ਲੰਡਨ ‘ਚ ਗ਼ਲਤੀ ਨਾਲ ਸਿੱਖ ਪਿਓ-ਪੁੱਤ ਗ੍ਰਿਫ਼ਤਾਰ, ਬਾਅਦ ਵਿਚ ਮੰਗੀ ਮੁਆਫ਼ੀ

ਲੰਡਨ ‘ਚ ਗ਼ਲਤੀ ਨਾਲ ਸਿੱਖ ਪਿਓ-ਪੁੱਤ ਗ੍ਰਿਫ਼ਤਾਰ, ਬਾਅਦ ਵਿਚ ਮੰਗੀ ਮੁਆਫ਼ੀ

ਲੰਡਨ/ਬਿਊਰੋ ਨਿਊਜ਼ :
ਦੱਖਣੀ ਇੰਗਲੈਂਡ ਵਿਚ ਪੁਲੀਸ ਨੇ ਗਲਤੀ ਨਾਲ 47 ਸਾਲਾ ਸਿੱਖ ਅਤੇ ਉਸ ਦੇ ਪੁੱਤਰ ‘ਤੇ ਬੰਦੂਕਾਂ ਤਾਣੀਆਂ ਅਤੇ ਹੱਥਕੜੀਆਂ ਲਗਾ ਦਿੱਤੀਆਂ। ਕਿਸੇ ਵਿਅਕਤੀ ਨੇ ਗੋਲੀ ਦੀ ਆਵਾਜ਼ ਸੁਣ ਕੇ, ਜੋ ਅਸਲ ਵਿੱਚ ਕਾਰ ਦਾ ਟਾਇਰ ਫਟਿਆ ਸੀ, ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ।
ਹਰਟਫੋਰਡਸ਼ਾਇਰ ਦੇ ਹਿਟਚਿਨ ਵਿੱਚ ਸੁੱਖੀ ਰਿਆਤ ਨੇ ਆਪਣੇ ਵਿਹੜੇ ਵਿੱਚ ਕਾਰ ਪਾਰਕ ਕੀਤੀ ਸੀ। ਕੁੱਝ ਸਮੇਂ ਬਾਅਦ ਦਰਜਨਾਂ ਹਥਿਆਰਬੰਦ ਪੁਲੀਸ ਮੁਲਾਜ਼ਮ ਕੁੱਤਿਆਂ ਸਮੇਤ ਉਸ ਦੇ ਗਾਰਡਨ ਵਿੱਚ ਆ ਵੜੇ ਉਸ ਨੂੰ ਘੇਰ ਲਿਆ ਅਤੇ ਉਸ ਨੂੰ ਹੱਥਕੜੀ ਲਗਾ ਦਿੱਤੀ। ਆਨਲਾਈਨ ਅਖ਼ਬਾਰ ‘ਮੈਟਰੋ’ ਨੇ ਸੁੱਖੀ ਦੇ ਹਵਾਲੇ ਨਾਲ ਲਿਖਿਆ, ‘ਮੈਂ ਇਕ ਮਿੰਟ ਲਈ ਆਪਣੀ ਕਾਰ ਵਿੱਚ ਬੈਠਾ ਸੀ ਕਿਉਂਕਿ ਮੈਂ ਉਸ ਕੰਪਨੀ ਨੂੰ ਫੋਨ ਕਰ ਰਿਹਾ ਸੀ ਜਿਸ ਤੋਂ ਕਿਸ਼ਤਾਂ ‘ਤੇ ਕਾਰ ਲਈ ਸੀ। ਜਿਵੇਂ ਮੈਂ ਬਾਹਰ ਨਿਕਲਿਆ ਤਾਂ ਹਥਿਆਰਾਂ ਨਾਲ ਲੈਸ ਪੁਲੀਸ ਨੇ ਮੈਨੂੰ ਘੇਰ ਲਿਆ। ਪੁਲੀਸ ਨੇ ਮੇਰੇ 17 ਸਾਲਾ ਪੁੱਤਰ ਹਰਕੀਰਤ ਨੂੰ ਧੱਕ ਕੇ ਕੰਧ ਨਾਲ ਲਗਾ ਦਿੱਤਾ ਅਤੇ ਉਸ ਨੂੰ ਵੀ ਹੱਥਕੜੀ ਲਗਾ ਦਿੱਤੀ।’ 1979 ਤੋਂ ਇਥੇ ਰਹਿ ਰਹੇ ਸੁੱਖੀ ਦੀ ਧੀ ਮਨਮੀਤ ਕੌਰ (20) ਨੇ ਪੁਲੀਸ ਅਧਿਕਾਰੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਪਰਲੇ ਕਮਰੇ, ਜਿਸ ਵਿਚ ਸਿੱਖ ਧਰਮ ਨਾਲ ਸਬੰਧਤ ਵਸਤਾਂ ਤੇ ਗ੍ਰੰਥ ਸਨ, ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਪੁਲੀਸ ਨੂੰ ਬੂਟ ਉਤਾਰਨ ਲਈ ਕੀਤੀਆਂ ਬੇਨਤੀਆਂ ਨੂੰ ਅਣਗੌਲਿਆ ਕਰ ਦਿੱਤਾ। ਇਹ ਡਰਾਉਣਾ ਸੀ। ਹਰਟਫੋਰਡਸ਼ਾਇਰ ਪੁਲੀਸ ਦੀ ਤਰਜਮਾਨ ਨੇ ਕਿਹਾ ਕਿ ਮਿਲਣ ਵਾਲੀ ਸੂਚਨਾ ‘ਤੇ ਕਾਰਵਾਈ ਕਰਨਾ ਪੁਲੀਸ ਦਾ ਫ਼ਰਜ਼ ਹੈ ਅਤੇ ਅਸਲੇ ਬਾਰੇ ਕਿਸੇ ਵੀ ਰਿਪੋਰਟ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ। ਉਸ ਨੇ ਕਿਹਾ, ‘ਪੁਲੀਸ ਕਾਰਵਾਈ ਦੌਰਾਨ ਜੇਕਰ ਕੋਈ ਗਲਤੀ ਹੋਈ ਹੈ ਤਾਂ ਅਸੀਂ ਮੁਆਫ਼ੀ ਮੰਗਦੇ ਹਾਂ।