ਮਾਊਨਟੇਨ ਵਿਊ ਪੁਲੀਸ ਨੂੰ ਨਸ਼ੀਲੀਆਂ ਵਸਤਾਂ ਵਿਰੁਧ ਮੁਹਿੰਮ ਦੌਰਾਨ ਵੱਡੀ ਸਫ਼ਲਤਾ

ਮਾਊਨਟੇਨ ਵਿਊ ਪੁਲੀਸ ਨੂੰ ਨਸ਼ੀਲੀਆਂ ਵਸਤਾਂ ਵਿਰੁਧ ਮੁਹਿੰਮ ਦੌਰਾਨ ਵੱਡੀ ਸਫ਼ਲਤਾ

ਜਸਵੀਰ ਸਿੰਘ ਨਾਮੀ ਵਿਅਕਤੀ ਦੇ ਘਰੋਂ 4 ਹਜ਼ਾਰ ਪੌਂਡ ਭੁੱਕੀ ਬਰਾਮਦ
ਸੈਨਹੋਜ਼ੇ/ਬਿਊਰੋ ਨਿਊਜ਼:
ਮਾਊਨਟੇਨ ਵਿਊ ਪੁਲੀਸ ਨੇ ਨਸ਼ੀਲੀਆਂ ਵਸਤਾਂ ਵਿਰੁਧ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ 4000 ਪੌਂਡ ਦੇ ਕਰੀਬ ਭੁੱਕੀ ਬਰਾਮਦ ਕੀਤੀ ਜਿਸਦੀ ਕੀਮਤ 4 ਲੱਖ ਡਾਲਰ ਦੇ ਕਰੀਬ ਦੱਸੀ ਜਾਂਦੀ ਹੈ। ਪੁਲੀਸ ਨੇ ਇਸ ਸਬੰਧ ਵਿੱਚ 34 ਸਾਲਾ ਵਿਅਕਤੀ ਜਸਵੀਰ ਸਿੰਘ ਅਤੇ ਉਸਦੀ ਪਤਨੀ ਡੋਨਾ ਸੰਤੋ (45 ਸਾਲ) ਨੂੰ ਗ੍ਰਿਫਤਾਰ ਕੀਤਾ ਹੈ। ਦਸਿਆ ਜਾਂਦਾ ਹੈ ਕਿ ਦੋਵੇਂ ਪਤੀ ਪਤਨੀ ਵਿਦੇਸ਼ਾਂ ਤੋਂ ਪੋਸਤ ਦੇ ਬੀਜ (ਖ਼ਸਖ਼ਸ) ਦਰਾਮਦ ਕਰਕੇ ਅੱਗੋਂ ਉਨ੍ਹਾਂ ਨੂੰ ਪੀਹ ਕੇ ਪਾਊਡਰ (ਭੁੱਕੀ) ਦੇ ਰੂਪ ਵਿੱਚ ਵੇਚਦੇ ਸਨ। ਨਸ਼ਈ ਇਸਨੂੰ ਚਾਹ ਵਿੱਚ ਉਬਾਲ ਕੇ ਪੀਂਦੇ ਸਨ। ਇਹ ਮਾਲ ਲਾਕਰਾਂ ਰਾਹੀਂ ਆਉਂਦਾ ਸੀ।
ਮਾਊਨਟੇਨ ਵਿਊ ਪੁਲੀਸ ਨੂੰ ਅਕਤੂਬਰ 2016 ਵਿੱਚ ਸੂਹ ਮਿਲੀ ਸੀ ਕਿ ਮੌਨਰੋਇ ਐਵੇਨਿਊ ਉੱਤੇ ਰਹਿੰਦਾ ਜਸਵੀਰ ਸਿੰਘ ਅਤੇ ਉਸਦੀ ਪਤਨੀ ਨਸ਼ੇ ਵੇਚਣ ਦਾ ਧੰਦਾ ਕਰਦੇ ਹਨ। ਪੁਲੀਸ ਨੇ ਇਸ ਸਬੰਧੀ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ। ਇਸ ਸਾਲ 31 ਜਨਵਰੀ ਨੂੰ ਕਰਾਈਮ ਬਰਾਂਚ ਵਾਲਿਆਂ ਨੇ ਜਸਵੀਰ ਸਿੰਘ ਦੇ ਘਰ ਦੀ ਤਲਾਸ਼ੀ ਲਈ ਜਿੱਥੋਂ 50 ਪੌਂਡ ਦੇ ਕਰੀਬ ਭੁੱਕੀ ਅਤੇ 30 ਹਜ਼ਾਰ ਡਾਲਰ ਨਕਦੀ ਮਿਲੀ।
ਪੁਲੀਸ ਨੇ ਦੂਜੀ ਵਾਰ ਤਲਾਸ਼ੀ ਵਾਰੰਟ ਪ੍ਰਾਪਤ ਕਰਕੇ ਛਾਪਾ ਮਾਰਿਆ ਅਤੇ ਉਨ੍ਹਾਂ ਲਾਕਰਾਂ ਨੂੰ ਖੁਲ੍ਹਵਾਇਆ ਗਿਆ ਜਿਨ੍ਹਾਂ ਵਿੱਚ ਬਾਹਰੋਂ ਮੰਗਵਾਏ ਪੋਸਤ ਦੇ ਬੀਜ ਸਟੋਰ ਕਰਕੇ ਰੱਖੇ ਜਾਂਦੇ ਸਨ। ਇਸ ਛਾਪੇ ਦੌਰਾਨ ਪੁਲੀਸ ਨੂੰ 4000 ਪੌਂਡ ਦੇ ਕਰੀਬ ਭੁੱਕੀ ਪਾਊਡਰ ਮਿਲਿਆ। ਬਾਜ਼ਾਰ ਵਿੱਚ ਇਸਦੀ ਕੀਮਤ 4 ਲੱਖ ਡਾਲਰ ਦੇ ਕਰੀਬ ਦੱਸੀ ਜਾਂਦੀ ਹੈ।
ਜਸਵੀਰ ਸਿੰਘ ਅਤੇ ਸੰਤੋ ਨੂੰ ਪਾਬੰਦੀਸ਼ੁਦਾ ਨਸ਼ੀਲੀਆਂ ਵਸਤਾਂ ਰੱਖਣ ਅਤੇ ਵੇਚਣ ਦੇ ਦੋਸ਼ ਹੇਠ ਗ੍ਰਿਫਤਾਰ ਕਰਕੇ ਸੈਂਟਾ ਕਲਾਰਾ ਕਾਉਂਟੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ।