ਡੇਰਾਵਾਦ ਨੇ ਸਿੱਖੀ ਨੂੰ ਲਾਈ ਢਾਹ : ਏਜੀਪੀਸੀ

ਡੇਰਾਵਾਦ ਨੇ ਸਿੱਖੀ ਨੂੰ ਲਾਈ ਢਾਹ : ਏਜੀਪੀਸੀ

*ਡੇਰਿਆਂ ਨੂੰ ਬੜ੍ਹਾਵਾ ਦੇਣ ‘ਚ ਸਰਕਾਰਾਂ ਦੀ ਅਹਿਮ ਭੂਮਿਕਾ 
*ਕਿਹਾ ਧਾਰਮਿਕ ਜਥੇਬੰਦੀਆਂ ਡੇਰਾਵਾਦ ਨੂੰ ਖ਼ਤਮ ਕਰਨ ‘ਚ ਅਸਫ਼ਲ
*ਸੌਦਾ ਸਾਧ ਨੇ ਡੇਰੇ ਦੇ ਨਾਮ ‘ਤੇ ਚਲਾਇਆ ਗੌਰਖਧੰਦਾ
ਫ਼ਰੀਮੌਂਟ/ਬਿਊਰੋ ਨਿਊਜ਼:
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੌਦਾ ਸਾਧ ਮਾਮਲੇ ‘ਚ ਅਦਾਲਤੀ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਡੇਰਾਵਾਦ ਨੇ ਪਿਛਲੇ ਸਮੇਂ ‘ਚ ਸਿੱਖੀ ਨੂੰ ਜਬਰਦਸਤ ਢਾਹ ਲਾਈ ਹੈ। ਉਨ੍ਹਾਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਅਤੇ ਧਾਰਮਿਕ ਲੀਡਰਾਂ ਨੇ ਡੇਰਿਆਂ ਦੇ ਘਟੀਆ ਸੋਚ ਦੇ ਮੁੱਖੀਆਂ ਨੂੰ ਸ਼ਰਨ ਦੇ ਕੇ ਇਨ੍ਹਾਂ ਦੇ ਕਾਲੇ ਕਾਰਨਾਮਿਆਂ ਅਤੇ ਕਰਤੂਤਾਂ ਨੂੰ ਛੁਪਾਇਆ ਹੈ।
ਏਜੀਪੀਸੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾ.  ਪ੍ਰਿਤਪਾਲ ਸਿੰਘ ਨੇ ਇੱਥੇ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ‘ਚ ਕਿਹਾ ਕਿ ਸਿੱਖ ਧਰਮ ਵਲੋਂ ਮੁੱਖ ਮੋੜ ਚੁੱਕੇ ਕੁਝ ਲੋਕਾਂ ਨੂੰ ਧਰਮ ‘ਚ ਵਾਪਸ ਲਿਆਉਣ ਦੀ ਲੋੜ ਹੈ। ਉਨ੍ਹਾਂ ਅਪੀਲ ਜਾਰੀ ਕਰਦਿਆਂ ਸਮੂਹ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਭੇਖੀ ਸਾਧਾਂ, ਸੰਤਾਂ ਦੇ ਡੇਰਿਆਂ ਨੂੰ ਨਕਾਰ ਦੇਣ ਅਤੇ ਗੁਰੂ ਲੜ ਲੱਗ ਕੇ ਆਪਣੇ ਜੀਵਨ ਸੰਵਾਰਨ। ਉਨ੍ਹਾਂ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਵੋਟਾਂ ਖਾਤਰ ਇਨ੍ਹਾਂ ਝੂਠੇ ਸਾਧਾਂ ਦੇ ਡੇਰਿਆਂ, ਜੋ ਕਿ ਵਪਾਰ ਦਾ ਅੱਡਾ ਬਣ ਚੁੱਕੇ ਹਨ, ‘ਚ ਪਹੁੰਚ ਕਰਕੇ ਇਨ੍ਹਾਂ ਨੂੰ ਸ਼ਰਨ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰ ਰਾਜਨੀਤਿਕ ਪਾਰਟੀ ਦੇ ਪ੍ਰਮੁੱਖ ਅਹੁੱਦੇਦਾਰ ਜੋ ਇਨ੍ਹਾਂ ਪਾਖੰਡੀ ਸਾਧਾਂ ਕੋਲ ਪਹੁੰਚਦੇ ਸਨ, ਨੂੰ ਅੱਜ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਕਿਸ ਤਰ੍ਹਾਂ ਦੇ ਕਾਰਨਾਮਿਆਂ ‘ਚ ਭਾਈਵਾਲ ਸਨ
ਉਨ੍ਹਾਂ ਕਿਹਾ ਕਿ  ਡੇਰਿਆਂ ਨੂੰ ਉਤਸ਼ਾਹਤ ਕਰਨ ‘ਚ ਸਰਕਾਰਾਂ ਦੀ ਅਹਿਮ ਭੂਮਿਕਾ ਰਹੀ ਹੈ, ਜੇਕਰ ਸਮੇਂ ਸਿਰ ਇਸ ‘ਤੇ ਠੱਲ੍ਹ ਪਾਈ ਜਾਂਦੀ ਤਾਂ ਸ਼ਾਇਦ ਅੱਜ ਮਾਸੂਮ ਲੜਕੀਆਂ ਨਾਲ ਜਬਰ-ਜਨਾਹ, ਕਤਲ, ਹਿੰਸਾ ਅਤੇ ਆਮ ਜਨਤਾ ਨੂੰ ਵਹਿਮਾਂ-ਭਰਮਾਂ ‘ਚ ਪਾਉਣ ਵਰਗੀਆਂ ਘਟਨਾਵਾਂ ਨਾ ਵਾਪਰਦੀਆਂ ਹਨ। ਉਨ੍ਹਾਂ ਇਸ ਮੌਕੇ ਧਾਰਮਿਕ ਜਥੇਬੰਦੀਆਂ ਨੂੰ ਖੁੰਭਾਂ ਵਾਂਗੂੰ ਉਗ ਰਹੇ ਡੇਰਿਆਂ ਨੂੰ ਸਫ਼ਲ ਕਰਨ ਲਈ ਵੀ ਜ਼ਿੰਮੇਵਾਰ ਠਹਿਰਾਇਆ।
ਏਜੀਪੀਸੀ ਦੇ ਆਗੂਆਂ ਨੇ ਕਿਹਾ ਕਿ ਸਮੂਹ ਧਾਰਮਿਕ ਜਥੇਬੰਦੀਆਂ ਨੂੰ ਇਕਜੁਟ ਹੋ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੀ ਪੱਧਰ ‘ਤੇ ਮੁਹਿੰਮ ਵਿੱਢਣੀ ਚਾਹੀਦੀ ਹੈ ਤਾਂ ਜੋ ਕਿ ਸਿੱਖ ਕੌਮ ‘ਚ ਵਾਪਸੀ ਕਰ ਸਕਣ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਰਵਉਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਸਬੰਧੀ ਫ਼ੈਸਲਾ ਵਿਚਾਰ ਵਟਾਂਦਰਾ ਕਰਨ ਦੀ ਜਰੂਰਤ ਹੈ ਕਿ ਕਿਸ ਤਰ੍ਹਾਂ ਜਥੇਦਾਰ ਸਰਕਾਰਾਂ ਦੇ ਪਿੱਠੂ ਬਣ ਕੇ ਰਹਿ ਗਏ ਹਨ। ਜਿਸ ਕਾਰਨ ਇਸ ਤਰ੍ਹਾਂ ਦੇ ਪਾਖੰਡੀ ਸਾਧ ਵਾਰ-ਵਾਰ ਸਿੱਖੀ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।