ਨਸਲੀ ਨਫ਼ਰਤ ਦਾ ਸ਼ਿਕਾਰ ਹੋਈ ਰਾਜਪ੍ਰੀਤ ਹੇਅਰ

ਨਸਲੀ ਨਫ਼ਰਤ ਦਾ ਸ਼ਿਕਾਰ ਹੋਈ ਰਾਜਪ੍ਰੀਤ ਹੇਅਰ

ਗੋਰੇ ਨੇ ਕਿਹਾ-‘ਲਿਬਨਾਨ ਵਾਪਸ ਜਾਓ’
ਨਿਊ ਯਾਰਕ/ਬਿਊਰੋ ਨਿਊਜ਼ :
ਅਮਰੀਕਾ ਵਿਚ ਦੱਖਣੀ ਏਸ਼ਿਆਈ ਮੂਲ ਦੇ ਲੋਕਾਂ ਖ਼ਿਲਾਫ਼ ਨਫ਼ਰਤੀ ਹਮਲਿਆਂ ਦੀਆਂ ਵਧਦੀਆਂ ਘਟਨਾਵਾਂ ਦੀ ਲੜੀ ਵਿੱਚ ਹੁਣ ਇਕ ਸਿੱਖ ਅਮਰੀਕਨ ਕੁੜੀ ਦਾ ਨਾਂ ਜੁੜ ਗਿਆ ਹੈ। ਸਬਵੇਅ ਟਰੇਨ ਵਿੱਚ ਸਫ਼ਰ ਕਰ ਰਹੀ ਰਾਜਪ੍ਰੀਤ ਹੇਅਰ ਨੂੰ ਗੋਰੇ ਨੇ ਮੁਸਲਿਮ ਮਹਿਲਾ ਸਮਝਦਿਆਂ ‘ਲਿਬਨਾਨ ਵਾਪਸ ਜਾਣ’ ਲਈ ਕਿਹਾ। ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਜਦੋਂ ਰਾਜਪ੍ਰੀਤ ‘ਤੇ ਹਮਲਾ ਹੋਇਆ ਉਹ ਸਬਵੇਅ ਟਰੇਨ ਤੋਂ ਮੈਨਹੱਟਨ ਆਪਣੇ ਇਕ ਦੋਸਤ ਦੀ ਜਨਮ ਦਿਨ ਪਾਰਟੀ ਲਈ ਜਾ ਰਹੀ ਸੀ। ਰਾਜਪ੍ਰੀਤ ਨੇ ਟਾਈਮਜ਼ ਦੇ ‘ਦਿਸ ਵੀਕ ਇਨ ਹੇਟ’ ਸੈਕਸ਼ਨ ਵਿੱਚ ਇਕ ਵੀਡੀਓ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਰੋਜ਼ਨਾਮਚੇ ਦੇ ਇਸ ਸੈਕਸ਼ਨ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੱਤਾ ਵਿੱਚ ਆਉਣ ਮਗਰੋਂ ਮੁਲਕ ਭਰ ਵਿੱਚ ਹੋ ਰਹੇ ਨਫ਼ਰਤੀ ਹਮਲਿਆਂ ਤੇ ਤਸ਼ੱਦਦ ਦੀਆਂ ਘਟਨਾਵਾਂ ਨੂੰ ਉਜਾਗਰ ਕੀਤਾ ਜਾਂਦਾ ਹੈ। ਰਾਜਪ੍ਰੀਤ ਨੇ ਕਿਹਾ ਕਿ ਉਹ ਆਪਣਾ ਫ਼ੋਨ ਵੇਖ ਰਹੀ ਸੀ, ਜਦੋਂ ਇਕ ਗੋਰੇ ਨੇ ਉਸ ‘ਤੇ ਚੀਕਦਿਆਂ ਕਿਹਾ, ‘ਕੀ ਤੈਨੂੰ ਇਸ ਗੱਲ ਦਾ ਭੋਰਾ ਵੀ ਇਲਮ ਹੈ ਕਿ ਨੌਸੈਨਿਕ ਕਿਸ ਤਰ੍ਹਾਂ ਦੇ ਦਿਸਦੇ ਹਨ? ਕੀ ਤੂੰ ਜਾਣਦੀ ਹੈਂ ਕਿ ਉਨ੍ਹਾਂ ਨੂੰ ਕੀ ਕੁਝ ਵੇਖਣਾ ਪੈਂਦਾ ਹੈ? ਉਨ੍ਹਾਂ ਇਸ ਮੁਲਕ ਲਈ ਕੀ ਕੀਤਾ ਹੈ? ਸਿਰਫ਼ ਤੁਹਾਡੇ ਵਰਗੇ ਲੋਕਾਂ ਕਰ ਕੇ।’ ਗੋਰੇ ਨੇ ਰਾਜਪ੍ਰੀਤ ਨੂੰ ਕਿਹਾ ਆਸ ਹੈ ਕਿ ਉਸ ਨੂੰ ‘ਵਾਪਸ ਲਿਬਨਾਨ’ ਭੇਜ ਦਿੱਤਾ ਜਾਵੇਗਾ ਤੇ ਉਸ ਦਾ ਇਸ ਮੁਲਕ ਨਾਲ ਕੋਈ ਵਾਹ ਵਾਸਤਾ ਨਹੀਂ।’ ਰਿਪੋਰਟ ਮੁਤਾਬਕ ਇਸ ਘਟਨਾ ਮੌਕੇ ਟਰੇਨ ਵਿੱਚ ਹੀ ਸਵਾਰ ਦੋ ਮੁਸਾਫ਼ਰਾਂ, ਜਿਨ੍ਹਾਂ ਵਿਚੋਂ ਇਕ ਮਹਿਲਾ ਸੀ, ਨੇ ਵਿਚ ਪੈ ਕੇ ਹੇਅਰ ਦਾ ਬਚਾਅ ਕੀਤਾ ਤੇ ਮੋਢੇ ‘ਤੇ ਹੱਥ ਰੱਖ ਕੇ ਹੌਸਲਾ ਵਧਾਇਆ।
ਘੱਟਗਿਣਤੀ ਭਾਈਚਾਰਿਆਂ ਵੱਲੋਂ ਇਕਜੁੱਟਤਾ ਦਾ ਮੁਜ਼ਾਹਰਾ :
ਵਾਸ਼ਿੰਗਟਨ : ਯਹੂਦੀ, ਮੁਸਲਿਮ ਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਉੱਤਰ ਪੱਛਮੀ ਵਾਸ਼ਿੰਗਟਨ ਸਥਿਤ ਯਹੂਦੀ ਸਮਾਰਕ ਨੇੜੇ ਇਕੱਤਰ ਹੋ ਕੇ ਮੁਲਕ ਵਿੱਚ ਵਧਦੇ ਨਫ਼ਰਤੀ ਹਮਲਿਆਂ ਖ਼ਿਲਾਫ਼ ਇਕਜੁੱਟਤਾ ਦਾ ਮੁਜ਼ਾਹਰਾ ਕੀਤਾ। ਇਸ ਦੌਰਾਨ ਲੋਕਾਂ ਨੇ ‘ਅਸੀਂ ਨਫ਼ਰਤ ਖ਼ਿਲਾਫ਼ ਇਕਜੁਟ ਹੋ ਕੇ ਖੜ੍ਹੇ ਹਾਂ’ ਦੇ ਨਾਅਰੇ ਵੀ ਲਾਏ। ਉਨ੍ਹਾਂ ਕਿਹਾ ਕਿ ਨਸਲ, ਲਿੰਗ ਜਾਂ ਚਮੜੀ ਦੇ ਰੰਗ ਦੇ ਅਧਾਰ ‘ਤੇ ਹੁੰਦੇ ਪੱਖਪਾਤ ਨੂੰ ਬੰਦ ਕੀਤਾ ਜਾਵੇ।