕ ਤੇ ਸ਼ਹਾਦਤ ਵਰਗੇ ਅਹਿਮ ਨੁਕਤਿਆਂ ਉਤੇ ਵਿਚਾਰ ਚਰਚਾ ਦਾ ਪ੍ਰਬੰਧ ਕੀਤਾ। ਸ਼ੁਰੂਆਤ ਵਿਚ ਪ੍ਰਭਜੋਤ ਸਿੰਘ ਨੇ  ਕੰਪਿਊਟਰ ਦੀ ਸਹਾਇਤਾ ਨਾਲ ਸਾਹਿਬਜ਼ਾਦਿਆਂ ਦੀ ਸੰਖੇਪ ਵਿਚ ਜੀਵਨੀ ਬਾਰੇ ਪੰਜਾਬੀ ਤੇ ਅੰਗਰੇਜ਼ੀ ਵਿਚ ਦੱਸਿਆ। ਬਾਈ ਧਾਰ ਦੇ ਪਹਾੜੀ ਹਿੰਦੂ ਰਾਜਿਆਂ ਤੇ ਮੁਸਲਮਾਨ ਹਾਕਮਾਂ ਦੁਆਰਾ ਕੀਤੀ ਘੇਰਾਬੰਦੀ ਕਰਕੇ ਗੁਰੂ ਸਾਹਿਬ, ਗੁਰੂ ਪਰਿਵਾਰ ਤੇ ਸਿੱਖ ਫੌਜਾਂ ਨੂੰ ਅਨੰਦਪੁਰ ਸਾਹਿਬ ਛਡਣਾ ਪਿਆ। ਸਿਰਸਾ ਨਦੀ ਉਤੇ ਗੁਰੂ ਦਸਮ ਪਾਤਸ਼ਾਹ ਤੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੇ ਪਏ ਪਰਵਾਰ ਵਿਛੋੜੇ ਤੋਂ ਲੈ ਕੇ ਸਰਹੰਦ ਤੇ ਚਮਕੌਰ ਸਾਹਿਬ ਤੱਕ ਦੇ ਇਤਿਹਾਸ ਉਤੇ ਚਾਨਣਾ ਪਾਇਆ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਵਡੇ ਸਾਹਿਬਜ਼ਾਦਿਆਂ ਦੁਆਰਾ ਲੜੀ ਜੰਗ ਤੇ ਹਾਸਲ ਕੀਤੀ ਸ਼ਹਾਦਤ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸਾਹਿਬਜ਼ਾਦਿਆਂ ਦੀ ਬਹਾਦਰੀ ਬਾਰੇ ਗੱਲ ਕਰਦਿਆਂ ਉਨਾਂ ਦੁਆਰਾ ਗੁਲਾਮੀ ਸਵੀਕਾਰ ਨਾ ਕੀਤੇ ਜਾਣ ਬਾਰੇ ਚਾਨਣਾ ਪਾਇਆ। ਬੀਬੀ ਪੁਨੀਤ ਕੌਰ ਨੇ ਕੁਝ ਨੁਕਤਿਆਂ ਨੂੰ ਸਰੋਤਿਆਂ ਦੀ ਉਮਰ ਦੇ ਹਿਸਾਬ ਨਾਲ ਸਪਸ਼ਟ ਕੀਤਾ ਤਾਂ ਕਿ ਇਤਿਹਾਸ ਨੂੰ ਸਮਝਣ ਵਿਚ ਔਖ ਨਾ ਹੋਵੇ।
ਵਿਚਾਰ ਚਰਚਾ ਦੇ ਦੂਜੇ ਦੌਰ  ਵਿਚ ਚਰਨਕਮਲ ਸਿੰਘ ਨੇ ਸੁਆਲ ਜਵਾਬ ਦੇ ਰੂਪ ਵਿਚ ਗੱਲਬਾਤ ਜਾਰੀ ਰੱਖਦਿਆਂ ਨੌਜਵਾਨਾਂ ਤੇ ਬੱਚਿਆਂ ਵੱਲੋਂ ਪੁੱਛੇ ਸੁਆਲਾਂ ਦੇ ਜਵਾਬ ਦਿੱਤੇ। ਕੁਝ ਜਵਾਬ ਸੰਗਤ ਵਿਚੋਂ ਵੀ ਹਾਸਲ ਹੋਏ, ਜਿਸ ਵਿਚ ਲੈਥਰੋਪ ਤੋਂ ਸੁਖਦੇਵ ਸਿੰਘ ਨੇ ਸੰਖੇਪ ਵਿਚ ਬ੍ਰਾਹਮਣਵਾਦੀ ਸ਼ੈਤਾਨੀ ਤਾਕਤਾਂ ਦੀ ਸਿੱਖਾਂ ਵਿਰੁੱਧ ਚਲਾਈ ਜਾ ਰਹੀ ਗੁੱਝੀ ਸਾਜ਼ਿਸ਼ ਬਾਰੇ ਚਾਨਣਾ ਪਾਇਆ।
ਤਿੰਨ ਸੌ ਸਾਲ ਦੇ ਸਿੱਖ ਇਤਿਹਾਸ ਦੇ ਚੱਕਰ ਨੂੰ ਵਰਤਮਾਨ ਨਾਲ ਜੋੜਦਿਆਂ ਚਰਨਕਮਲ ਸਿੰਘ , ਪ੍ਰਭਜੋਤ ਸਿੰਘ ਤੇ ਦਲਜੀਤ ਕੌਰ ਨੇ ਕਿਹਾ ਕਿ ਸੱਚ ਨੂੰ ਸਦਾ ਹੀ ਫਾਂਸੀ ਮਿਲਦੀ ਹੈ ਪਰ ਸੱਚ ਅਮਰ ਹੈ ਕਿਉਂਕਿ ਸੱਚ ਵਿਚ ਰੂਹਾਨੀ ਤਾਕਤ ਹੈ। ਸਿੱਖ ਕੌਮ ਆਪਣੇ ਖਾਲਸਾ ਰਾਜ ਲਈ ਸਦਾ ਹੀ ਸੰਘਰਸ਼ ਕਰਦੀ ਰਹੀ ਹੈ ਤੇ ਕਰਦੀ ਰਹੇਗੀ। ਸਾਹਿਬਜ਼ਾਦਿਆ ਦੇ ਸੁਪਨਿਆਂ ਦਾ ਵਾਤਾਵਰਣ ਤੇ ਹਲੇਮੀ ਰਾਜ ਰਾਜ ਕਰੇਗਾ ਖਾਲਸਾ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਹਾਸਲ ਹੋਣਾ ਹੈ।
ਸਮਾਗਮ ਦੇ ਅਖੀਰ ਵਿਚ ਬੀਬੀ ਦਲਜੀਤ ਕੌਰ ਨੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਨੌਜਵਾਨਾ ਨੂੰ ਆਪਣੀ ਗੱਲ ਕਹਿਣ ਲਈ ਸੱਦਾ ਦੇਣ ਤੇ ਸਤਿਕਾਰ ਨਾਲ ਗੱਲ ਕਰਨ ਵਾਸਤੇ ਹਾਰਦਿਕ ਧੰਨਵਾਦ ਕੀਤਾ।
ਏਜੀਪੀਸੀ ਤੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ  ਸਾਹਿਬਜ਼ਾਦਿਆਂ ਬਾਰੇ ਹੋਏ ਸੈਮੀਨਾਰ ਨੂੰ ਸੁਣਿਆ ਤੇ ਮਾਣਿਆ। ਭਾਈ ਹੋਠੀ ਨੇ ਕਿਹਾ ਕਿ ਨੌਜਵਾਨਾਂ ਦਾ ਸਦਾ ਹੀ ਸੁਆਗਤ ਹੈ ਤੇ ਉਹ ਜਦ ਵੀ ਚਾਹੁਣ ਇਥੇ ਸਮਾਗਮ ਕਰ ਸਕਦੇ ਹਨ।