ਸਾਫ਼ ਸੁਥਰੀ ਗਾਇਕੀ ਵਾਲੇ ਜੀਤ ਜਗਜੀਤ ਦਾ ਫਰਿਜ਼ਨੋ ਵਿਖੇ ਸਨਮਾਨ

ਸਾਫ਼ ਸੁਥਰੀ ਗਾਇਕੀ ਵਾਲੇ ਜੀਤ ਜਗਜੀਤ ਦਾ ਫਰਿਜ਼ਨੋ ਵਿਖੇ ਸਨਮਾਨ

ਫਰਿਜ਼ਨੋ(ਨੀਟਾ ਮਾਛੀਕੇ/ਕੁਲਵੰਤ ਧਾਲੀਆਂ):
ਪੰਜਾਬੀ ਸਭਿਆਚਾਰ ਦੇ ਖੂਬਸੂਰਤ ਪੱਖਾਂ ਦੀ ਤਰਜਮਾਨੀ ਕਰਦੇ ਤੇ ਲੋਕਾਂ ਦੀਆਂ ਧੜਕਣਾਂ ਨੂੰ ਅਪਣਾਏ ਗੀਤਾਂ ਨੂੰ ਗਾਉਣ ਵਾਲੇ ਪੰਜਾਬੀ ਗਾਇਕ ਜੀਤ ਜਗਜੀਤ ਨੇ ਫਰਿਜ਼ਨੋਂ ‘ਚ ਲਾਏ ਗਾਇਕੀ ਦੇ ਅਖਾੜੇ ‘ਚ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਜੀਤ ਜਗਜੀਤ ਦਾ ਪੰਜਾਬੀ ਗਾਇਕੀ ‘ਚ ਪਾਏ ਜਾ ਰਹੇ ਯੋਗਦਾਨ ਬਦਲੇ ਸਨਮਾਨ ਵੀ ਕੀਤਾ ਗਿਆ।
ਮਸ਼ੂਕ, ਹਥਿਆਰਾ, ਨਸ਼ੇ ਅਤੇ ਕਾਰਾਂ-ਜੀਪਾਂ ਦੀਆਂ ਮਸ਼ਹੂਰੀਆਂ ਕਰਨ ਵਾਲੇ ਕੱਚ-ਘਰੜ ਗੀਤਾਂ ਤੋਂ ਹਟ ਕੇ ਸਾਫ਼-ਸੁਥਰੇ ਅਤੇ ਸੱਭਿਆਚਾਰਕ ਗੀਤ ਗਾਉਣ ਵਾਲਾ ਜੀਤ ਜਗਜੀਤ ਅੱਜਕੱਲ ਆਪਣੀ ਪੂਰੀ ਟੀਮ ਸਮੇਤ ਅਮਰੀਕਾ ਟੂਰ ਤੇ ਆਇਆ ਹੋਇਆ ਹੈ। ਅਮਰੀਕਾ ਦੇ ਵੱਖੋ ਵੱਖ ਸ਼ਹਿਰਾਂ ਵਿੱਚ ਉਹਨਾਂ ਦੇ ਸਫ਼ਲ ਸ਼ੋਅ ਵੀ ਹੋਏ ਹਨ।
ਇਸੇ ਕੜੀ ਤਹਿਤ ਪੰਜਾਬੀ ਮਾਂ ਬੋਲੀ, ਪੰਜਾਬੀ ਸੰਗੀਤ ਤੇ ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਨੂੰ ਪ੍ਰਣਾਏ ਗੀਤਾ ਰਾਹੀਂ ਸਾਡੇ ਵਿਰਸੇ ਨੂੰ ਪ੍ਰਮੋਟ ਲਈ ਫਰਿਜ਼ਨੋ ਵਿਖੇ ਵੈਸਟਰਨ ਟਰੱਕ ਐਂਡ ਟਰੇਲਰ ਸ਼ਅਤੇ ਗਿੱਲ ਟਰੱਕਿੰਗ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਲੱਗੇ ਖੁਲ੍ਹੇ ਅਖਾੜੇ ਦੀ ਸੁਰੂਆਤ ਸੰਗੀਤਕਾਰ ਪੱਪੀ ਭਦੌੜ ਨੇ ਧਾਰਮਿਕ ਗੀਤ ਨਾਲ ਕੀਤੀ। ਉਪਰੰਤ ਜਗਜੀਤ ਨੇ ਸਾਰੰਗੀ ਦੇ ਸੁਰਾਂ ਨਾਲ ਪੰਜਾਬੀ ਗਾਇਕੀ ਦੀ ਵਿਲੱਖਣ ਪੇਸ਼ਕਾਰੀ ਕਰਦਿੰਆਂ ਖੂਬ ਰੰਗ ਬੰਨਿਆਂ। ਸੱਭਿਆਚਾਰਿਕ ਰੰਗ ਵਿੱਚ ਗੜੁੱਚ ਇਸ ਅਖਾੜੇ ਦੌਰਾਨ ਪੰਜਾਬੀਆਂ ਨੇ ਨੱਚ ਨੱਚ ਅੰਬਰੀ ਧੂੜ ਚਾੜ੍ਹ ਦਿੱਤੀ। ਪ੍ਰਬੰਧਕਾਂ ਵਲੋਂ ਸਮੂਹ ਸਪਾਂਸਰ ਵੀਰਾ ਦਾ ਸ਼ੁਕਰੀਆ ਅਦਾ ਕੀਤਾ ਗਿਆ।
ਸਟੇਜ ਸੰਚਾਲਨ ਉੱਘੇ ਕਾਲਮ-ਨਵੀਸ ਜਗਤਾਰ ਗਿੱਲ ਨੇ ਕੀਤਾ। ਇਸ ਪ੍ਰੋਗ੍ਰਾਮ ਨੂੰ ਸਫ਼ਲ ਬਣਾਉਣ ਦਾ ਸਿਹਰਾ ਜੰਗੀਰ ਗਿੱਲ ਐਂਡ ਸੰਨਜ, ਮਿੱਟੂ ਉਪਲੀ ਅਤੇ ਭਿੰਦੇ ਸਿਰ ਜਾਂਦਾ ਹੈ। ਅਖੀਰ ਨੂੰ ਰਾਤਰੀ ਦੇ ਭੋਜਨ ਨਾਲ ਖੁਸ਼ੀਆਂ ਬਿਖੇਰਦਾ ਇਹ ਪ੍ਰੋਗਰਾਮ ਸਮਾਪਤੀ ਵਲ ਵਧਿਆ।