ਹਿਊਸਟਨ ਪੁਲੀਸ ਨੂੰ ਮਿਲੀ ਲਾਪਤਾ ਭਾਰਤੀ ਬੱਚੀ ਦੀ ਲਾਸ਼

ਹਿਊਸਟਨ ਪੁਲੀਸ ਨੂੰ ਮਿਲੀ ਲਾਪਤਾ ਭਾਰਤੀ ਬੱਚੀ ਦੀ ਲਾਸ਼

ਹਿਊਸਟਨ/ਬਿਊਰੋ ਨਿਊਜ਼ :
ਅਮਰੀਕੀ ਪੁਲੀਸ ਨੇ ਪੁਲੀ ਹੇਠੋਂ ਬੱਚੇ ਦੀ ਲਾਸ਼ ਬਰਾਮਦ ਕੀਤੀ ਹੈ, ਜਿਸ ਬਾਰੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਕਰੀਬ ਦੋ ਹਫ਼ਤੇ ਪਹਿਲਾਂ ਲਾਪਤਾ ਹੋਈ ਤਿੰਨ ਸਾਲ ਦੀ ਭਾਰਤੀ ਬੱਚੀ ਸ਼ੇਰਿਨ ਮੈਥਿਊਜ਼ ਦੀ ਹੈ। ਰਿਚਰਡਸਨ ਪੁਲੀਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਂਜ ਉਨ•ਾਂ ਬੱਚੇ ਦੀ ਪਛਾਣ ਨਹੀਂ ਦੱਸੀ ਹੈ। ਬੱਚੇ ਦੀ ਲਾਸ਼ ਵੈਸਲੇ ਅਤੇ ਸਿਨੀ ਮੈਥਿਊਜ਼ ਦੇ ਘਰ ਤੋਂ ਕਰੀਬ ਅੱਧਾ ਕੁ ਮੀਲ ‘ਤੇ ਮਿਲੀ ਹੈ। ਖੋਜੀ ਕੁੱਤਿਆਂ ਦੇ ਸਹਾਰੇ ਬੱਚੇ ਦੀ ਲਾਸ਼ ਮਿਲੀ ਹੈ ਪਰ ਪੁਲੀਸ ਨੇ ਉਸ ਦੇ ਮਾਰੇ ਜਾਣ ਦੇ ਵੇਰਵੇ ਅਜੇ ਨਸ਼ਰ ਨਹੀਂ ਕੀਤੇ ਹਨ। ਪੁਲੀਸ ਵਿਭਾਗ ਦੇ ਤਰਜਮਾਨ ਸਾਰਜੈਂਟ   ਕੇਵਿਨ ਪਰਲਿਚ ਨੇ ਲਾਸ਼ ਮਿਲਣ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧ ਵਿਚ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਉਸ ਨੇ ਕਿਹਾ ਕਿ ਇਹ ਸ਼ੇਰਿਨ ਮੈਥਿਊਜ਼ ਦੀ ਲਾਸ਼ ਹੋਣ ਦੀ ਸੰਭਾਵਨਾ ਹੈ ਅਤੇ ਉਸ ਦੇ ਮਾਪਿਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੇਰਲਾ ਵਾਸੀ ਵੈਸਲੇ ਨੇ 7 ਅਕਤੂਬਰ ਨੂੰ ਸ਼ੇਰਿਨ ਨੂੰ ਤੜਕੇ ਤਿੰਨ ਵਜੇ ਇਸ ਕਰਕੇ ਘਰੋਂ ਬਾਹਰ ਕੱਢ ਦਿੱਤਾ ਸੀ ਕਿਉਂਕਿ ਉਸ ਨੇ ਦੁੱਧ ਪੀਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਬੱਚੀ ਉਨ•ਾਂ ਨੇ ਬਿਹਾਰ ਦੇ ਅਨਾਥਘਰ ਵਿਚੋਂ 2 ਸਾਲ ਪਹਿਲਾਂ ਹੀ ਗੋਦ ਲਈ ਸੀ। ਪੁਲੀਸ ਟੀਮ ਨੇ ਡਰੋਨਾਂ ਅਤੇ ਹੈਲੀਕਾਪਟਰਾਂ ਦੀ ਮਦਦ ਨਾਲ ਬੱਚੀ ਦੀ ਭਾਲ ਆਰੰਭੀ ਹੋਈ ਸੀ।