ਫਰਿਜ਼ਨੋਂ ਨੇੜ੍ਹੇ ਹਾਦਸੇ ‘ਚ ਜੋਤਸ਼ੀ ਮਾਸਟਰ ਦੀਪਕ ਪੰਜ ਜਣੇ ਹਲਾਕ

ਫਰਿਜ਼ਨੋਂ ਨੇੜ੍ਹੇ ਹਾਦਸੇ ‘ਚ ਜੋਤਸ਼ੀ ਮਾਸਟਰ ਦੀਪਕ ਪੰਜ ਜਣੇ ਹਲਾਕ

ਫਰਿਜ਼ਨੋਂ/ਹੁਸਨ ਲੜੋਆ ਬੰਗਾ, ਬਿਊਰੋ ਨਿਊਜ਼:
ਪੱਛਮੀਂ ਫਰਿਹਕਾਉਂਟੀ ‘ਚ ਸੈਨ ਵਾਕੁਇਨ ਦੇ ਦੱਖਣ ਵਲ ਮੰਗਲਵਾਰ ਨੂੰ ਇੱਕ ਮਰਸਡੀਜ਼ ਗੱਡੀ ਤੇ ਟਰੈਕਟਰ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ ਕਾਰਨ ਵਾਪਰੇ ਹਾਦਸੇ ‘ਚ ਬੇਅਏਰੀਏ ਦੇ ਮਸ਼ਹੂਰ ਜੋਤਸ਼ੀ ਪੰਡਤ ਮਾਸਟਰ ਦੀਪਕ ਸਣੇ ਪੰਜ ਜਣੇ ਹਲਾਕ ਹੋ ਗਏ। ਬਾਕੀ ਮ੍ਰਿਤਕਾਂ ‘ਚ ਚ ਕੁਲਦੀਪ ਮੇਅਰ, ਸੁਰਿੰਦਰ ਕੁਮਾਰ, ਨਰਿੰਦਰ ਕੁਮਾਰ ਤੇ ਵਿਨੋਦ ਕੁਮਾਰ ਸ਼ਾਮਲ ਹਨ। ਮਾਸਟਰ ਦੀਪਕ ਲੰਮੇ ਸਮੇਂ ਤੋਂ ਅਮਰੀਕਾ ਰਹਿ ਰਿਹਾ ਸੀ।
ਹਾਦਸਾ ਸਵੇਰੇ ਕਰੀਬ 10:00 ਵਜੇ ਵਾਪਰਿਆ ਜਦੋਂ ਮਰਸਡੀਜ਼ ਦਾ ਡਰਾਈਵਰ ਹਾਈਵੇ 33 ਉੱਤੇ ਸਾਊਥ ਵੇ ਮੈਨਿੰਗ ਐਵੇਨਿਊ ਦਾ ਸਟਾਪ ਸਾਈਨ ਲੰਘ ਰਿਹਾ ਸੀ ਤੇ ਉਸਦੀ ਗੱਡੀ ਦੀ ਸੀਮਿੰਟ-ਬਜਰੀ ਦੇ ਭਰੇ ਟਰੱਕ ਨਾਲ ਟੱਕਰ ਹੋ ਗਈ।
ਖਾਰ ਨੂੰ ਸੁਰਿੰਦਰ ਕੁਮਾਰ ਚਲਾ ਰਿਹਾ ਸੀ ਤੇ ਮਾਸਟਰ ਦੀਪਕ ਉਨ੍ਹਾਂ ਨਾਲ ਬੈਠਾ ਸੀ । ਬਾਕੀ ਤਿੰਨ ਵਿਅਕਤੀ ਪਿੱਛੇ ਬੈਠੇ ਸਨ ।
‘ਫਰਿਜ਼ਨੋਂ ਬੀ’ ਵਲੋਂ ਹਾਈਵੇ ਪੈਟਰੋਲ ਪੁਲੀਸ ਦੇ ਹਵਾਲੇ ਨਾਲ ਦਿੱਤੀ ਖ਼ਬਰ ਅਨੁਸਾਰ ਦੋਵਾਂ ਵਾਹਨਾਂ ਦੀ ਟੱਕਰ ਇੰਨੀ ਭਿਆਨਕ ਸੀ ਕਿ ਅੱਗ ਭੜਕ ਪਈ ਤੇ ਤਿੰਨ ਵਿਅਕਤੀ ਮਰਸਡੀਜ਼ ਦੇ ਵਿੱਚ ਸੜ ਕੇ ਮਰ ਗਏ।
ਫਰਿਜ਼ਨੋਂ ਪੁਲੀਸ ਨੇ ਦੋ ਵਿਅਕਤੀਆਂ ਨੂੰ ਮਰਸਡੀਜ਼ ਵਿਚੋਂ ਬਾਹਰ ਕੱਢਿਆ ਪਰ ਉਹ ਥਾਏਂ ਦਮ ਤੋੜ ਗਏ।
ਟਰੈਕਟਰ ਟਰਾਲੇ ਦੇ ਡਰਾਈਵਰ 58 ਸਾਲਾ ਵਾਅਨ ਫਲੈਚਰ ਨੂੰ ਗੰਭੀਰ ਜਖ਼ਮੀਂ ਹਾਲਤ ਵਿੱਚ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ।

pic-fresno-accident
ਸਵੇਰੇ ਹੋਈ ਇਸ ਘਟਨਾ ਦੀ ਪੁਲਿਸ ਵਲੋਂ ਪੂਰੀ ਜਾਂਚ ਤੋਂ ਬਾਅਦ ਦਿੱਤੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚੋਂ ਚਾਰ ਜਣੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਅਤੇ ਇੱਕ ਨਕੋਦਰ ਦਾ ਵਸਨੀਕ ਹੈ । ਮ੍ਰਿਤਕਾਂ ਦੀ ਪਛਾਣ ਕੁਲਦੀਪ ਮੇਅਰ (64 ਸਾਲ) ਪੁੱਤਰ ਜੋਗਿੰਦਰ ਪਾਲ ਵਾਸੀ ਪਿੰਡ ਸਤੌਰ, ਸੁਰਿੰਦਰ ਕੁਮਾਰ (52 ਸਾਲ) ਪੁੱਤਰ ਮਦਨ ਲਾਲ ਵਾਸੀ ਮੁਹੱਲਾ ਕਣਕ ਮੰਡੀ ਚਾਕ ਹਰਿਆਣਾ, ਨਰਿੰਦਰ ਕੁਮਾਰ (60 ਸਾਲ) ਵਾਸੀ ਪਿੰਡ ਰੋਡਮਜਾਰਾ (ਗੜ੍ਹਸ਼ੰਕਰ) ਅਤੇ ਮਾਸਟਰ ਦੀਪਕ ਵਾਸੀ ਗੜ੍ਹਸ਼ੰਕਰ ਪੁੱਤਰ ਲਛਮਣ ਦਾਸ ਵਜੋਂ ਹੋਈ । ਹਾਦਸੇ ‘ਚ ਮਾਰਿਆ ਗਿਆ ਪੰਜਵਾਂ ਵਿਅਕਤੀ ਵਿਨੋਦ ਕੁਮਾਰ ਨਕੋਦਰ (ਜਲੰਧਰ) ਦਾ ਰਹਿਣ ਵਾਲਾ ਸੀ । ਜ਼ਿਕਰਯੋਗ ਹੈ ਕਿ ਕੁਲਦੀਪ ਕੁਮਾਰ ਅਤੇ ਨਰਿੰਦਰ ਕੁਮਾਰ ਦੋਵੇਂ ਸਕੇ ਸਾਂਢੂ ਸਨ ਅਤੇ ਉਹ ਕੁਝ ਸਾਲ ਪਹਿਲਾਂ ਹੀ ਅਮਰੀਕਾ ਗਏ ਸਨ ।
ਪਤਾ ਲੱਗਾ ਹੈ ਕਿ ਮਾਰੇ ਗਏ 5 ਵਿਅਕਤੀ ਸਵੇਰੇ ਕਿਸੇ ਦੇ ਘਰ ਪੂਜਾ ‘ਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਕਿ ਕੁਝ ਮੀਲ ਪਹਿਲਾਂ ਹੀ ਇਹ ਘਟਨਾ ਵਾਪਰ ਗਈ । ਸਮਝਿਆ ਜਾਂਦਾ ਹੈ ਕਿ ਕਾਰ ਡਰਾਈਵਰ ਵਲੋਂ ਚੌਕ ਚਿੰਨ੍ਹ ਨੂੰ ਅਣਗੌਲਿਆ ਕੀਤਾ ਗਿਆ ।