ਟਰੰਪ ਵਲੋਂ ਭਾਰਤੀ-ਅਮਰੀਕੀ ਅਮੂਲ ਥਾਪਰ ਦੀ ਅਪੀਲੀ ਅਦਾਲਤ ‘ਚ ਨਿਯੁਕਤੀ

ਟਰੰਪ ਵਲੋਂ ਭਾਰਤੀ-ਅਮਰੀਕੀ ਅਮੂਲ ਥਾਪਰ ਦੀ ਅਪੀਲੀ ਅਦਾਲਤ ‘ਚ ਨਿਯੁਕਤੀ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕੀ ਸੈਨੇਟ ਨੇ ਭਾਰਤੀ-ਅਮਰੀਕੀ ਮੂਲ ਦੇ ਜੱਜ ਅਮੂਲ ਥਾਪਰ ਦੇ ਨਾਂ ਨੂੰ ਮੁਲਕ ਦੀ ਅਪੀਲੀ ਅਦਾਲਤ ਵਿੱਚ ਨਿਯੁਕਤੀ ਲਈ ਪ੍ਰਵਾਨਗੀ ਦੇ ਦਿੱਤੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਥਾਪਰ ਨੂੰ ਅਪੀਲਾਂ ਬਾਰੇ ਅਮਰੀਕਾ ਦੀ 6ਵੀਂ ਸਰਕਟ ਕੋਰਟ ਲਈ ਨਾਮਜ਼ਦ ਕੀਤਾ ਸੀ ਤੇ ਸੈਨੇਟ ਨੇ ਵੋਟਿੰਗ ਦੌਰਾਨ 52-44 ਨਾਲ ਥਾਪਰ ਦੇ ਨਾਂ ‘ਤੇ ਮੋਹਰ ਲਾ ਦਿੱਤੀ। ਇਸ ਨਿਯੁਕਤੀ ਨਾਲ ਥਾਪਰ (48) ਅਮਰੀਕੀ ਸਰਕਟ ਕੋਰਟ ਵਿੱਚ ਦੱਖਣੀ ਏਸ਼ੀਆ ਮੂਲ ਦਾ ਦੂਜਾ ਵਿਅਕਤੀ ਹੈ, ਜਿਸ ਨੂੰ ਇਹ ਮਾਣ ਮਿਲਿਆ ਹੈ। ਉਂਜ ਇਸ ਕੋਰਟ ਵਿੱਚ ਕੈਂਟਕੀ, ਟੈਨੇਸੀ, ਓਹਾਇਓ ਤੇ ਮਿਸ਼ੀਗਨ ਨਾਲ ਸਬੰਧਤ ਅਪੀਲਾਂ ਸੁਣੀਆਂ ਜਾਂਦੀਆਂ ਹਨ। ਥਾਪਰ, ਜੋ ਕਿ ਮੌਜੂਦਾ ਸਮੇਂ ਮੁਲਕ ਦੀ ਜ਼ਿਲ੍ਹਾ ਕੋਰਟ ਵਿੱਚ ਜੱਜ ਹੈ, ਨੂੰ ਟਰੰਪ ਵੱਲੋਂ 21 ਮਾਰਚ ਨੂੰ ਅਪੀਲੀ ਅਦਾਲਤ ਲਈ ਨਾਮਜ਼ਦ ਕੀਤਾ ਗਿਆ ਸੀ। ਥਾਪਰ ਉਨ੍ਹਾਂ 20 ਜੱਜਾਂ ਵਿੱਚ ਵੀ ਸ਼ੁਮਾਰ ਸੀ, ਜਿਨ੍ਹਾਂ ਦਾ ਨਾਂ ਟਰੰਪ ਨੇ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਸੁਪਰੀਮ ਕੋਰਟ ਵਿੱਚ ਨਾਮਜ਼ਦਗੀਆਂ ਲਈ ਸ਼ਾਰਟਲਿਸਟ ਕੀਤਾ। ਸੀ।