‘ਵੂਈ ਆਰ ਸਿੱਖਸ’ ਮੁਹਿੰਮ ਨੇ ਜਾਗਰੂਕਤਾ ਫੈਲਾਈ, ਅਮਰੀਕੀਆਂ ਦਾ ਸਿੱਖ ਭਾਈਚਾਰੇ ਨੂੰ ਭਰਵਾਂ ਹੁੰਗਾਰਾ

‘ਵੂਈ ਆਰ ਸਿੱਖਸ’ ਮੁਹਿੰਮ ਨੇ ਜਾਗਰੂਕਤਾ ਫੈਲਾਈ, ਅਮਰੀਕੀਆਂ ਦਾ ਸਿੱਖ ਭਾਈਚਾਰੇ ਨੂੰ ਭਰਵਾਂ ਹੁੰਗਾਰਾ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕੀਆਂ ਨੂੰ ਸਿੱਖ ਧਰਮ ਬਾਰੇ ਦੱਸਣ ਲਈ 13 ਲੱਖ ਡਾਲਰਾਂ ਨਾਲ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਦੇ ਸਾਰਥਿਕ ਸਿੱਟੇ ਸਾਹਮਣੇ ਆਉਣ ਲੱਗੇ ਹਨ। ਮਹੀਨਾ ਭਰ ਚੱਲੀ ਇਹ ‘ਵੂਈ ਆਰ ਸਿੱਖਸ’ ਇਸ਼ਤਿਹਾਰ ਜਾਗਰੂਕਤਾ ਮੁਹਿੰਮ ਵਿਸਾਖੀ ਮੌਕੇ 14 ਅਪ੍ਰੈਲ ਨੂੰ ‘ਨੈਸ਼ਨਲ ਸਿੱਖ ਕੰਪੇਨ’ ਨੇ ਸ਼ੁਰੂ ਕੀਤੀ ਸੀ।
ਫਰੈਜ਼ਨੋ (ਕੈਲੇਫੋਰਨੀਆ) ਵਿੱਚ ਕੀਤੇ ਸਰਵੇਖਣ ਮੁਤਾਬਕ ਇਸ ਮੁਹਿੰਮ ਨਾਲ ਸਿੱਖ ਧਰਮ ਬਾਰੇ ਉਸਾਰੂ ਸੂਝ-ਬੂਝ ਵਧੀ ਹੈ। ਫਰਿਜ਼ਨੋ ਵਿੱਚ ਹਜ਼ਾਰਾਂ ਸਿੱਖ ਰਹਿੰਦੇ ਹਨ ਅਤੇ ਪਿਛਲੇ ਕੁੱਝ ਸਾਲਾਂ ਤੋਂ ਇੱਥੇ ਸਿੱਖ ਅਮਰੀਕੀਆਂ ਨੂੰ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁਹਿੰਮ ਤਹਿਤ ਫਰਿਜ਼ਨੋ ਵਿੱਚ ਜ਼ਮੀਨੀ ਪੱਧਰ ਉਤੇ ਕੋਸ਼ਿਸ਼ਾਂ, ਟੈਲੀਵਿਜ਼ਨ ਇਸ਼ਤਿਹਾਰਾਂ, ਡਿਜੀਟਲ ਇਸ਼ਤਿਹਾਰਾਂ ਅਤੇ ਖ਼ਬਰਾਂ ਦਾ ਸਹਾਰਾ ਲਿਆ ਗਿਆ। ਸੀਐਨਐਨ ਅਤੇ ਫੌਕਸ ਨਿਊਜ਼ ਉਤੇ ਦੇਸ਼ ਭਰ ਵਿੱਚ ਚੱਲੀ ਇਸ ਮੁਹਿੰਮ ਦੌਰਾਨ ਸਿੱਖਾਂ ਨੂੰ ਮਾਣਮੱਤੇ ਅਮਰੀਕੀਆਂ ਅਤੇ ਚੰਗੇ ਗੁਆਂਢੀਆਂ ਵਜੋਂ ਪੇਸ਼ ਕਰਦੇ ਇਸ਼ਤਿਹਾਰ ਦਿਖਾਏ ਗਏ।
ਸਰਵੇਖਣ ਮੁਤਾਬਕ ਫਰਿਜ਼ਨੋ ਦੇ 59 ਫੀਸਦੀ ਵਾਸੀਆਂ ਅਨੁਸਾਰ ਉਹ ਅਮਰੀਕਾ ਵਿੱਚ ਰਹਿ ਰਹੇ ਸਿੱਖਾਂ ਬਾਰੇ ਘੱਟੋ ਘੱਟ ਕੁੱਝ ਤਾਂ ਜਾਣਦੇ ਹਨ। 68 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਸਿੱਖ ਚੰਗੇ ਗੁਆਂਢੀ ਹਨ, ਜਦੋਂ ਕਿ 64 ਫੀਸਦੀ ਲੋਕਾਂ ਨੇ ਸਿੱਖਾਂ ਨੂੰ ਦਿਆਲੂ ਅਤੇ ਦਰਿਆ ਦਿਲ ਦੱਸਿਆ। ਹਰਟ ਰਿਸਰਚ ਐਸੋਸੀਏਟਸ ਦੇ ਜੈਫ ਗੈਰਿਨ ਨੇ ਕਿਹਾ, ”ਤਣਾਅਪੂਰਨ ਨਸਲੀ ਸਬੰਧਾਂ ਅਤੇ ਧਰੁਵੀਕਰਨ ਵਾਲੇ ਸਿਆਸੀ ਮਾਹੌਲ ਦੇ ਬਾਵਜੂਦ ਵੂਈ ਆਰ ਸਿੱਖਸ ਕੰਪੇਨ ਨੇ ਅਮਰੀਕੀ ਸਿੱਖਾਂ ਬਾਰੇ ਜਾਗਰੂਕਤਾ ਫੈਲਾਈ ਹੈ।”