ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਸਿੱਖਾਂ ਨੂੰ ਵਿਸਾਖੀ ਦੀਆਂ ਮੁਬਾਰਕਾਂ

ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਸਿੱਖਾਂ ਨੂੰ ਵਿਸਾਖੀ ਦੀਆਂ ਮੁਬਾਰਕਾਂ

ਦੇਸ਼ ਦੇ ਵਿਕਾਸ ਵਿਚ ਪਾਏ ਯੋਗਦਾਨ ਦੀ ਕੀਤੀ ਸ਼ਲਾਘਾ
ਵਾਸ਼ਿੰਗਟਨ/ਬਿਊਰੋ ਨਿਊਜ਼ :
ਪ੍ਰਤੀਨਿਧ ਸਦਨ ਦੇ ਸਪੀਕਰ ਪੌਲ ਰੇਆਨ ਦੀ ਅਗਵਾਈ ਵਿੱਚ ਦੋਵਾਂ ਰਿਪਬਲਿਕਨ ਤੇ ਡੈਮੋਕਰੇਟਿਕ ਪਾਰਟੀਆਂ ਦੇ ਕਾਨੂੰਨਸਾਜ਼ਾਂ ਨੇ ਕੁੱਲ ਦੁਨੀਆ ਵਿੱਚ ਵਸਦੇ ਸਿੱਖਾਂ ਨੂੰ ਵਿਸਾਖੀ ਦੀ ਮੁਬਾਰਕਬਾਦ ਦਿੱਤੀ ਅਤੇ ਦੇਸ਼ ਦੇ ਵਿਕਾਸ ਵਿੱਚ ਪਾਏ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਜਦੋਂ ਦੁਨੀਆ ਭਰ ਵਿੱਚ ਸਿੱਖ ਹਾੜ੍ਹੀ ਦੇ ਇਸ ਵਾਢੀ ਸੀਜ਼ਨ ਦੇ ਸਾਲਾਨਾ ਜਸ਼ਨ ਮਨਾ ਰਹੇ ਸਨ ਤਾਂ ਰੇਆਨ ਨੇ ਟਵੀਟ ਕੀਤਾ ਕਿ ”ਸਾਡੇ ਸਿੱਖ-ਅਮਰੀਕੀ ਗੁਆਂਢੀਆਂ ਤੇ ਮਿੱਤਰਾਂ ਨੂੰ ਵਿਸਾਖੀ ਦੀਆਂ ਮੁਬਾਰਕਾਂ।” ਸੈਨੇਟ ਇੰਡੀਆ ਕੌਕਸ ਦੇ ਸਹਿ-ਚੇਅਰਮੈਨ ਸੈਨੇਟਰ ਜੌਹਨ ਕੋਰਨਿਨ, ਮਿਸ਼ੀਗਨ ਦੇ ਸੈਨੇਟਰ ਗੈਰੀ ਪੀਟਰਜ਼, ਇਲੀਨੌਇ ਦੇ ਸੈਨੇਟਰ ਡਿੱਕ ਡਰਬਿਨ, ਸੈਨੇਟਰ ਬੇਨ ਕਾਰਡਿਨ, ਸੈਨੇਟਰ ਸ਼ੇਲਡਨ ਵ੍ਹਾਈਟਹਾਊਸ, ਕ੍ਰਿਸ ਮਰਫ਼ੀ, ਜੈੱਫ ਮਾਰਕਲੇਅ, ਮਾਰਕੋ ਰੂਬੀਓ, ਕਾਂਗਰਸ ਮੈਂਬਰ ਜੋਅ ਕਰਾਉਲੇ, ਕਾਂਗਰਸ ਮੈਨ ਇਲੀਅਟ ਏਂਜਲ, ਬਰੈਡ ਸ਼ੇਰਮਨ, ਕਾਂਗਰਸ ਵੁਮੈਨ ਸ਼ੇਇਲਾ ਜੈਕਸਨ ਲੀ, ਕਾਂਗਰਸਮੈਨ ਲੂਕ ਮੈਸਰ ਅਤੇ ਕਈ ਹੋਰ ਉਚ ਅਧਿਕਾਰੀਆਂ ਨੇ ਵੀ ਵਿਸਾਖੀ ਦੀਆਂ ਸਿੱਖਾਂ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ, ‘ਅਸੀਂ ਆਪਣੇ ਸਿੱਖ ਅਮਰੀਕੀ ਗਵਾਂਢੀਆਂ ਅਤੇ ਦੋਸਤਾਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੰਦੇ ਹਾਂ।’ ਗੈਰੀ ਪੀਟਰਜ਼ ਨੇ ਕਿਹਾ, ‘ਸਿੱਖਾਂ ਲਈ ਖ਼ਾਸ ਮਹੱਤਵ ਰੱਖਦੇ ਇਸ ਦਿਹਾੜੇ ‘ਤੇ ਮੈਂ ਸਾਰੇ ਅਮਰੀਕੀ ਸਿੱਖਾਂ, ਦੋਸਤਾਂ ਤੇ ਗਵਾਂਢੀਆਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੰਦਾ ਹਾਂ।’ ਸੈਨੇਟਨ ਡਿਕ ਡਰਬਿਨ ਨੇ ਵੀ ਸਮੂਹ ਸਿੱਖ ਭਾਈਚਾਰੇ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ।
ਮਾਰੀਆ ਕੈਂਟਵੈੱਲ ਨੇ ਟਵੀਟ ਕੀਤਾ ਕਿ ਉਹ ਇਸ ਇਤਿਹਾਸਕ ਦਿਨ ‘ਤੇ ਸਮੁੱਚੇ ਸਿੱਖ ਭਾਈਚਾਰੇ ਨੂੰ ਵਧਾਈ ਦਿੰਦੇ ਹਨ। ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕੀ ਕਾਨੂੰਨਸਾਜ਼ਾਂ ਵਲੋਂ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ ਲਈ ਧੰਨਵਾਦ ਕਿਹਾ।
ਇਸ ਦੌਰਾਨ ਸਿੰਗਾਪੁਰ ਦੇ ਸਿੱਖਿਆ ਮੰਤਰੀ ਨੇਗ ਚੀ ਮੇਂਗ ਨੇ ਸਿੱਖ ਭਾਈਚਾਰੇ ਦੇ ਗਤੀਸ਼ੀਲ ਸਭਿਆਚਾਰ ਦੀ ਸ਼ਲਾਘਾ ਕੀਤੀ। ਸਿੰਗਾਪੁਰ ਖ਼ਾਲਸਾ ਐਸੋਸੀਏਸ਼ਨ ਵੱਲੋਂ ਕਬੱਡੀ ਵਰਗੀਆਂ ਰਵਾਇਤੀ ਖੇਡਾਂ ਤੇ ਮੇਲਾ ਕਰਵਾਉਣ ਦੀ ਪਹਿਲਕਦਮੀ ਦਾ ਸਵਾਗਤ ਕਰਦਿਆਂ ਉਨ੍ਹਾਂ ਸਿੰਗਾਪੁਰ ਵਿੱਚ ਵਿਦੇਸ਼ੀ ਕਾਮਿਆਂ ਵੱਲੋਂ ਪਾਏ ਯੋਗਦਾਨ ਦੀ ਨਿਸ਼ਾਨਦੇਹੀ ਕੀਤੀ।