ਟਰੰਪ ਨੇ ਓਬਾਮਾਕੇਅਰ ਦੀ ‘ਵਾਸਤਵਿਕ ਮੌਤ’ ਦਾ ਕੀਤਾ ਐਲਾਨ

ਟਰੰਪ ਨੇ ਓਬਾਮਾਕੇਅਰ ਦੀ ‘ਵਾਸਤਵਿਕ ਮੌਤ’ ਦਾ ਕੀਤਾ ਐਲਾਨ

ਪ੍ਰਤੀਨਿਧ ਸਦਨ ਦੀ ਬਹੁਤ ਥੋੜ੍ਹੇ ਫ਼ਰਕ ਨਾਲ ਮਿਲੀ ਪ੍ਰਵਾਨਗੀ
ਵਾਸ਼ਿੰਗਟਨ/ਬਿਊਰੋ ਨਿਊਜ਼ :
ਬਰਾਕ ਓਬਾਮਾ ਦੇ ਸਿਹਤ ਸੰਭਾਲ ਪ੍ਰੋਗਰਾਮ ਨੂੰ ਖ਼ਤਮ ਕਰਨ ਦੀ ਆਪਣੀ ਯੋਜਨਾ ਨੂੰ ਪ੍ਰਤੀਨਿਧ ਸਦਨ ਦੀ ਬਹੁਤ ਥੋੜ੍ਹੇ ਫਰਕ ਨਾਲ ਪ੍ਰਵਾਨਗੀ ਮਿਲਣ ਮਗਰੋਂ ਹਸੂੰ ਹਸੂੰ ਕਰਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਓਬਾਮਾਕੇਅਰ ਦੀ ‘ਵਾਸਤਵਿਕ ਮੌਤ’ ਦਾ ਐਲਾਨ ਕੀਤਾ।
ਪ੍ਰਦਰਸ਼ਨਕਾਰੀਆਂ ਦੇ ‘ਸ਼ਰਮ ਕਰੋ’ ਦੇ ਨਾਅਰਿਆਂ ਤੋਂ ਅਣਭਿੱਜ ਟਰੰਪ ਅਤੇ ਰਿਪਬਲਿਕਨਾਂ ਨੇ ਇਹ ਬਿੱਲ ਪਾਸ ਹੋਣ ਮਗਰੋਂ ਜਸ਼ਨ ਮਨਾਏ। ਭਾਵੇਂ ਵੋਟਿੰਗ ਵੱਡੇ ਪੱਧਰ ਉਤੇ ਪਾਰਟੀ ਲਾਈਨ ਉਤੇ ਹੋਈ ਅਤੇ ਕਿਸੇ ਵੀ ਡੈਮੋਕਰੇਟ ਨੇ ਇਸ ਬਿੱਲ ਦੀ ਹਮਾਇਤ ਨਹੀਂ ਕੀਤੀ, ਜਦੋਂ ਕਿ 20 ਰਿਪਬਲਿਕਨਾਂ ਨੇ ਬਿੱਲ ਦਾ ਵਿਰੋਧ ਕੀਤਾ। ਇਹ ਓਬਾਮਾ ਦੇ ‘ਐਫੋਰਡੇਬਲ ਕੇਅਰ ਐਕਟ’ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੈ। ਰਿਪਬਲਿਕਨਾਂ ਨੇ ‘ਅਮਰੀਕਨ ਹੈਲਥ ਕੇਅਰ ਐਕਟ’ ਨੂੰ 217 ਵੋਟਾਂ ਨਾਲ ਪਾਸ ਕੀਤਾ, ਜਦੋਂ ਕਿ ਵਿਰੋਧ ਵਿੱਚ 213 ਵੋਟਾਂ ਪਈਆਂ। ਇਸ ਤੋਂ ਕੁਝ ਮਿੰਟਾਂ ਬਾਅਦ ਵ੍ਹਾਈਟ ਹਾਊਸ ਦੇ ਮੈਦਾਨ ਵਿੱਚ ਜਸ਼ਨ ਸ਼ੁਰੂ ਹੋ ਗਏ। ਇਸ ਜਿੱਤ ਉਤੇ ਟਰੰਪ ਨੇ ਕਿਹਾ ਕਿ ਉਹ ਰਾਸ਼ਟਰਪਤੀ ਵਜੋਂ ਵਧੀਆ ਕੰਮ ਕਰ ਰਹੇ ਹਨ।
ਵ੍ਹਾਈਟ ਹਾਊਸ ਦੇ ਮੈਦਾਨ ਵਿੱਚ ਨਵੇਂ ਸਿਹਤ ਸੰਭਾਲ ਬਿੱਲ ਦੀ ਮੁੱਖ ਕਰਤਾ-ਧਰਤਾ ਭਾਰਤੀ-ਅਮਰੀਕੀ ਸੀਮਾ ਵਰਮਾ ਨੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਸਟੇਜ ਸਾਂਝੀ ਕੀਤੀ। ਰਾਸ਼ਟਰਪਤੀ ਨੇ ਉਨ੍ਹਾਂ ਦੀ ਕਈ ਕਾਨੂੰਨਸਾਜ਼ਾਂ ਨੂੰ ਓਬਾਮਾਕੇਅਰ ਨੂੰ ਖ਼ਤਮ ਕਰਨ ਦੀ ਲੋੜ ਬਾਰੇ ਮਨਾਉਣ ਲਈ ਸ਼ਲਾਘਾ ਕੀਤੀ। ਸੀਮਾ ਵਰਮਾ ‘ਸੈਂਟਰਜ਼ ਫਾਰ ਮੈਡੀਕੇਅਰ ਅਤੇ ਮੈਡੀਕੈਡ ਸਰਵਿਸਜ਼’ ਦੇ ਪ੍ਰਸ਼ਾਸਕ ਹਨ।
ਟਰੰਪ ਨੇ ਟਰਨਬੁੱਲ ਨਾਲ ਸੁਲ੍ਹਾ-ਸਫ਼ਾਈ ਲਈ ਕੀਤੀ ਮੀਟਿੰਗ :
ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਸਟਰੇਲਿਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨਾਲ ਸੁਲ੍ਹਾ-ਸਫ਼ਾਈ ਲਈ ਮੀਟਿੰਗ ਕੀਤੀ। ਟਰੰਪ ਨੇ ਕਿਹਾ ਕਿ ਜਨਵਰੀ ਵਿੱਚ ਟੈਲੀਫੋਨ ਗੱਲਬਾਤ ਦੌਰਾਨ ਹੋਏ ਵਿਵਾਦ ਮਗਰੋਂ ਸਾਰੇ ਮਸਲੇ ਹੱਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਨਿਊਯਾਰਕ ਵਿੱਚ ਟਰਨਬੁੱਲ ਨਾਲ ਕਈ ਮਸਲਿਆਂ ਉਤੇ ਗੱਲਬਾਤ ਹੋਈ।