ਚੰਡੀਗੜ੍ਹ ਦੀ ਹਰਮੀਤ ਨਿਆਂ ਵਿਭਾਗ ਦੇ ਮੰਡਲ ਲਈ ਮੋਹਰੀ ਉਮੀਦਵਾਰ

ਚੰਡੀਗੜ੍ਹ ਦੀ ਹਰਮੀਤ ਨਿਆਂ ਵਿਭਾਗ ਦੇ ਮੰਡਲ ਲਈ ਮੋਹਰੀ ਉਮੀਦਵਾਰ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਵਿੱਚ ਭਾਰਤੀਆਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਦੀਆਂ ਵਧਦੀਆਂ ਘਟਨਾਵਾਂ ਦਰਮਿਆਨ ਉੱਘੀ ਸਿੱਖ-ਅਮਰੀਕਨ ਮਹਿਲਾ ਵਕੀਲ ਮੁਲਕ ਦੇ ਨਿਆਂ ਵਿਭਾਗ ਵਿੱਚ ਨਾਗਰਿਕ ਹੱਕਾਂ ਬਾਰੇ ਮੰਡਲ ਵਿੱਚ ਮੋਹਰੀ ਉਮੀਦਵਾਰ ਵਜੋਂ ਉਭਰ ਕੇ ਸਾਹਮਣੇ ਆਈ ਹੈ। ‘ਦਿ ਵਾਲ ਸਟਰੀਟ ਜਰਨਲ’ ਵੱਲੋਂ ਬੀਤੇ ਦਿਨ ਜਾਰੀ ਰਿਪੋਰਟ ਮੁਤਾਬਕ ਕੈਲੀਫੋਰਨੀਆ ਨਾਲ ਸਬੰਧਤ ਸੀਨੀਅਰ ਰਿਪਬਲਿਕਨ ਆਗੂ ਹਰਮੀਤ ਢਿੱਲੋਂ (48) ਤੇ ਅਟਾਰਨੀ ਜਨਰਲ ਜੈੱਫ਼ ਸੈਸ਼ਨਜ਼ ਨੇ ਪਿਛਲੇ ਹਫ਼ਤੇ ਇਕੱਠਿਆਂ ਨੇ ਇੰਟਰਵਿਊ ਦਿੱਤੀ ਸੀ। ਚੰਡੀਗੜ੍ਹ ਵਿੱਚ ਜਨਮੀ ਢਿੱਲੋਂ ਨੇ ਪਿਛਲੇ ਸਾਲ ਜੁਲਾਈ ਵਿੱਚ ਕਲੀਵਲੈਂਡ ਵਿੱਚ ਰਿਪਬਲਿਕਨ ਕਨਵੈਨਸ਼ਨ ਦੀ ਦੂਜੀ ਰਾਤ ਦਾ ਸਿੱਖ ਪ੍ਰਾਰਥਨਾ ਨਾਲ ਆਗਾਜ਼ ਕੀਤਾ ਸੀ। ਢਿੱਲੋਂ ਇਸ ਤੋਂ ਪਹਿਲਾਂ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ ਉਪ ਚੇਅਰਮੈਨ ਮਹਿਲਾ ਵੀ ਰਹਿ ਚੁੱਕੀ ਹੈ। ਉਹ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਸੀ। ਜੇਕਰ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸਾਨ ਫਰਾਂਸਿਸਕੋ ਆਧਾਰਤ ਢਿੱਲੋਂ ਨੂੰ ਨਿਆਂ ਵਿਭਾਗ ਲਈ ਨਾਮਜ਼ਦ ਕੀਤਾ ਜਾਂਦਾ ਹੈ ਤਾਂ ਉਹ ਭਾਰਤੀ ਮੂਲ ਦੀ ਅਮਰੀਕਨ ਵਨੀਤ ਗੁਪਤਾ ਦੀ ਥਾਂ ਲਏਗੀ। ਗੁਪਤਾ, ਜਿਸ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਅਹੁਦੇ ‘ਤੇ ਨਾਮਜ਼ਦ ਕੀਤਾ ਸੀ, ਟਰੰਪ ਵੱਲੋਂ ਸਹੁੰ ਚੁੱਕਣ ਮਗਰੋਂ ਅਹੁਦੇ ਤੋਂ ਲਾਂਭੇ ਹੋ ਗਈ ਸੀ। 1957 ਵਿੱਚ ਸਥਾਪਤ ਨਾਗਰਿਕ ਹੱਕਾਂ ਬਾਰੇ ਡਿਵੀਜ਼ਨ ਦਾ ਮੁੱਖ ਕੰਮ ਸਾਰੇ ਅਮਰੀਕੀਆਂ, ਖਾਸ ਕਰਕੇ ਸੁਸਾਇਟੀ ਦੇ ਕਮਜ਼ੋਰ ਵਰਗਾਂ ਦੇ ਨਾਗਰਿਕ ਤੇ ਸੰਵਿਧਾਨਕ ਹੱਕਾਂ ਦੀ ਰਾਖੀ ਕਰਨਾ ਹੈ। ਰਿਪੋਰਟ ਮੁਤਾਬਕ ਢਿੱਲੋਂ ਨੂੰ ਨਫ਼ਰਤੀ ਅਪਰਾਧ ਤੇ ਵਿਤਕਰੇ ਦਾ ਨਿੱਜੀ ਤਜਰਬਾ ਹੈ। ਉਸ ਦੇ ਸਾਬਕਾ ਪਤੀ, ਜੋ ਸਿੱਖ ਡਾਕਟਰ ਸੀ, ਉੱਤੇ 1995 ਵਿੱਚ ਨਿਊ ਯਾਰਕ ਸਿਟੀ ਬੱਸ ਵਿੱਚ ਇਕ ਵਿਅਕਤੀ ਨੇ ਗੋਲੀ ਚਲਾ ਦਿੱਤੀ ਸੀ।’