ਸਿੱਖ ਜਥੇਬੰਦੀ ਨੇ ‘ਸਾਕਾ ਨੀਲਾ ਤਾਰਾ’ ਵਿੱਚ ਯੂਕੇ ਦੀ ਸ਼ਮੂਲੀਅਤ ਬਾਰੇ ਜਾਂਚ ਮੰਗੀ

ਸਿੱਖ ਜਥੇਬੰਦੀ ਨੇ ‘ਸਾਕਾ ਨੀਲਾ ਤਾਰਾ’ ਵਿੱਚ ਯੂਕੇ ਦੀ ਸ਼ਮੂਲੀਅਤ ਬਾਰੇ ਜਾਂਚ ਮੰਗੀ

ਲੰਡਨ/ਬਿਊਰੋ ਨਿਊਜ਼ :
ਯੂਕੇ ਦੀ ਸਿੱਖ ਜਥੇਬੰਦੀ ਨੇ 1984 ਵਿੱਚ ਸਾਕਾ ਨੀਲਾ ਤਾਰਾ ਵਿੱਚ ਬਰਤਾਨੀਆ ਦੀ ਕਥਿਤ ਸ਼ਮੂਲੀਅਤ ਬਾਰੇ ਜਨਤਕ ਪੜਤਾਲ ਦੀ ਮੰਗ ਲਈ ਵਿਦੇਸ਼ ਅਤੇ ਰਾਸ਼ਟਰਮੰਡਲ ਦਫ਼ਤਰ ਨੂੰ ਪੱਤਰ ਲਿਖਿਆ ਹੈ। ਸਿੱਖ ਫੈਡਰੇਸ਼ਨ ਯੂਕੇ ਵੱਲੋਂ ਰਿਪੋਰਟ ‘ਸਿੱਖਾਂ ਦੀ ਸ਼ਹਾਦਤ: ਪੜਤਾਲ ਦੀ ਲੋੜ’ ਉਤੇ ਕੰਮ ਕੀਤਾ ਗਿਆ ਹੈ, ਜਿਸ ਵਿੱਚ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਉਤੇ ਫ਼ੌਜੀ ਹਮਲੇ ਵਿੱਚ ਯੂਕੇ ਦਾ ਹੱਥ ਹੋਣ ਦੇ ਸਬੂਤ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਭਾਰਤੀ ਮੂਲ ਦੇ ਵਿਦੇਸ਼ ਮੰਤਰੀ ਅਲੋਕ ਸ਼ਰਮਾ, ਜੋ ਭਾਰਤ ਤੇ ਪੈਸੇਫਿਕ ਮਾਮਲਿਆਂ ਦੇ ਇੰਚਾਰਜ ਵੀ ਹਨ, ਨੂੰ ਸੰਬੋਧਤ ਪੱਤਰ ਵਿਚ ਲਿਖਿਆ ਹੈ, ‘ਇਹ ਜਨਤਕ ਮਹੱਤਤਾ ਲਈ ਅਹਿਮ ਹੈ ਕਿ ਦੋਸ਼ਾਂ ਦੀ ਪੜਤਾਲ ਗੰਭੀਰ ਤੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ।’ ਇਸ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ 2014 ਹੇਅਵੁੱਡ ਸਮੀਖਿਆ, ਜੋ ਤਤਕਾਲੀ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਵੱਲੋਂ ਸਾਕਾ ਨੀਲਾ ਤਾਰਾ ਵਿੱਚ ਬ੍ਰਿਟੇਨ ਦੀ ਸ਼ਮੂਲੀਅਤ ਦਾ ਪੱਧਰ ਜਾਣਨ ਲਈ ਕਰਾਈ ਸੀ, ਵਿੱਚ ਕਈ ‘ਤਰੁੱਟੀਆਂ’ ਹਨ ਕਿਉਂਕਿ ਇਸ ਵਿੱਚ ‘ਸਿੱਧੇ ਤੌਰ ‘ਤੇ ਸਬੰਧਤ’ ਸਮੱਗਰੀ ਉਤੇ ਵਿਚਾਰ ਨਹੀਂ ਕੀਤਾ ਗਿਆ। ਐਫਸੀਓ ਨੇ ਇਹ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਹੈ। ਉਸ ਨੇ 2 ਫਰਵਰੀ ਮਿਤੀ ਵਾਲੇ ਪੱਤਰ ਵਿੱਚ ਲਿਖਿਆ, ‘ਤੁਹਾਡੇ ਪੱਤਰ ਵਿੱਚ ਉਠਾਏ ਗਏ ਤੱਥਾਂ ਉਤੇ ਵਿਦੇਸ਼ ਤੇ ਰਾਸ਼ਟਰਮੰਡਲ ਦਫ਼ਤਰ ਵਿਚਾਰ ਕਰ ਰਿਹਾ ਹੈ। ਤੁਹਾਨੂੰ ਵਿਸਥਾਰ ਵਿੱਚ ਜਲਦੀ ਜਵਾਬ ਦਿੱਤਾ ਜਾਵੇਗਾ।’