ਪਾਕਿ ਦੁਨੀਆਂ ਲਈ ‘ਖ਼ਤਰਾ’ : ਅਮਰੀਕਾ

ਪਾਕਿ ਦੁਨੀਆਂ ਲਈ ‘ਖ਼ਤਰਾ’ : ਅਮਰੀਕਾ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੀ ਖ਼ੁਫ਼ੀਆ ਏਜੰਸੀ ਸੀਆਈਏ ਦੇ ਇਕ ਸਾਬਕਾ ਅਧਿਕਾਰੀ ਨੇ ਆਖਿਆ ਹੈ ਕਿ ਪਾਕਿਸਤਾਨ ਸੰਭਵ ਤੌਰ ‘ਤੇ ਦੁਨੀਆਂ ਦਾ ‘ਸਭ ਤੋਂ ਖ਼ਤਰਨਾਕ’ ਮੁਲਕ ਹੈ। ਉਨ੍ਹਾਂ ਅਜਿਹਾ ਇਸ ਆਧਾਰ ਉਤੇ ਕਿਹਾ ਹੈ ਕਿ ਇਕ ਪਾਸੇ ਪਾਕਿਸਤਾਨ ਦਾ ਅਰਥਚਾਰਾ ਮਾੜੀ ਹਾਲਤ ਵਿੱਚ ਹੈ, ਦੂਜੇ ਪਾਸੇ ਦਹਿਸ਼ਤਗਰਦੀ ਦਾ ਜ਼ੋਰ ਹੈ ਤੇ ਨਾਲ ਹੀ ਇਸ ਦੇ ਪਰਮਾਣੂ ਅਸਲਾਖ਼ਾਨੇ ਵਿੱਚ ਤੇਜ਼ੀ ਨਾਲ ਇਜ਼ਾਫ਼ਾ ਹੋ ਰਿਹਾ ਹੈ।
ਇਸਲਾਮਾਬਾਦ ਵਿੱਚ ਸੀਆਈਏ ਦੇ ਸਟੇਸ਼ਨ ਮੁਖੀ ਰਹਿ ਚੁੱਕੇ ਕੇਵਿਨ ਹਲਬਰਟ ਨੇ ਖ਼ਬਰਦਾਰ ਕੀਤਾ ਕਿ ਜੇ ਪਾਕਿਸਤਾਨ ਨਾਕਾਮ ਹੁੰਦਾ ਹੈ ਤੇ ਉਥੇ ਦਹਿਸ਼ਤਗਰਦਾਂ ਦਾ ਗਲਬਾ ਵਧਦਾ ਹੈ ਤਾਂ ਇਸ ਦਾ ਸਾਰੀ ਦੁਨੀਆ ‘ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਇਹ ਗੱਲ ਇੰਟੈਲੀਜੈਂਸ ਭਾਈਚਾਰੇ ਨਾਲ ਸਬੰਧਤ ਇਕ ਵੈਬਸਾਈਟ ‘ਸਾਈਫਰ ਬਰੀਫ਼’ ਉਤੇ ਪਾਈ ਇਕ ਪੋਸਟ ਵਿੱਚ ਆਖੀ ਹੈ।
ਉਨ੍ਹਾਂ ਲਿਖਿਆ ਹੈ: ”ਸਾਨੂੰ ਅਫ਼ਗਾਨਿਸਤਾਨ ਵਿੱਚ ਹੀ ਇੰਨੀਆਂ ਮੁਸ਼ਕਲਾਂ ਹਨ, ਜਿਸ ਦੀ ਆਬਾਦੀ ਮਹਿਜ਼ 3.3 ਕਰੋੜ ਹੈ, ਜਦੋਂਕਿ ਪਾਕਿਸਤਾਨ ਦੀ ਆਬਾਦੀ 18.2 ਕਰੋੜ ਹੈ, ਇਸ ਦੀ ਜਨਮ ਦਰ ਵੀ ਕਾਫ਼ੀ ਉਚੀ ਹੈ ਤੇ ਇਹ ਸਾਰੀ ਦੁਨੀਆ ਲਈ ਭਾਰੀ ਚਿੰਤਾ ਦਾ ਵਿਸ਼ਾ ਹੈ।”