ਡੈਨਵਰ ਦੀ ਸਿੱਖ ਸੰਗਤ ਨੇ ਮਨਾਇਆ ਖਾਲਸਾ ਸਾਜਨਾ ਦਿਵਸ

ਡੈਨਵਰ ਦੀ ਸਿੱਖ ਸੰਗਤ ਨੇ ਮਨਾਇਆ ਖਾਲਸਾ ਸਾਜਨਾ ਦਿਵਸ

ਸਿਟੀ ਪਾਰਕ ਇਲਾਕੇ ਵਿਚ ਪਰੇਡ ਕੱਢੀ
ਨਿਊਯਾਰਕ/ਬਿਊਰੋ ਨਿਊਜ਼ :
ਕੋਲੋਰਾਡੋ ਸਟੇਟ ਦੇ ਡੈਨਵਰ ਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਵੱਲੋਂ ਈਸਟ ਹਾਈ ਸਕੂਲ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਅਤੇ ਸਿਟੀ ਪਾਰਕ ਇਲਾਕੇ ਵਿੱਚ ਪਰੇਡ ਵੀ ਕੱਢੀ। ਡੈਨਵਰ ਦੀ ਸਿੱਖ ਸੰਗਤ ਵਲੋਂ ਇਹ ਦੂਜਾ ਸਾਲਾਨਾ ਸਮਾਗਮ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਅਲੱਗ-ਅਲੱਗ ਰੰਗਾਂ ਦੀਆਂ ਦਸਤਾਰਾਂ ਸਜਾ ਕੇ ਸ਼ਾਮਲ ਹੋਏ।
ਸਿੱਖ ਪਰੇਡ ਈਸਟ 16 ਐਵੀਨਿਊ ਪਲੇਸ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਹੁੰਦੀ ਹੋਈ ਮੁੜ ਇਸੇ ਹੀ ਥਾਂ ‘ਤੇ ਸਮਾਪਤ ਹੋਈ। ਪਰੇਡ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤ ਨੇ ਸ਼ਿਰਕਤ ਕੀਤੀ। ਸਿੱਖ ਸੰਗਤਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਵਾਤਾਵਰਣ ਨੂੰ ਰੂਹਾਨੀਅਤ ਵਾਲਾ ਬਣਾ ਰਹੀਆਂ ਸਨ। ਇਸ ਮੌਕੇ ਕੋਲੋਰਾਡੋ ਸਿੰਘ ਸਭਾ ਵਲੋਂ ਸੰਬੋਧਨ ਕਰਦਿਆਂ ਸ. ਰਾਜਬੀਰ ਸਿੰਘ ਢਿਲੋਂ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਨਾ ਵੱਡਾ ਕਾਰਜ ਸੰਗਤਾਂ ਦੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ। ਉਨ੍ਹਾਂ ਸਮਾਗਮ ਵਿਚ ਸ਼ਾਮਲ ਕਾਂਗਰਸਮੈਨਾਂ, ਸੈਨੇਟਰਾਂ ਤੇ ਜਸਟਿਸ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਜੀ ਆਇਆਂ ਕਹਿੰਦਿੰਆਂ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਤੇ ਉਨ੍ਹਾਂ ਸਾਰਿਆਂ ਨੂੰ ਸਿੱਖ ਸੰਗਤਾਂ ਵਲੋਂ ਸਨਮਾਨਤ ਵੀ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸਿੱਖ ਆਗੂ ਦਲਜੀਤ ਸਿੰਘ ਹੋਠੀ ਨੇ ਦੱਸਿਆ ਕਿ ਇਹ ਸਿੱਖ ਪਰੇਡ ਅਮਰੀਕਨ ਲੋਕਾਂ ਵਿਚਕਾਰ ਸਿੱਖਾਂ ਦੀ ਪਛਾਣ ਸਬੰਧੀ ਪੈਦਾ ਹੋਏ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਬਹੁਤ ਲਾਭਦਾਇਕ ਰਹੇਗੀ।
ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੀ ਕੋਲੋਰਾਡੋ ਸਟੇਟ ਇਕਾਈ ਦੇ ਪ੍ਰਧਾਨ ਰਾਜਬੀਰ ਸਿੰਘ ਢਿਲੋਂ ਨੇ ਦੱਸਿਆ ਕਿ ਅਮਰੀਕਾ ਉਪਰ 11 ਸਤੰਬਰ ਦੇ ਹਮਲਿਆਂ ਤੋਂ ਬਾਅਦ ਸਿੱਖ ਕੌਮ ਨੂੰ ਅਮਰੀਕਾ ਅੰਦਰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਿਆ ਜਾਣ ਲੱਗਾ ਸੀ, ਜਿਸ ਨਾਲ ਸਿੱਖ ਕੌਮ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਹੈ। ਢਿਲੋਂ ਨੇ ਦੱਸਿਆ ਕਿ ਮੈਟਰੋ ਏਰੀਆ ਦੇ ਨਜ਼ਦੀਕ ਹੀ 1000 ਸਿੱਖ ਪਰਿਵਾਰ ਰਹਿੰਦੇ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਦੇ ਆਪਣੇ ਕਾਰੋਬਾਰ ਹਨ ਤੇ ਉਨ੍ਹਾਂ ਨੇ ਹਜ਼ਾਰਾਂ ਲੋਕਾਂ ਨੂੰ ਆਪੋ-ਆਪਣੇ ਅਦਾਰਿਆਂ ਵਿਚ ਰੁਜ਼ਗਾਰ ‘ਤੇ ਰੱਖਿਆ ਹੋਇਆ ਹੈ। ਇਨ੍ਹਾਂ ਸਿੱਖ ਪਰਿਵਾਰਾਂ ਵਿਚੋਂ ਜ਼ਿਆਦਾਤਰ ਉੱਤਰੀ ਭਾਰਤ ਦੇ ਪੰਜਾਬ ਸੂਬੇ ਤੋਂ ਹਨ। ਅਮਰਜੀਤ ਸਿੰਘ ਸੰਧੂ ਨੇ ਕਿਹਾ ਕਿ ਪਹਿਰਾਵੇ ਅਤੇ ਕੇਸਾਂ ਕਾਰਨ ਸਿੱਖਾਂ ਨੂੰ ਅਕਸਰ ਮੁਸਲਮਾਨ ਸਮਝ ਲਿਆ ਜਾਂਦਾ ਹੈ। ਸੰਧੂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ, ਬਰਾਬਰੀ ਅਤੇ ਨਿਆਂ ਸਿੱਖ ਧਰਮ ਦੇ ਮਹੱਤਵਪੂਰਨ ਸਿਧਾਂਤ ਹਨ। ਉਨ੍ਹਾਂ ਕਿਹਾ ਕਿ ਹਰ ਧਰਮ ਦੇ ਲੋਕਾਂ ਲਈ ਗੁਰੂ ਘਰਾਂ ਵਿੱਚ ਮੁਫ਼ਤ ਭੋਜਨ ਉਪਲੱਬਧ ਹੈ। ਰਿਪਬਲੀਕਨ ਕਾਂਗਰਸਮੈਨ ਮਾਈਕ ਕੋਫਿਨ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉਤਮ ਧਰਮ ਹੈ। ਉਨ੍ਹਾਂ ਕਿਹਾ ਕਿ ਉਹ ਇਸ ਭਾਈਚਾਰੇ ਖਿਲਾਫ ਹਿੰਸਾ ਦੀਆਂ ਘਟਨਾਵਾਂ ਤੋਂ ਬਹੁਤ ਚਿੰਤੁਤ ਹਨ। ਸਿੱਖ ਭਈਚਾਰੇ ਦੇ ਮੈਂਬਰਾਂ ਨੇ ਹਾਜ਼ਰੀ ਭਰਨ ਵਾਲੀਆਂ ਇਨ੍ਹਾਂ ਸ਼ਖਸੀਅਤਾਂ ਦੇ ਮਾਣ ਵਜੋਂ ਦਸਤਾਰਾਂ ਵੀ ਸਜਾਈਆਂ। ਸਿੱਖ ਪਰੇਡ ਦੀ ਸਫਲਤਾ ਲਈ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਸਿੱਧੂ, ਦਲਬੀਰ ਸਿੰਘ ਨਾਗਰਾ, ਬਲਬੀਰ ਸਿੰਘ ਤੇ ਭਾਈ ਸਤਿੰਦਰ ਸਿੰਘ ਨੇ ਦਿਨ-ਰਾਤ ਕੰਮ ਕੀਤਾ।