ਗੁਰਦੁਆਰਾ ਮੀਰੀ ਪੀਰੀ ਸਾਹਿਬ ਦੇ ਕੇਸ ਦਾ ਫ਼ੈਸਲਾ ਮੁੜ ਜਸਵੰਤ ਸਿੰਘ ਠੇਕੇਦਾਰ ਦੇ ਹੱਕ ਵਿਚ ਹੋਇਆ

ਗੁਰਦੁਆਰਾ ਮੀਰੀ ਪੀਰੀ ਸਾਹਿਬ ਦੇ ਕੇਸ ਦਾ ਫ਼ੈਸਲਾ ਮੁੜ ਜਸਵੰਤ ਸਿੰਘ ਠੇਕੇਦਾਰ ਦੇ ਹੱਕ ਵਿਚ ਹੋਇਆ

ਗਿਆਨੀ ਕੁਲਵਿੰਦਰ ਸਿੰਘ ਨੂੰ ਅਦਾ ਕਰਨੇ ਪੈਣਗੇ 25000 ਪੌਂਡ
ਲੰਡਨ/ਬਿਊਰੋ ਨਿਊਜ਼ :
ਗੁਰਦੁਆਰਾ ਮੀਰੀ ਪੀਰੀ ਸਾਹਿਬ ਸਾਊਥਾਲ ਦਾ ਕੇਸ ਮੁੜ ਜਸਵੰਤ ਸਿੰਘ ਠੇਕੇਦਾਰ ਅਤੇ ਉਨ੍ਹਾਂ ਦੀ ਧਰਮ ਪਤਨੀ ਅਮਰੀਕ ਕੌਰ ਭਾਰਜ ਨੇ ਜਿੱਤ ਲਿਆ ਹੈ। ਲੰਡਨ ਦੀ ਹਾਈ ਕੋਰਟ ਦੇ ਜੱਜ ਮਿ. ਐਸ ਮੌਂਟੀ ਕਿਊ ਸੀ ਵੱਲੋਂ ਸੁਣਾਏ ਗਏ ਫੈਸਲੇ ਵਿਚ ਗਿਆਨੀ ਕੁਲਵਿੰਦਰ ਸਿੰਘ ਨੂੰ 25000 ਪੌਂਡ (ਲਗਭਗ 20 ਲੱਖ 75 ਹਜ਼ਾਰ ਰੁਪਏ) ਖ਼ਰਚਾ 27 ਫਰਵਰੀ ਸ਼ਾਮੀ 4 ਵਜੇ ਤੋਂ ਪਹਿਲਾਂ ਠੇਕੇਦਾਰ ਅਤੇ ਉਨ੍ਹਾਂ ਦੀ ਪਤਨੀ ਨੂੰ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਜੇ ਗਿਆਨੀ ਕੁਲਵਿੰਦਰ ਸਿੰਘ ਇਹ ਖ਼ਰਚਾ ਅਦਾ ਨਹੀਂ ਕਰਦਾ ਤਾਂ ਗੁਰਦੁਆਰਾ ਸਾਹਿਬ ਦੇ ਮੌਜੂਦਾ 11 ਟਰੱਸਟੀ ਅਦਾ ਕਰਨਗੇ। ਜੱਜ ਨੇ ਕਿਹਾ ਹੈ ਕਿ ਇਸ ਕੇਸ ਦਾ ਕੋਈ ਅਧਾਰ ਨਹੀਂ ਸੀ, ਇਹ ਸਿਸਟਮ ਦੀ ਦੁਰਵਰਤੋਂ ਹੈ। ਜਸਵੰਤ ਸਿੰਘ ਠੇਕੇਦਾਰ ਨੇ ਇਸ ਸਬੰਧੀ ਦੱਸਿਆ ਕਿ ਇਹ ਕੇਸ ਉਨ੍ਹਾਂ, ਉਨ੍ਹਾਂ ਦੀ ਪਤਨੀ ਅਤੇ ਸੋਹਣ ਸਿੰਘ ਢੇਸੀ ‘ਤੇ ਕੀਤਾ ਗਿਆ ਸੀ, ਪਰ ਢੇਸੀ ਨੇ ਇੱਕ ਹਲਫਨਾਮਾ ਦੇ ਕੇ ਖੁਦ ਨੂੰ ਪਾਸੇ ਕਰ ਲਿਆ। ਠੇਕੇਦਾਰ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਕੇਸ ਜਿੱਤ ਚੁੱਕਾ ਹੈ, ਅਦਾਲਤ ਨੇ ਇੱਕ ਵਾਰ ਫਿਰ ਉਸ ਨੂੰ ਇਨਸਾਫ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਗਤਾਂ ਨੂੰ ਮੌਜੂਦਾ ਪ੍ਰਬੰਧਕਾਂ ਤੋਂ ਹਿਸਾਬ ਕਿਤਾਬ ਲੈਣਾ ਚਾਹੀਦਾ ਹੈ। ਗੁਰੂ ਘਰ ਦੇ ਮੌਜੂਦਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਕੇਸ ਪੁਰਾਣੇ ਕੇਸ ਨੂੰ ਮੁੜ ਖੁਲ੍ਹਵਾਉਣ ਲਈ ਕੀਤਾ ਗਿਆ ਸੀ, ਪਰ ਇਸ ਫੈਸਲੇ ਲਈ ਅੱਗੇ ਅਪੀਲ ਕੀਤੀ ਜਾਵੇਗੀ। ਭਾਵੇਂ ਕਿ ਅਦਾਲਤ ਪਹਿਲਾਂ ਹੀ ਇਸ ਕੇਸ ਦਾ ਕੋਈ ਆਧਾਰ ਨਾ ਹੋਣਾ ਕਹਿ ਕੇ ਠੁਕਰਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਗੁਰਦੁਆਰਾ ਮੀਰੀ ਪੀਰੀ ਸਾਊਥਾਲ ਦੇ ਪ੍ਰਬੰਧ ਨੂੰ ਲੈ ਕੇ ਲੰਮੇ ਸਮੇਂ ਤੋਂ ਅਦਾਲਤੀ ਕਾਰਵਾਈਆਂ ਚੱਲ ਰਹੀਆਂ ਹਨ।