ਭਾਰਤ ਸਰਕਾਰ ਤੇ ਆਰ ਐਸ ਐਸ ਦੀ ਦੋਹਰੀ ਸਾਜ਼ਿਸ਼ ਵਿਰੁੱਧ ਸਿੱਖਾਂ ਵੱਲੋਂ ਮਿਲਪੀਟਸ ‘ਚ ਜ਼ਬਰਦਸਤ ਮੁਜ਼ਾਹਰਾ

ਭਾਰਤ ਸਰਕਾਰ ਤੇ ਆਰ ਐਸ ਐਸ ਦੀ ਦੋਹਰੀ ਸਾਜ਼ਿਸ਼ ਵਿਰੁੱਧ ਸਿੱਖਾਂ ਵੱਲੋਂ ਮਿਲਪੀਟਸ ‘ਚ ਜ਼ਬਰਦਸਤ ਮੁਜ਼ਾਹਰਾ

ਸਿੱਖੀ ਦੀ ਹੋਂਦ ਤੇ ਹਸਤੀ ਨੂੰ ਖੋਰਨ ਵਾਲੀਆਂ ਸ਼ੈਤਾਨੀ ਤਾਕਤਾਂ 
ਨੂੰ ਹਰ ਹਾਲਤ ਵਿਚ ਪਛਾੜਿਆ ਜਾਵੇਗਾ : ਸਿੱਖ ਬੁਲਾਰੇ
ਮਿਲਪੀਟਸ/ਬਲਵਿੰਦਰਪਾਲ ਸਿੰਘ ਖਾਲਸਾ :
ਭਾਰਤੀ ਕੌਂਸਲੇਟ ਦੇ ਸੱਦੇ ਉਤੇ ਆਰ ਐਸ ਐਸ ਦੇ ਸਹਿਯੋਗ ਨਾਲ ਇੱਥੇ ਸਥਿੱਤ ਇੰਡੀਆ ਕਮਿਉਨਿਟੀ ਸੈਂਟਰ ਦੇ ਪ੍ਰਬੰਧਕਾਂ ਵਲੋਂ ਲੰਘੇ ਹਫ਼ਤੇ ਮੰਗਲਵਾਰ ਸ਼ਾਮ ਤੇ ਪੈਂਦੀ ਰਾਤ ਨੂੰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਉਤਸਵ  ਮਨਾਉਣ ਲਈ ਦਿੱਤੇ ਗਏ ਸੱਦੇ ਦੀ ਆੜ ਵਿਚ ਸਿੱਖ ਧਰਮ ਨੂੰ ਹਿੰਦੂਆਂ ਦੀ ਸ਼ਾਖਾ ਦੱਸਣ ਤੇ ਪ੍ਰਚਾਰਨ ਤੇ ਗੁਰੂ ਸਾਹਿਬ ਨੂੰ ਹਿੰਦੂ ਅਵਤਾਰਾਂ ਦੀ ਲੜੀ ਵਿਚ ਪ੍ਰੋਣ ਦੀ ਸਾਜ਼ਿਸ਼ ਨੂੰ ਸਿੱਖਾਂ ਦੇ ਇਕ ਵਡੇ ਇਕੱਠ ਨੇ ਤਾਰ ਤਾਰ ਕਰ ਦਿਤਾ। ਸੈਂਟਰ ਦੇ ਅੰਦਰ ਵੀ ਸਿੱਖ ਸਰੋਤੇ ਬਣ ਕੇ ਗਏ ਹੋਏ ਸਨ ਤੇ ਜਦ ਭਾਰਤ ਸਰਕਾਰ ਤੇ ਆਰ ਐਸ ਐਸ ਦੀ ਮਿਲੀਭੁਗਤ ਦਾ ਪਾਜ ਉਘੜਨ ਲੱਗਾ ਤਾਂ ਹਾਜ਼ਰ ਸਿੰਘਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਜਿਨ੍ਹਾਂ ਨੂੰ ਪੁਲੀਸ ਸੱਦ ਕੇ ਬਾਹਰ ਦਾ ਰਹਿਣ ਲਈ ਕਿਹਾ।
ਇੰਡੀਆ ਕਮਿਉਨਿਟੀ ਸੈਂਟਰ ਦੇ ਬਾਹਰ ਵਡੀ ਗਿਣਤੀ ਵਿਚ ਸਿੱਖਾਂ ਜ਼ਬਰਦਸਤ ਮੁਜ਼ਾਹਰਾ ਕਰ ਰਹੇ ਸਨ ਤੇ ਬੁਲਾਰੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ। ਸਾਰੇ ਬੁਲਾਰਿਆਂ ਨੇ ਭਾਰਤ ਸਰਕਾਰ ਤੇ ਹਿੰਦੂ ਦਹਿਸ਼ਤਗਰਦ ਜਥੇਬੰਦੀ ਆਰ ਐਸ ਐਸ ਦੀ ਮਿਲੀਭੁਗਤ ਦੀ ਰਜਵੀਂ ਨਿੰਦਾ ਕੀਤੀ ਕਿ ਇਕ ਪਾਸੇ ਇਹ ਗੁਰਪੁਰਬ ਮਨਾਉਣ ਦਾ ਪਾਖੰਡ ਕਰਦੇ ਹਨ ਤੇ ਦੂਜੇ ਪਾਸੇ ਵਿਦੇਸ਼ਾਂ ਤੋਂ ਗਏ ਨਿਰਦੋਸ਼ ਸਿੱਖਾਂ ਦੀਆਂ ਗ੍ਰਿਫਤਾਰੀਆਂ ਕਰਕੇ  ਸਿੱਖ ਕੌਮ ਵਿਚ ਦਹਿਸ਼ਤ ਪੈਦਾ ਕਰਨ ਲਈ ਸਾਜ਼ਿਸ਼ਾਂ ਰਚੀਆ ਜਾਂਦੀਆਂ ਹਨ। ਸਰੀਰਕ ਤੇ ਮਾਨਸਿਕ ਨਸਲਘਾਤ ਲਈ ਰਾਹ ਤਿਆਰ ਕੀਤੇ ਜਾਂਦੇ ਹਨ। ਸਭ ਬੁਲਾਰੇ ਇਕ ਆਵਾਜ਼ ਵਿਚ ਸੋਸ਼ਲ ਮੀਡੀਏ ਉਤੇ ਨਾਲ ਨਾਲ ਵਿਖਾਏ ਜਾ ਰਹੀ ਰਿਪੋਰਟ ਵਿਚ ਇਹ ਪੈਗਾਮ ਦੇ ਰਹੇ ਸਨ ਕਿ ਸਮੁਚੀ ਕੌਮ ਨੂੰ ਭਾਰਤ ਸਰਕਾਰ ਤੇ ਆਰ ਐਸ ਐਸ ਦੀ ਸ੍ਰਾਂਝੀ ਸਾਜ਼ਿਸ਼ ਤੋਂ ਹੁਸ਼ਿਆਰ ਰਹਿਣ ਦੀ ਲੋੜ ਹੈ ਤੇ ਇਸ ਵਡੇ ਹਮਲੇ ਨੂੰ ਪਛਾੜਨ ਦੀ ਲੋੜ ਹੈ।
ਮੁਜ਼ਾਹਰੇ ਉੱਤੇ ਪਹੁੰਚੇ ਭਾਰਤੀ ਟੈਲੀਵੀਜ਼ਨ ਚੈਨਲਾਂ ਵਾਲਿਆਂ ਨੂੰ ਭਾਈ ਭਜਨ ਸਿੰਘ ਭਿੰਡਰ, ਭਾਈ ਰਾਮ ਸਿੰਘ ਤੇ ਬੀਬੀ ਪੁਨੀਤ ਕੌਰ ਨੇ ਚੈਨਲਾਂ ਵਾਲਿਆਂ ਦੇ ਹਰ ਸੁਆਲ ਦਾ ਸਹੀ ਜਵਾਬ ਦੇ ਕੇ ਉਨਾਂ ਨੂੰ ਜਵਾਬ ਰਹਿਤ ਕਰ ਦਿਤਾ। ਮੁਜ਼ਾਹਰੇ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਏਜੀਪੀਸੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ, ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ, ਫਰੀਮਾਂਟ ਦੇ ਸਾਬਕਾ ਸੁਪਰੀਮ ਕੌਂਸਲ ਮੈਂਬਰ ਭਾਈ ਗੁਰਪਾਲ ਸਿੰਘ ਹੰਸਰਾ, ਭਾਈ ਕੰਵਲਜੀਤ ਸਿੰਘ, ਭਾਈ ਦਰਸ਼ਨ ਸਿੰਘ, ਸਿੱਖਸ ਫਾਰ ਜਸਟਿਸ ਦੇ ਭਾਈ ਜਸਬੀਰ ਸਿੰਘ ਤੇ ਭਾਈ ਸੁਖਵਿੰਦਰ ਸਿੰਘ ਠਾਣਾ, ਭਾਈ ਰਾਮ ਸਿੰਘ ਤੇ ਪੁਨੀਤ ਕੌਰ ਖਾਲਸਾ ਸ਼ਾਮਲ ਸਨ। ਇਸ ਮੁਜ਼ਾਹਰੇ ਵਿਚ ਗੁਰਦੁਆਰਾ ਸਿੰਘ ਸਭਾ ਮਿਲਪੀਟਸ, ਗਦਰੀ ਬਾਬਿਆਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸਟਾਕਟਨ, ਗੁਰਦੁਆਰਾ ਸਾਹਿਬ ਫਰੀਮਾਂਟ, ਗੁਰਦੁਆਰਾ ਸਾਹਿਬ ਸੈਨ ਹੋਜ਼ੇ ਵਧ ਚੜ੍ਹ ਕੇ ਸ਼ਾਮਲ ਹੋਏ।
ਸਿੱਖ ਇਨਫਰਮੇਸ਼ਨ ਸੈਂਟਰ ਲੈਥਰੋਪ, ਏਜੀਪੀਸੀ, ਖਾਲਿਸਤਾਨ ਦੇ ਸ਼ਹੀਦਾਂ ਦੇ ਪਰਿਵਾਰਾਂ ਦੇ ਮੈਂਬਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿਖ ਯੂਥ ਆਫ ਅਮਰੀਕਾ, ਖਾਲਿਸਤਾਨ ਸਿਖ ਐਕਟੀਵਿਸਟ ਅਤੇ ਸਿਖਜ਼ ਫਾਰ ਜਸਟਿਸ ਸ਼ਾਮਲ ਸਨ। ਨੌਜਵਾਨਾਂ ਨੇ ”ਖਾਲਿਸਤਾਨ ਜ਼ਿਦਾਬਾਦ” ਦੇ ਜ਼ੋਰਦਾਰ ਨਾਹਰਿਆਂ ਨਾਲ ਹਾਲ ਦੇ ਅੰਦਰ ਬੈਠੇ ਕੌਂਸਲੇਟ ਤੇ ਆਰ ਐਸ ਐਸ ਸਮਰਥਕਾਂ ਨੂੰ ਕਾਂਬਾ ਛੇੜੀ ਰਖਿਆ।
ਇਸਦੇ ਨਾਲ ਪੰਜਾਬ ਦੀ ਸਿੱਖ ਵਿਰੋਧੀ ਕਾਂਗਰਸੀ ਸਰਕਾਰ ਵਲੋਂ ਇੰਗਲੈਂਡ ਤੇ ਕੈਨੇਡਾ ਤੋਂ ਗਏ ਨਿਰਦੋਸ਼ ਸਿੱਖਾਂ ਦੀਆਂ ਗ੍ਰਿਫਤਾਰੀਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ, ਜਿਸ ਵਿਚ ਜਗਤਾਰ ਸਿੰਘ ਜੱਗੀ ਉਤੇ ਪੰਜਾਬ ਪੁਲੀਸ ਦੁਆਰਾ ਕੀਤੇ ਤਸ਼ਦੱਦ ਦੀ ਭਾਰੀ ਨਿੰਦਿਆ ਕੀਤੀ ਗਈ। ਵਡੀਆਂ ਵਡੀਆਂ ਤਖਤੀਆਂ ਜਿਨ੍ਹਾਂ ਤੇ ”ਭਾਰਤੀ ਰਾਜਦੂਤ ਵਾਪਸ ਜਾਓ” ਦੇ ਨਾਹਰੇ ਲਿਖੇ ਹੋਏ ਸਨ ਤੇ ਖਾਲਿਸਤਾਨੀ ਝੰਡਿਆਂ ਨਾਲ ਮਾਹੌਲ ਜੋਸ਼ਮਈ ਬਣਿਆ ਰਿਹਾ।