ਭਾਰਤੀ ਵਿਦਿਆਰਥੀ ਕਾਰਨ ਅਮਰੀਕਾ ਦੀ ਆਰਥਿਕਤਾ ਨੂੰ ਮਿਲਦਾ ਹੈ ਕਾਫ਼ੀ ਹੁਲਾਰਾ

ਭਾਰਤੀ ਵਿਦਿਆਰਥੀ ਕਾਰਨ ਅਮਰੀਕਾ ਦੀ ਆਰਥਿਕਤਾ ਨੂੰ ਮਿਲਦਾ ਹੈ ਕਾਫ਼ੀ ਹੁਲਾਰਾ

ਵਾਸ਼ਿੰਗਟਨ/ਬਿਊਰੋ ਨਿਊਜ਼:
ਪਿਛਲੇ ਇਕ ਸਾਲ ਵਿੱਚ 12.3 ਫ਼ੀਸਦ ਵਿਕਾਸ ਨਾਲ ਅਮਰੀਕਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਪੱਖੋਂ ਚੀਨ ਬਾਅਦ ਭਾਰਤੀ ਦੂਜੇ ਸਥਾਨ ‘ਤੇ ਆ ਗਏ ਹਨ। ਇਕ ਰਿਪੋਰਟ ਮੁਤਾਬਕ ਭਾਰਤੀ ਵਿਦਿਆਰਥੀਆਂ ਨੇ 2016 ਵਿੱਚ ਮੁਲਕ ਦੀ ਆਰਥਿਕਤਾ ਵਿੱਚ 6.5 ਅਰਬ ਅਮਰੀਕੀ ਡਾਲਰ ਦਾ ਯੋਗਦਾਨ ਪਾਇਆ ਹੈ।
ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ (ਆਈਆਈਈ) ਦੀ ਸਾਲਾਨਾ ਓਪਨ ਡੋਰਜ਼ ਰਿਪੋਰਟ ਮੁਤਾਬਕ 2016-17 ਅਕਾਦਮਿਕ ਵਰ੍ਹੇ ਵਿੱਚ ਭਾਰਤ ਤੋਂ 1,86,267 ਵਿਦਿਆਰਥੀ ਅਮਰੀਕਾ ਵਿੱਚ ਪੜ੍ਹ ਰਹੇ ਸਨ। ਅਮਰੀਕਾ ਵਿੱਚ ਪੜ੍ਹਾਈ ਲਈ ਆਉਣ ਵਾਲੇ ਵਿਦੇਸ਼ੀ ਪਾੜ੍ਹਿਆਂ ਵਿੱਚ ਭਾਰਤ ਦਾ ਦੂਜਾ ਨੰਬਰ ਹੈ ਅਤੇ ਅਮਰੀਕਾ ਵਿੱਚ ਕੁੱਲ ਕੌਮਾਂਤਰੀ ਵਿਦਿਆਰਥੀਆਂ ਵਿੱਚੋਂ 17.3 ਫ਼ੀਸਦ ਭਾਰਤੀ ਹਨ। ਚੀਨ ਦੇ 3,50,755 ਵਿਦਿਆਰਥੀ ਪੜ੍ਹਦੇ ਸਨ। ਇਸ ਗਿਣਤੀ ‘ਚ 6.8 ਫ਼ੀਸਦ ਵਾਧਾ ਹੋਇਆ ਹੈ। ਇਸ ਰਿਪੋਰਟ ਮੁਤਾਬਕ ਜ਼ਿਆਦਾਤਰ ਭਾਰਤੀ ਵਿਦਿਆਰਥੀ ਅਮਰੀਕਾ ਵਿੱਚ ਗਰੈਜੂਏਟ ਪੱਧਰ ਦੀ ਪੜ੍ਹਾਈ ਕਰ ਰਹੇ ਹਨ। ਵਣਜ ਵਿਭਾਗ ਦੇ ਅੰਕੜਿਆਂ ਦੇ ਹਵਾਲੇ ਨਾਲ ਇਸ ਰਿਪੋਰਟ ਵਿੱਚ ਕਿਹਾ ਕਿ ਅਮਰੀਕਾ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਨੇ ਪਿਛਲੇ ਸਾਲ ਅਮਰੀਕਾ ਦੀ ਆਰਥਿਕਤਾ ਵਿੱਚ 6.54 ਅਰਬ ਡਾਲਰ ਦਾ ਯੋਗਦਾਨ ਪਾਇਆ ਸੀ। ਆਈਈਈ ਅਤੇ ਡਿਪਾਰਟਮੈਂਟ ਆਫ ਸਟੇਟ ਬਿਊਰੋ ਆਫ ਐਜੂਕੇਸ਼ਨਲ ਐਂਡ ਕਲਚਰਲ ਅਫੇਅਰਜ਼ ਵੱਲੋਂ ਜਾਰੀ ਅੰਕੜਿਆਂ ‘ਤੇ ਆਧਾਰਤ 2017 ਦੀ ਓਪਨ ਡੋਰਜ਼ ਰਿਪੋਰਟ ਮੁਤਾਬਕ ਅਮਰੀਕਾ ‘ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਪਿਛਲੇ ਸਾਲ ਨਾਲੋਂ ਤਿੰਨ ਫ਼ੀਸਦ ਵਾਧਾ ਹੋਇਆ ਹੈ ਜਦੋਂਕਿ ਵਿਦੇਸ਼ ਵਿੱਚ ਪੜ੍ਹਨ ਵਾਲੇ ਅਮਰੀਕੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਚਾਰ ਫ਼ੀਸਦ ਵਾਧਾ ਹੋਇਆ ਹੈ।