ਗੁਰਦੁਆਰਾ ਲੈਂਕਰਸ਼ਿਮ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਗੁਰਦੁਆਰਾ ਲੈਂਕਰਸ਼ਿਮ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਲਾਸ ਏਂਜਲਸ/ਬਿਊਰੋ ਨਿਊਜ਼:
ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਹਾੜਾ 21 ਮਈ ਨੂੰ ਸਿੱਖ ਗੁਰਦੁਆਰਾ ਆਫ਼ ਲਾਸ ਏਂਜਲਸ ਵਿਖੇ ਬਹੁਤ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਲਾਸ ਏਜਲਸ ਅਤੇ ਦੂਰੋਂ ਨੇੜਿਉ ਚੱਲ ਕੇ ਆਈਆਂ ਸੰਗਤਾਂ ਨੇ ਕੀਰਤਨ ਅਤੇ ਢਾਡੀ ਵਾਰਾਂ ਦਾ ਆਨੰਦ ਮਾਣਿਆ। ਪ੍ਰੋਗਰਾਮ ਦੀ ਆਰੰਭਤਾ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਹੋਈ, ਜਿਸ ਦੀ ਸੇਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਮੈਮੋਰੀਅਲ ਸੋਸਾਇਟੀ ਵਲੋਂ ਕੀਤੀ ਗਈ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਹਜੂਰੀ ਰਾਗੀ ਭਾਈ ਜਤਿੰਦਰ ਸਿੰਘ ਜੋਤ ਨੇ ਆਸਾ ਦੀ ਵਾਰ ਨਾਲ ਪ੍ਰੋਗਰਾਮ ਦੀ ਆਰੰਭਤਾ ਕੀਤੀ ਅਤੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਹਨਾਂ ਤੋ ਬਾਅਦ ਬਾਬਾ ਸੁਰਜੀਤ ਸਿੰਘ ਨੇ ਦੀਵਾਨ ‘ਚ ਸੰਗਤਾਂ ਨੂੰ ਇਤਿਹਾਸਕ ਤਥਾਂ ਨਾਲ ਸ਼ਹੀਦਾਂ ਦੇ ਜੀਵਨ ਸੰਬੰਧੀ ਉਚੇਚੀ ਜਾਣਕਾਰੀ ਦਿਤੀ। ਹਜੂਰੀ ਰਾਗੀ ਭਾਈ ਜਤਿੰਦਰ ਸਿੰਘ ਜੋਤ ਅਤੇ ਭਾਈ ਰਵਿੰਦਰ ਸਿੰਘ ਰਸੀਆ ਨੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸਿੱਖ ਇਤਿਹਾਸਕਾਰ ਦਰਸ਼ਨ ਸਿੰਘ ਪਟਿਆਲਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਅਤੇ ਪਿਛੋਕੜ ਸੰਬੰਧੀ ਸੰਗਤਾਂ ਨਾਲ ਸਾਂਝੀ ਕੀਤੀ। ਮਿਥੇ ਪ੍ਰੋਗਰਾਮ ਅਨੁਸਾਰ ਢਾਡੀ ਜਥਾ ਭਾਈ ਜਰਨੈਲ ਸਿੰਘ ਤੂਫ਼ਾਨ  ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਗੁਰੂ ਸਾਹਿਬ ਦੇ ਦਰਸਾਏ ਸ਼ਬਦ ਮਾਰਗ ਦੀ ਜਾਣਕਾਰੀ ਦਿਤੀ ਅਤੇ ਢਾਡੀ ਵਾਰਾਂ ਨਾਲ ਸੰਗਤਾਂ ਦਾ ਮਨ ਮੋਹ ਲਿਆ। ਸਮਾਗਮ ਦੀ  ਸਟੇਜ ਸੇਵਾ ਪ੍ਰਧਾਨ ਗੁਰਚਰਨ ਸਿੰਘ ਬੈਂਸ ਨੇ ਨਿਭਾਈ ਅਤੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ ਅਤੇ ਗੁਰੂ ਸ਼ਬਦ ਨੂੰ ਵਿਚਾਰ ਕੇ ਜੀਵਨ ਵਿਚ ਅਪਨਾਉਣ ਦੀ ਅਪੀਲ ਕੀਤੀ ਅਤੇ ਸੰਗਤਾਂ ਨੂੰ ਆਤਮ ਜਾਗ੍ਰਿਤ ਹੋਣ ਲਈ ਪ੍ਰੇਰਨਾ ਦਿਤੀ।
ਇਸ ਸਾਰੇ ਸਮਾਗਮ ਅਤੇ  ਲੰਗਰਾਂ ਦੀ ਸੇਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਮੈਮੋਰੀਅਲ ਸੋਸਾਇਟੀ ਵਲੋਂ ਕਰਵਾਈ ਗਈ। ਸਟਾਲਾਂ ਦਾ ਅਤੇ ਗੰਨੇ ਦੇ ਰਸ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ।  ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਮੈਮੋਰੀਅਲ ਸੋਸਾਇਟੀ ਦੇ ਮੇਂਬਰ ਜਤਿੰਦਰ ਸਿੰਘ ਗਰੇਵਾਲ, ਬਲਦੇਵ  ਸਿੰਘ ਗਰੇਵਾਲ, ਜਸਵੰਤ ਸਿੰਘ ਢਿੱਲੋਂ, ਮਨਜੀਤ ਸਿੰਘ ਪੰਧੇਰ, ਜਗਤਾਰ ਸਿੰਘ ਸਮਰਾ, ਇਕਬਾਲ ਸਿੰਘ ਸਮਰਾ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ, ਅਜੀਤ ਸਿੰਘ ਥਿੰਦ, ਬਲਜਿੰਦਰ ਸਿੰਘ ਗਰੇਵਾਲ, ਰਣਜੀਤ ਸਿੰਘ, ਦਰਸ਼ਨ ਸਿੰਘ, ਜਸਮਿੰਦਰ ਸਿੰਘ ਗਰੇਵਾਲ ਅਤੇ ਧਰਮਿੰਦਰ ਸਿੰਘ ਗਰੇਵਾਲ ਨੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਪ੍ਰੋਗਰਾਮ ਬਾਰੇ ਜਸ ਪੰਜਾਬੀ ਟੀ.ਵੀ. ਤੇ ਵੀ ਜਾਣਕਾਰੀ ਦਿਤੀ ਗਈ। ਸਿੱਖ ਵੇਲਫ਼ੇਅਰ ਆਰਗੇਨਾਈਜ਼ੇਸ਼ਨ  ਨੇ ਗੰਨੇ ਦਾ ਰਸ ਅਤੇ ਛੋਲੇ ਭਟੂਰੇ ਦੇ ਲੰਗਰਾਂ ਦੀ ਸੇਵਾ ਵਿਚ ਖਾਸ ਯੋਗਦਾਨ ਦਿਤਾ।