ਸਿੱਧੂ ਦਾ ਪੰਜਾਬ ‘ਚ ਕੋਈ ਆਧਾਰ ਨਹੀਂ ਪਰ ਅਸੀਂ ਫਿਰ ਵੀ ਕਾਂਗਰਸ ‘ਚ ਉਸ ਦਾ ਸਵਾਗਤ ਕਰਾਂਗੇ : ਕੈਪਟਨ

ਸਿੱਧੂ ਦਾ ਪੰਜਾਬ ‘ਚ ਕੋਈ ਆਧਾਰ ਨਹੀਂ ਪਰ ਅਸੀਂ ਫਿਰ ਵੀ ਕਾਂਗਰਸ ‘ਚ ਉਸ ਦਾ ਸਵਾਗਤ ਕਰਾਂਗੇ :  ਕੈਪਟਨ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਸਭ ਤੋਂ ਅਸਤੀਫ਼ਾ ਦੇ ਚੁੱਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਆਗੂ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ, ਪਰ ਫਿਰ ਵੀ ਉਸ ਲਈ ਕਾਂਗਰਸ ਦੇ ਦਰਵਾਜ਼ੇ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦਾ ਸਿਆਸੀ ਆਧਾਰ ਕੇਵਲ ਅੰਮ੍ਰਿਤਸਰ ਤੱਕ ਹੀ ਸੀਮਤ ਹੈ। ਲੋਕ ਉਸ ਨੂੰ ਕੇਵਲ ਇੱਕ ਕੁਮੈਂਟੇਟਰ ਅਤੇ ਕਾਮੇਡੀ ਸ਼ੋਅ ਸਦਕਾ ਜਾਣਦੇ ਹਨ। ਜਦੋਂ ਸਿੱਧੂ ਨੇ ਰਾਜ ਸਭਾ ਤੋਂ ਅਸਤੀਫ਼ਾ ਦਿੱਤਾ ਸੀ ਤਾਂ ਉਸ ਵੇਲੇ ਉਸ ਦਾ ਸਿਆਸੀ ਉਭਾਰ ਹੋਇਆ ਸੀ, ਪਰ ਹੁਣ ‘ਫੂਕ’ ਨਿਕਲ ਚੁੱਕੀ ਹੈ ਕਿਉਂਕਿ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਸ ਨਾਲ ਧੋਖਾ ਕੀਤਾ ਹੈ। ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ, ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ ਦੇ ਸੁਮੇਲ ਨਾਲ ‘ਆਪ’ ਹਾਸਰਸ ਕਲਾਕਾਰਾਂ ਦੀ ਪਾਰਟੀ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਉਨ੍ਹਾਂ ਦੇ ਪੁਰਾਣੇ ਸਾਥੀ ਹਨ ਅਤੇ ਉਹ ਚੰਗੇ ਇਨਸਾਨ ਹਨ। ਸ੍ਰੀ ਛੋਟੇਪੁਰ ਪਾਰਟੀ ਨਹੀਂ ਛੱਡਣਗੇ ਕਿਉਂਕਿ ਉਹ ਜਿਹੜੇ ਪਾਸੇ ਲੱਗ ਜਾਂਦੇ ਹਨ, ਫਿਰ ਉਧਰ ਹੀ ਚੱਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਤਾਕ ਵਿੱਚ ਹਨ ਕਿਉਂਕਿ ਅੱਜ ਕੱਲ੍ਹ ਦਿੱਲੀ ਸਰਕਾਰ ਦੇ ਇਸ਼ਤਿਹਾਰਾਂ ‘ਤੇ ਕੇਵਲ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਤਸਵੀਰ ਛਪ ਰਹੀ ਹੈ। ਸ੍ਰੀ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਸਾਲ 2019 ਦੀਆਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਾਬਲੇ ਵਿੱਚ ਆਉਣ ਦੇ ਸੁਪਨੇ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੀ ਉਮੀਦਵਾਰਾਂ ਦੀ ਪਹਿਲੀ ਸੂਚੀ ਫਲਾਪ ਸਾਬਤ ਹੋਈ ਹੈ। ਕੈਪਟਨ ਨੇ ਖੁਲਾਸਾ ਕੀਤਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਕਾਂਗਰਸ ਵੱਲੋਂ ਰਾਜ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਸਰਵੇਖਣ ਕਰਵਾਇਆ ਜਾ ਰਿਹਾ ਹੈ ਅਤੇ ਇਸ ਆਧਾਰ ‘ਤੇ ਜਿੱਤਣ ਦੇ ਸਮਰੱਥ ਕਾਂਗਰਸੀ ਨੇਤਾਵਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਤੰਬਰ ਦੇ ਅਖੀਰ ਤੱਕ ਕੇਵਲ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਨੂੰ ਹੀ ਟਿਕਟਾਂ ਵੰਡਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਹੁਣ ਸੂਬਿਆਂ ਵਿੱਚ ਖੇਤਰੀ ਪਾਰਟੀਆਂ ਭਾਰੂ ਹਨ ਇਸ ਲਈ ਕਾਂਗਰਸ ਹਾਈ ਕਮਾਂਡ ਨੂੰ ਪਾਰਟੀ ਵਿਚ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਛੇਤੀ ਕਰ ਦੇਣਾ ਚਾਹੀਦਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੋਰਚਿਆਂ ਵਿੱਚ ਕਥਿਤ ਤੌਰ ‘ਤੇ ਹਜ਼ਾਰਾਂ ਨੌਜਵਾਨ ਮਰਵਾ ਦਿੱਤੇ ਅਤੇ ਹੁਣ ਨਿੱਤ ਪੰਜਾਬ ਵਿਚ ਚੱਲ ਰਹੀਆਂ ਗੋਲੀਆਂ ਅਤੇ ਧਾਰਮਿਕ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਕਾਰਨ ਜਾਪਦਾ ਹੈ ਕਿ ਅਕਾਲੀ ਦਲ-ਭਾਜਪਾ ਸਰਕਾਰ ਮੁੜ ਪੰਜਾਬ ਦੇ ਹਾਲਾਤ ਖਰਾਬ ਕਰਨ ਦੇ ਰੌਂਅ ਵਿੱਚ ਹੈ। ਪੰਜਾਬ ਸਰਕਾਰ ਸਿਪਾਹੀਆਂ ਦੀ ਭਰਤੀ ਦੌਰਾਨ ਕੀਤੇ ਜਾ ਰਹੇ ਡੋਪ ਟੈਸਟਾਂ ਦੇ ਆਧਾਰ ‘ਤੇ ਰਾਜ ਵਿੱਚ ਨਸ਼ਿਆਂ ਦੀ ਅਣਹੋਂਦ ਹੋਣ ਦੇ ਡਰਾਮੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਤਿੰਨ ਸਰਵੇਖਣਾਂ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਰਾਜ ਵਿੱਚ 60 ਤੋਂ 75 ਫ਼ੀਸਦ ਦੇ ਕਰੀਬ ਵਿਅਕਤੀ ਕਿਸੇ ਨਾ ਕਿਸੇ ਢੰਗ ਨਾਲ ਨਸ਼ਿਆਂ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਡਰੱਗ ਮਾਮਲੇ ਵਿੱਚ ਫੜੇ ਜਗਦੀਸ਼ ਭੋਲਾ ਵੱਲੋਂ ਕੀਤੇ ਖੁਲਾਸਿਆਂ ਸਬੰਧੀ ਜਾਂਚ ਹੌਲੀ ਕਰ ਰਹੀ ਹੈ ਕਿਉਂਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਕਥਿਤ ਤੌਰ ‘ਤੇ ਕੁਝ ਅਕਾਲੀ ਆਗੂਆਂ ਨੂੰ ਬਚਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਈਡੀ ਉਨ੍ਹਾਂ ਦੇ ਪਰਿਵਾਰ ਨੂੰ ਨੋਟਿਸ ਜਾਰੀ ਕਰਨ ਵਿਚ ਹੱਦ ਤੋਂ ਜ਼ਿਆਦਾ ਜਲਦੀ ਦਿਖਾ ਰਹੀ  ਹੈ।

ਸਾਬਕਾ ਫ਼ੌਜੀਆਂ ਦੀ ਬਿਹਤਰੀ ਲਈ ਕਦਮ ਚੁੱਕਣ ਦਾ ਵਾਅਦਾ
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਭਵਨ ਵਿੱਚ ਸਾਬਕਾ ਫ਼ੌਜੀਆਂ ਦੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਬਣਨ ‘ਤੇ ਉਨ੍ਹਾਂ ਦਾ ਮਾਣ ਸਨਮਾਨ ਮੁੜ ਬਹਾਲ ਕੀਤਾ ਜਾਵੇਗਾ। ਸਾਬਕਾ ਫ਼ੌਜੀਆਂ ਲਈ ਵਿਸ਼ੇਸ਼ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ, ਜਿਥੇ ਉਹ ਆਪਣੀਆਂ ਸਮੱਸਿਆਵਾਂ ਦਰਜ ਕਰਵਾ ਸਕਦੇ ਹਨ। ਕਾਂਗਰਸ ਸਰਕਾਰ ਟਿਊਬਵੈੱਲ ਕੁਨੈਕਸ਼ਨ ਅਲਾਟ ਕਰਨ ਲਈ ਸਾਬਕਾ ਫ਼ੌਜੀਆਂ ਨੂੰ ਪਹਿਲ ਦੇਵੇਗੀ।