ਵਿਦਿਆਰਥਣ ਨੂੰ ‘ਅੱਤਵਾਦੀ ਬਣਨ ਦੀ ਸੰਭਾਵਨਾ’ ਪੁਰਸਕਾਰ ਦੇਣ ਦਾ ਸਖ਼ਤ ਵਿਰੋਧ

ਵਿਦਿਆਰਥਣ ਨੂੰ ‘ਅੱਤਵਾਦੀ ਬਣਨ ਦੀ ਸੰਭਾਵਨਾ’ ਪੁਰਸਕਾਰ ਦੇਣ ਦਾ ਸਖ਼ਤ ਵਿਰੋਧ

ਸਕੂਲ ਨੇ ਮੰਗੀ ਮੁਆਫ਼ੀ
ਹਿਊਸਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਇਕ ਸਕੂਲ ਵਿਚ 7ਵੀਂ ਜਮਾਤ ਦੀ ਇਕ ਵਿਦਿਆਰਥਣ ਨੂੰ ਉਸ ਦੀ ਅਧਿਆਪਕਾ ਨੇ ‘ਅੱਤਵਾਦੀ ਬਣਨ ਦੀ ਸੰਭਾਵਨਾ’ ਪੁਰਸਕਾਰ ਦਿੱਤਾ ਹੈ, ਜਿਸ ‘ਤੇ ਮਾਤਾ-ਪਿਤਾ ਦੇ ਸਖ਼ਤ ਇਤਰਾਜ਼ ਤੋਂ ਬਾਅਦ ਸਕੂਲ ਨੂੰ ਅਜਿਹੇ ਪ੍ਰੋਗਰਾਮ ਲਈ ਮੁਆਫ਼ੀ ਮੰਗਣੀ ਪਈ। ਹਿਊਸਟਨ ਦੇ ਨੇੜੇ ਟੈਕਸਾਸ ਦੇ ਚੈਨਲਵਿਊ ਵਿਚ ਐਂਥਨੀ ਅਗੁਈਰੇ ਜੂਨੀਅਰ ਹਾਈ ਸਕੂਲ ਵਿਚ ਮਜ਼ਾਕੀਆ ਪੁਰਸਕਾਰ ਸਮਾਰੋਹ ਦੇ ਤੌਰ ‘ਤੇ ਅਧਿਆਪਕਾ ਨੇ ਇਕ ਸਮੂਹ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ। 13 ਸਾਲਾ ਲਿਜ਼ੇਥ ਵਿੱਲਾਨੁਏਵਾ ਨੇ ਕਿਹਾ ਕਿ ਅਧਿਆਪਕਾ ਨੇ ਹੱਸਦੇ ਹੋਏ ਉਸ ਨੂੰ ਸਰਟੀਫਿਕੇਟ ਦਿੱਤਾ। ਇਹ ਘਟਨਾ ਬ੍ਰਿਟੇਨ ਦੇ ਮੈਨਚੇਸਟਰ ਵਿਚ ਪੋਪ ਕਨਸਰਟ ਵਿਚ ਹੋਏ ਭਿਆਨਕ ਅੱਤਵਾਦੀ ਹਮਲੇ ਦੇ ਇਕ ਦਿਨ ਬਾਅਦ ਦੀ ਹੈ।
ਇਕ ਅੰਗਰੇਜ਼ੀ ਅਖਬਾਰ ਨੇ ਲਿਜ਼ੇਥ ਦੇ ਹਵਾਲੇ ਤੋਂ ਕਿਹਾ, ”ਜਦੋਂ ਉਨ੍ਹਾਂ ਨੇ ਮੇਰਾ ਨਾਂ ਲਿਆ ਤਾਂ ਮੈਂ ਚਾਰੋਂ ਪਾਸੇ ਦੇਖਣ ਲੱਗੀ ਕਿ ਉਨ੍ਹਾਂ ਨੇ ਕੀ ਕਿਹਾ? ਮੈਂ ਪ੍ਰੇਸ਼ਾਨ ਹੋ ਗਈ ਪਰ ਮੈਂ ਜਤਾਇਆ ਨਹੀਂ।” ਉਸ ਦੀ ਮਾਂ ਐਨਾ ਨੂੰ ਇਸ ਪੁਰਸਕਾਰ ਵਿਚ ਕੁਝ ਵੀ ਹਾਸੋਹੀਣ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਮੈਂ ਪ੍ਰੇਸ਼ਾਨ ਹੋ ਗਈ, ਜਦੋਂ ਮੈਂ ਪੁਰਸਕਾਰ ਦੇਖਿਆ। ਮੈਂ ਹੈਰਾਨ ਸੀ ਕਿਉਂਕਿ ਮੇਰੀ ਬੇਟੀ ਪ੍ਰੋਗਰਾਮ ਵਿਚ ਕਾਫੀ ਚੰਗਾ ਕਰ ਰਹੀ ਹੈ। ਮੇਰੀ ਬੇਟੀ ਹੱਸ ਨਹੀਂ ਰਹੀ ਸੀ, ਉਹ ਹੈਰਾਨ ਸੀ। ਉਨ੍ਹਾਂ ਨੇ ਕਿਹਾ ਕਿ ਹੋਰ ਪੁਰਸਕਾਰਾਂ ਵਿਚ ‘ਹਰ ਛੋਟੀ ਗੱਲ ‘ਤੇ ਰੋਣ ਵਾਲਾ’ ਅਤੇ ‘ਬੇਘਰ ਹੋਣ ਦੀ ਸੰਭਾਵਨਾ’ ਵਾਲਾ ਪੁਰਸਕਾਰ ਵੀ ਸ਼ਾਮਲ ਸੀ। ਸਕੂਲ ਦੇ ਪ੍ਰਤੀਨਿਧੀਆਂ ਨੇ ਬਾਅਦ ਵਿਚ ਇਕ ਬਿਆਨ ਜਾਰੀ ਕਰ ਕੇ ਘਟਨਾ ਲਈ ਮੁਆਫ਼ੀ ਮੰਗੀ। ਮਾਂ ਐਨਾ ਨੇ ਕਿਹਾ ਕਿ ਅਜਿਹੀ ਅਧਿਆਪਕਾ ਨੂੰ ਕੱਢ ਦੇਣਾ ਚਾਹੀਦਾ ਹੈ।