ਨਸਲਵਾਦ ਦੇ ਖ਼ਾਤਮੇ ਲਈ ਸਰਬੱਤ ਦੇ ਭਲੇ ਵਾਸਤੇ ਅਮਰੀਕਾ ‘ਚ ਯਾਦਗਾਰ ਸਥਾਪਤ

ਨਸਲਵਾਦ ਦੇ ਖ਼ਾਤਮੇ ਲਈ ਸਰਬੱਤ ਦੇ ਭਲੇ ਵਾਸਤੇ ਅਮਰੀਕਾ ‘ਚ ਯਾਦਗਾਰ ਸਥਾਪਤ

ਕਨੈਕਟੀਕਟ/ਬਿਊਰੋ ਨਿਊਜ਼ :
ਬੀਤੇ ਦਿਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਮਰੀਕਾ ਜ਼ੋਨ ਦੇ ਪ੍ਰਧਾਨ ਸਵਰਨਜੀਤ ਸਿੰਘ ਖਾਲਸਾ, ਮੈਂਬਰ ਡਿਪਾਰਟਮੈਂਟ ਆਫ ਜਸਟਿਸ ਤੇ ਮੈਂਬਰ ਪਲੈਨਿੰਗ ਬੋਰਡ, ਨਾਰਵਿਚ ਕਨੈਕਟੀਕਟ ਯੂ.ਐੱਸ.ਏ. ਨੇ ਦੱਸਿਆ ਕਿ ਨਾਰਵਿਚ ਕਨੈਕਟੀਕਟ (ਨਾਰਵਿਚ) ਸਮੁੰਦਰ ਕੰਢੇ ‘ਤੇ ਸਾਂਝੀਵਾਲਤਾ ਨੂੰ ਸਮਰਪਿਤ ਯਾਦਗਾਰ ਬਣਾਈ ਗਈ ਹੈ, ਜੋ ਕਿ ਸਿਟੀ ਆਫ ਨਾਰਵਿਚ ਤੋਂ ਇਜਾਜ਼ਤ ਲੈ ਕੇ ਉਸਾਰੀ ਗਈ ਹੈ। ਸ. ਖ਼ਾਲਸਾ ਨੇ ਦੱਸਿਆ ਕਿ ਇਸ ਯਾਦਗਾਰ ਵਿੱਚ ਰੋਟਰੀ ਕਲੱਬ ਸਟੇਟ ਅਮਰੀਕਾ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਯਾਦਗਾਰ ਵਿਸ਼ਵ ਸ਼ਾਂਤੀ ਤੇ ਸਮੁੱਚੇ ਭਾਈਚਾਰੇ ਦੀ ਪ੍ਰਤੀਕ ਹੈ। ਇਸ ਯਾਦਗਾਰ ਵਿੱਚ 4 ਪੋਲ ਲਗਾਏ ਗਏ ਹਨ। ਇੱਕ ਪੋਲ ਵਿਚ 8 ਭਾਸ਼ਾਵਾਂ ਆ ਜਾਂਦੀਆਂ ਹਨ। ਇਸ ਤਰ੍ਹਾਂ 32 ਭਾਸ਼ਾਵਾਂ ਨੂੰ ਵਿਸ਼ਵ ਸ਼ਾਂਤੀ ਦਾ ਸੁਨੇਹਾ ਦੇਣ ਲਈ ਵਰਤੋਂ ਵਿੱਚ ਲਿਆਂਦਾ ਗਿਆ ਹੈ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਮਰੀਕਾ ਜ਼ੋਨ ਦੇ ਪ੍ਰਧਾਨ ਨੇ ਦੱਸਿਆ ਕਿ ਇਹੋ ਜਿਹੇ ਪੋਲ ਹੋਰ ਮੁਲਕਾਂ ਵਿੱਚ ਵੀ ਮੌਜੂਦ ਹਨ। ਪਰ ਅਮਰੀਕਾ ਪਹਿਲਾ ਮੁਲਕ ਹੈ, ਜਿਸ ਵਿੱਚ ਸਿੱਖਾਂ ਤੇ ਪੰਜਾਬੀਆਂ ਵੱਲੋਂ ਵਿਸ਼ਵ ਸ਼ਾਂਤੀ ਦਾ ਸੁਨੇਹਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿੱਖ ਅਰਦਾਸ ਵਿੱਚ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’ ਉੱਚਾਰਨ ਕਰਦੇ ਹਨ, ਜਿਸ ਤੋਂ ਬਿਨਾਂ ਸਿੱਖ ਅਰਦਾਸ ਸੰਪੂਰਨ ਨਹੀਂ ਹੁੰਦੀ। ਇਹ ਲਾਈਨਾਂ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’ ਇਸ ਪੋਲ ਉੱਪਰ ਅੰਕਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਨਸਲਵਾਦ ਨੂੰ ਖ਼ਤਮ ਕਰਨ ਲਈ ਤੇ ਵਿਸ਼ਵ ਭਾਈਚਾਰਾ ਮਜ਼ਬੂਤ ਕਰਨ ਲਈ ਕੀਤਾ ਗਿਆ।