ਨਿਊ ਯਾਰਕ ‘ਚ ਸਿੱਖ ਨੌਜਵਾਨ ਨੂੰ ਕਿਹਾ ‘ਓਸਾਮਾ’

ਨਿਊ ਯਾਰਕ ‘ਚ ਸਿੱਖ ਨੌਜਵਾਨ ਨੂੰ ਕਿਹਾ ‘ਓਸਾਮਾ’

ਨਿਊਯਾਰਕ/ਬਿਊਰੋ ਨਿਊਜ਼ :
ਨਿਊਯਾਰਕ ਯੂਨੀਵਰਸਿਟੀ ‘ਚ ਇਕ ਪੋਸਟ ਡਾਕਟਰੇਲ ਫੈਲੋਅ ਨੂੰ ਇਕ ਨੌਜਵਾਨ ਨੇ ‘ਓਸਾਮਾ’ ਕਿਹਾ ਜਿਹੜਾ ਸਿੱਖ ਭਾਈਚਾਰੇ ਦੇ ਮੈਂਬਰਾਂ ਖਿਲਾਫ ਨਸਲੀ ਘਟਨਾ ਦਾ ਨਵਾਂ ਮਾਮਲਾ ਹੈ। ਯੂਨੀਵਰਸਿਟੀ ਦੇ ਸੈਂਟਰ ਫਾਪ ਰਿਲੀਜ਼ਨ ਐਂਡ ਮੀਡੀਆ ‘ਚ ਪੋਸਟ ਡਾਕਟਰੇਲ ਫੈਲੋਅ ਸਿਮਰਨਦੀਤ ਸਿੰਘ ਨੇ ਇਕ ਨਿਊਜ਼ ਚੈਨਲ ‘ਤੇ ਇਕ ਲੇਖ ‘ਚ ਇਸ ਘਟਨਾ ਦਾ ਜ਼ਿਕਰ ਕੀਤਾ। ਸਿੰਘ ਸਿੱਖ ਕੋਏਲਿਸ਼ਨ ਸਮੂਹ ਨਾਲ ਵੀ ਜੁੜੇ ਹਨ। ਸਿੰਘ ਨੇ ਇਸ ‘ਚ ਦੱਸਿਆ ਕਿ ਨਸਲੀ ਦੋਸ਼ ‘ਤੇ ਉਹ ਚੁੱਪ ਨਹੀਂ ਰਹੇ ਅਤੇ ਉਨ੍ਹਾਂ ਨੇ ਅਣ-ਪਛਾਤੇ ਨੌਜਵਾਨ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਹ ਹਡਸਨ ਨਦੀ ਕੋਲੋਂ ਲੰਘ ਰਹੇ ਸਨ। ਉਹ ਆਪਣੇ ਦਫਤਰ ਤੋਂ ਘਰ ਜਾ ਰਹੇ ਸਨ। ਉਨ੍ਹਾਂ ਦੇ ਕੰਨਾਂ ‘ਚ ਹੈਡਫੋਨ ਲੱਗੇ ਸਨ, ਪਰ ਫਿਰ ਵੀ ਉਹ ਸੁਣ ਸਕਦੇ ਸਨ ਕਿ ਕੋਈ ਉਨ੍ਹਾਂ ਨੂੰ ‘ਓਸਾਮਾ’ ਕਹਿ ਰਿਹਾ ਸੀ। ਉਹ ਵਿਅਕਤੀ ਬਹੁਤ ਕੁਝ ਗਲਤ ਕਹਿ ਰਿਹਾ ਸੀ। ਜਦੋਂ ਉਨ੍ਹਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ 3 ਨੌਜਵਾਨਾਂ ਦਾ ਗਰੁੱਪ ਸੀ। ਸਿੰਘ ਮੁਤਾਬਕ ਪਹਿਲਾਂ ਤਾਂ ਉਨ੍ਹਾਂ ਨੇ ਸੋਚਿਆ ਕਿ ਉਹ ਆਪਣੇ ਰਾਹ ‘ਤੇ ਚੱਲਦੇ ਰਹਿਣ ਪਰ ਫਿਰ ਉਨ੍ਹਾਂ ਨੂੰ ਪਿਛਲੇ ਹਫਤੇ ਦੀ ਘਟਨਾ ਯਾਦ ਆ ਗਈ ਜਦੋਂ ਇਕ ਔਰਤ ਨੇ ਉਨ੍ਹਾਂ ‘ਤੇ ਅਜਿਹੀ ਨਸਲੀ ਟਿੱਪਣੀ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਔਰਤ ਨੂੰ ਕੋਈ ਜਵਾਬ ਨਹੀਂ ਦਿੱਤਾ ਸੀ। ਸਿੰਘ ਉਸ ਨੌਜਵਾਨ ਕੋਲ ਪਹੁੰਚੇ ਤਾਂ ਉਸ ਨੇ ਕਿਹਾ ਕਿ ਉਹ ਮਜ਼ਾਕ ਕਰ ਰਿਹਾ ਸੀ। ਉਸ ਨੇ ਮੁਆਫੀ ਵੀ ਮੰਗੀ ਤਾਂ ਸਿੰਘ ਨੇ ਉਸ ਨੂੰ ਕਿਹਾ, ‘ਦੁਖਦਾਈ ਸੀ।’