ਅਮਰੀਕੀ ਨੇ ਏਸ਼ਿਆਈ ਨੂੰ ਕੁੱਟ ਕੇ ਗੋਰਿਆਂ ਦੇ ਤਾਕਤਵਰ ਹੋਣ ਦਾ ਦਾਅਵਾ ਕੀਤਾ

ਅਮਰੀਕੀ ਨੇ ਏਸ਼ਿਆਈ ਨੂੰ ਕੁੱਟ ਕੇ ਗੋਰਿਆਂ ਦੇ ਤਾਕਤਵਰ ਹੋਣ ਦਾ ਦਾਅਵਾ ਕੀਤਾ

ਨਿਊ ਯਾਰਕ/ਬਿਊਰੋ ਨਿਊਜ਼ :
ਇਕ ਅਮਰੀਕੀ ਨੇ ਇੱਕ ਏਸ਼ਿਆਈ ਨੂੰ ਆਪਣੇ ਗੁੱਸੇ ਦਾ ਨਿਸ਼ਾਨਾ ਬਣਾਉਂਦਿਆਂ ਉਸ ਨੂੰ ਕੁੱਟਿਆ ਅਤੇ ਗੋਰਿਆਂ ਦੇ ਤਾਕਤਵਰ ਹੋਣ ਦਾ ਦਾਅਵਾ ਕੀਤਾ। ਅਮਰੀਕੀ ਸਟੀਵਨ ਜ਼ਾਤੋਰਸਕੀ (48) ‘ਤੇ ਨਫ਼ਰਤੀ ਅਪਰਾਧ ਦੇ ਦੋਸ਼ ਲੱਗੇ ਹਨ। ਉਹ ਏਸ਼ਿਆਈ ਵਿਅਕਤੀ ‘ਤੇ ਚੀਕਿਆ ‘ਸਾਡੀ ਗੋਰਿਆਂ ਦੀ ਤਾਕਤ ਹੈ, ਆਪਣੇ ਮੁਲਕ ਜਾਓ, ਤੂੰ ਇਥੇ ਕੀ ਕਰ ਰਿਹਾ ਹੈਂ।’ ਪੁਲੀਸ ਮੁਤਾਬਕ ਸਟੀਵਨ ਨੇ ਸੋਮਵਾਰ ਨੂੰ ਏਸ਼ਿਆਈ ਵਿਅਕਤੀ ਨੂੰ ਲੱਤਾਂ ਨਾਲ ਕੁੱਟਿਆ ਅਤੇ ਚਿਹਰੇ ‘ਤੇ ਘਸੁੰਨ ਵੀ ਮਾਰੇ। ਇਕ ਪ੍ਰਤੱਖਦਰਸ਼ੀ ਨੇ ਪੁਲੀਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਸ ਮਗਰੋਂ ਸਟੀਵਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੀੜਤ ਦਾ ਮੌਕੇ ‘ਤੇ ਇਲਾਜ ਕੀਤਾ ਗਿਆ।
ਟਰੰਪ ਨੇ ਨਫ਼ਰਤੀ ਅਪਰਾਧ ਰੋਕਣ ਲਈ ਟਾਸਕ ਫੋਰਸ ਬਣਾਈ :
ਵਾਸ਼ਿੰਗਟਨ : ਅਮਰੀਕਾ ਵਿਚ ਸਿੱਖਾਂ, ਹਿੰਦੂਆਂ ਅਤੇ ਹੋਰ ਭਾਈਚਾਰਿਆਂ ਖ਼ਿਲਾਫ਼ ਵੱਧ ਰਹੇ ਨਫ਼ਰਤੀ ਅਪਰਾਧਾਂ ਨੂੰ ਦੇਖਦਿਆਂ ਟਰੰਪ ਪ੍ਰਸ਼ਾਸਨ ਨੇ ਉਨ੍ਹਾਂ ਦੀ ਰੋਕਥਾਮ ਲਈ ਟਾਸਕ ਫੋਰਸ ਬਣਾਈ ਹੈ। ਨਿਆਂ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਸੈਨੇਟ ਦੀ ਜੁਡੀਸ਼ਰੀ ਕਮੇਟੀ ਮੂਹਰੇ ਸਿੱਖਾਂ ਅਤੇ ਹਿੰਦੂ ਭਾਈਚਾਰਿਆਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਦੇ ਕਈ ਮਾਮਲਿਆਂ ਦਾ ਹਵਾਲਾ ਦਿੱਤਾ। ਨਿਆਂ ਵਿਭਾਗ ਵਿਚ ਧਾਰਮਿਕ ਵਿਤਕਰੇ ਅਤੇ ਮਨੁੱਖੀ ਹੱਕਾਂ ਬਾਰੇ ਡਿਵੀਜ਼ਨ ਦੇ ਵਿਸ਼ੇਸ਼ ਵਕੀਲ ਏਰਿਕ ਟਰੀਨ ਨੇ ਕਿਹਾ ਕਿ ਅਟਾਰਨੀ ਜਨਰਲ ਜੈਫ ਸੈਸ਼ਨਜ਼ ਨੇ ਹਿੰਸਕ ਅਪਰਾਧਾਂ ਨਾਲ ਨਜਿੱਠਣ ਨੂੰ ਵਿਸ਼ੇਸ਼ ਤਰਜੀਹ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਨਫ਼ਰਤੀ ਅਪਰਾਧਾਂ ‘ਤੇ ਠੱਲ੍ਹ ਪਾਉਣ ਲਈ ਕੌਮੀ ਪੱਧਰ ‘ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫਰਵਰੀ ਵਿਚ ਸੈਸ਼ਨਜ਼ ਨੇ ਅਪਰਾਧਾਂ ਵਿਚ ਕਟੌਤੀ ਅਤੇ ਜਨਤਕ ਸੁਰੱਖਿਆ ਲਈ ਟਾਸਕ ਫੋਰਸ ਬਣਾਈ ਸੀ। ਇਸੇ ਟਾਸਕ ਫੋਰਸ ਵਿਚ ਨਫ਼ਰਤੀ ਅਪਰਾਧਾਂ ਬਾਰੇ ਸਬ ਕਮੇਟੀ ਬਣੀ ਹੈ ਜੋ ਯੋਜਨਾ ਉਲੀਕ ਕੇ ਅਮਰੀਕੀਆਂ ਦੇ ਹੱਕਾਂ ਦੀ ਬਿਹਤਰ ਰਾਖੀ ਕਰੇਗੀ। ਇਹ ਸਬ ਕਮੇਟੀ 29 ਜੂਨ ਨੂੰ ਸੰਮੇਲਨ ਕਰੇਗੀ ਅਤੇ ਨਫ਼ਰਤੀ ਅਪਰਾਧਾਂ ਦੀ ਪਛਾਣ, ਸਜ਼ਾ ਦੇਣ ਅਤੇ ਉਨ੍ਹਾਂ ‘ਤੇ ਰੋਕ ਲਈ ਵਿਚਾਰ ਵਟਾਂਦਰਾ ਕਰੇਗੀ। ਟਰੀਨ ਨੇ ਕਿਹਾ ਕਿ ਕੈਨਸਾਸ ਸਿਟੀ ਵਿਚ ਦੋ ਭਾਰਤੀਆਂ ‘ਤੇ ਗੋਲੀਬਾਰੀ ਦੇ ਮਾਮਲੇ ਵਿਚ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।