ਗੁਰਦੁਆਰਾ ਸਾਹਿਬ ਵਰਮੌਂਟ ਦੀਆਂ ਕੰਧਾਂ ‘ਤੇ ਨਫ਼ਰਤੀ ਸੰਦੇਸ਼ ਲਿਖੇਜਾਣ ਵਿਰੁਧ ਸਿੱਖ ਸੰਗਤਾਂ ‘ਚ ਭਾਰੀ ਰੋਸ

ਗੁਰਦੁਆਰਾ ਸਾਹਿਬ ਵਰਮੌਂਟ ਦੀਆਂ ਕੰਧਾਂ ‘ਤੇ ਨਫ਼ਰਤੀ ਸੰਦੇਸ਼ ਲਿਖੇਜਾਣ ਵਿਰੁਧ ਸਿੱਖ ਸੰਗਤਾਂ ‘ਚ ਭਾਰੀ ਰੋਸ

ਕੈਪਸ਼ਨ :ਗੁਰਦੁਆਰਾ ਸਾਹਿਬ ਵਰਮੌਂਟ ਦੀ ਇਮਾਰਤ ਉੱਤੇ ਲਿਖੇ ਨਫ਼ਰਤੀ ਸੰਦੇਸ਼ ਅਤੇ ਮੁਲਜਮ ਦੀ ਫੋਟੋ

ਲਾਸ ਏਂਜਲਸ/ਬਿਊਰੋ ਨਿਊਜ਼:
ਇਕ ਸਿਰਫਿਰੇ ਵਲੋਂ ਇੱਥੋਂ ਦੇ ਗੁਰਦੁਆਰਾ ਸਾਹਿਬ ਵਰਮੌੰਟ ਦੀਆਂ ਕੰਧਾਂ ਉਤੇ ‘ਐਟਮੀ’ ਸਿੱਖ ਸਮੇਤ ਹੋਰ ਨਫ਼ਰਤੀ ਸੰਦੇਸ਼ ਲਿਖ ਦਿੱਤੇ ਜਾਣ ਵਿਰੁਧ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਐਨਬੀਸੀ ਦੀ ਰਿਪੋਰਟ ਮੁਤਾਬਕ ਇਕ ਚਸ਼ਮਦੀਦ ਨੇ ਇਹ ਸੰਦੇਸ਼ ਲਿਖਣ ਵਾਲੇ ਦਾ ਵਿਰੋਧ ਕੀਤਾ ਅਤੇ ਉਸ ਦੀ ਮੋਬਾਈਲ ਫੋਨ ‘ਤੇ ਵੀਡੀਓ ਬਣਾ ਲਈ। ਚਸ਼ਮਦੀਦ ਕਰਨਾ ਰੇਅ ਨੇ ਦੱਸਿਆ, ‘ਮੈਂ ਕਿਹਾ, ਮੈਂ ਪੁਲੀਸ ਨੂੰ ਫੋਨ ਕਰਨ ਜਾ ਰਿਹਾ ਹਾਂ ਤਾਂ ਉਸ ਨੇ ਕਿਹਾ ਕਿ ਉਸ ਨੂੰ ਡਰ ਲੱਗ ਰਿਹਾ ਹੈ ਪਰ ਬਾਅਦ ਵਿੱਚ ਕਹਿੰਦਾ ਮੈਂ, ਤੇਰਾ ਗਲ ਵੱਢ ਦੇਵਾਂਗਾ।’ ਹਾਲੀਵੁੱਡ ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  ਨਿਊ ਯਾਰਕ ਦਾ ਰਹਿਣ ਵਾਲਾ ਕਰਨਾ ਰੇਅ ਵੀਰਵਾਰ ਨੂੰ ਆਪਣੇ ਇਕ ਦੋਸਤ ਨੂੰ ਮਿਲਣ ਆਇਆ ਸੀ ਜਦੋਂ ਉਸ ਨੇ ਇਕ ਵਿਅਕਤੀ ਨੂੰ ਗੁਰਦੁਆਰੇ ਦੀ ਸਫੈਦ ਦੀਵਾਰ ‘ਤੇ ਕਾਲੇ ਰੰਗ ਨਾਲ ਇਹ ਸੰਦੇਸ਼ ਲਿਖਦੇ ਦੇਖਿਆ ਅਤੇ ਉਸ ਨੇ ਆਪਣੇ ਮੋਬਾਈਲ ਫੋਨ ‘ਤੇ ਉਸ ਦੀ ਰਿਕਾਰਡਿੰਗ ਕਰ ਲਈ। ਇਸ ਬਾਅਦ ਉਸ ਨੇ ਇਹ ਵੀਡੀਓ ਫੇਸਬੁੱਕ ‘ਤੇ ਅਪਲੋਡ ਕਰ ਦਿੱਤੀ, ਜਿਸ ‘ਤੇ ਹਜ਼ਾਰਾਂ ਟਿੱਪਣੀਆਂ ਆਈਆਂ। ਰੇਅ ਦੀ ਫੇਸਬੁੱਕ ਪੋਸਟ ਮੁਤਾਬਕ ਉਸ ਵੱਲੋਂ ਪੁਲੀਸ ਬੁਲਾਉਣ ਦੀ ਗੱਲ ਕਹਿਣ ‘ਤੇ ਸੰਦੇਸ਼ ਲਿਖਣ ਵਾਲੇ ਨੇ ਉਸ ਨੂੰ ਬਲੇਡ ਦਿਖਾ ਕੇ ਧਮਕਾਇਆ।
ਇਸ ਗੁਰਦੁਆਰੇ ਦੇ ਇਕ ਮੈਂਬਰ ਸਰਬ ਗਿੱਲ ਨੇ ਕਿਹਾ, ‘ਮੈਂ ਇਹ ਸੰਦੇਸ਼ ਲਿਖਣ ਵਾਲੇ ਵਿਅਕਤੀ ਨੂੰ ਗੁਰਦੁਆਰੇ ਸੱਦਣਾ ਚਾਹਾਂਗਾ ਅਤੇ ਉਸ ਨੂੰ ਦਿਖਾਵਾਂਗਾ ਕਿ ਸਿੱਖ ਭਾਈਚਾਰਾ ਕਿਸ ਚੀਜ਼ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਉਹ ਕੀ ਗੁਆ ਰਿਹਾ ਹੈ।’ ਕੈਲੀਫੋਰਨੀਆ ਸਿੱਖ ਕੌਂਸਲ ਦੇ ਨਿਰੰਜਣ ਸਿੰਘ ਖਾਲਸਾ ਵੱਲੋਂ ਇਸ ਮਾਮਲੇ ਸਬੰਧੀ ਲਾਸ ਏਂਜਲਸ ਪੁਲੀਸ ਵਿਭਾਗ ਨਾਲ ਤਾਲਮੇਲ ਬਣਾਇਆ ਹੋਇਆ ਹੈ।