ਅਮਰੀਕੀ ਮੁਸਲਿਮ ਮਹਿਲਾ ਨੂੰ ਕੀਤਾ ਤੰਗ-ਪ੍ਰੇਸ਼ਾਨ, ਗ੍ਰੀਨ ਕਾਰਡ ਮੰਗਿਆ

ਅਮਰੀਕੀ ਮੁਸਲਿਮ ਮਹਿਲਾ ਨੂੰ ਕੀਤਾ ਤੰਗ-ਪ੍ਰੇਸ਼ਾਨ, ਗ੍ਰੀਨ ਕਾਰਡ ਮੰਗਿਆ

ਵਾਸ਼ਿੰਗਟਨ/ਬਿਊਰੋ ਨਿਊਜ :
ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਮੁਸਲਿਮ ਆਬਾਦੀ ਵਾਲੇ ਸੱਤ ਮੁਲਕਾਂ ਤੋਂ ਪਰਵਾਸੀਆਂ ਦੀ ਆਮਦ ‘ਤੇ ਰੋਕ ਲਾਏ ਜਾਣ ਮਗਰੋਂ ਅਮਰੀਕਾ ਦੇ ਇਕ ਕੈਫ਼ੇ ਵਿਚ ਹਿਜਾਬ ਪਾਈ ਮੁਸਲਿਮ ਮਹਿਲਾ ਨੂੰ ਇਕ ਵਿਅਕਤੀ ਵੱਲੋਂ ਕਥਿਤ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਹਿਲਾ ਤੋਂ ਉਸ ਕੋਲ ਅਮਰੀਕਾ ਦਾ ਗ੍ਰੀਨ ਕਾਰਡ ਹੋਣ ਬਾਰੇ ਸਵਾਲ ਪੁੱਛੇ ਗਏ ਹਨ। ਉਂਜ ਇਸ ਮਹਿਲਾ ਨੇ ਸਾਰੀ ਘਟਨਾ ਨੂੰ ਆਪਣੇ ਕੈਮਰੇ ਵਿੱਚ ਫ਼ਿਲਮਾ ਲਿਆ ਹੈ।
ਜਾਣਕਾਰੀ ਅਨੁਸਾਰ ਅਸਮਾ ਐਲਹੁਨੀ (39) ਜੋਅ’ਜ਼ ਕੈਫ਼ੇ ‘ਤੇ ਬੈਠੀ ਆਪਣੇ ਲੈਪਟੌਪ ‘ਤੇ ਕੰਮ ਕਰ ਰਹੀ ਸੀ ਕਿ ਇਕ ਵਿਅਕਤੀ, ਜਿਸ ਦੀ ਪਛਾਣ ਰੌਬ ਕੋਹਲਰ ਵਜੋਂ ਹੋਈ ਹੈ, ਉਥੇ ਆਇਆ ਅਤੇ ਉਸ ਦੀਆਂ ਤਸਵੀਰਾਂ ਲੈਣ ਲੱਗਾ। ਅਮਰੀਕੀ ਨਾਗਰਿਕ ਤੇ ਜਾਰਜੀਆ ਸਟੇਟ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਦੀ ਵਿਦਿਆਰਥਣ ਐਲਹੁਨੀ ਨੇ ਕਿਹਾ ਕਿ ਪਹਿਲਾਂ ਤਾਂ ਉਸ ਨੇ ਵਿਅਕਤੀ ਦੀਆਂ ਹਰਕਤਾਂ ਨੂੰ ਨਜ਼ਰਅੰਦਾਜ਼ ਕੀਤਾ, ਪਰ ਜਦੋਂ ਉਹ ਬਾਜ਼ ਨਾ ਆਇਆ ਤਾਂ ਉਸ ਨੇ ਤਸਵੀਰਾਂ ਖਿੱਚਣ ਦਾ ਕਾਰਨ ਪੁੱਛ ਲਿਆ। ਰੌਬ ਨੇ ਦਾਅਵਾ ਕੀਤਾ ਕਿ ਉਹ ਉਸ ਦੀਆਂ ਨਹੀਂ ਬਲਕਿ ਉਸ ਦੇ ਪਿੱਛੇ ਬੈਠੇ ਵਿਅਕਤੀ ਦੀਆਂ ਤਸਵੀਰਾਂ ਲੈ ਰਿਹਾ। ਇਸ ਦੌਰਾਨ ਰੌਬ ਨੇ ਉਸ ਖ਼ਿਲਾਫ਼ ਤਲਖ਼ ਟਿੱਪਣੀਆਂ ਵੀ ਕੀਤੀਆਂ ਤੇ ਗ੍ਰੀਨ ਕਾਰਡ ਵਿਖਾਉਣ ਲਈ ਕਿਹਾ। ਤਲਖ਼ੀ ਵਧਦੀ ਵੇਖ ਰੌਬ ਦਾ ਸਾਥੀ ਉਸ ਨੂੰ ਪਰ੍ਹੇ ਲੈ ਗਿਆ। ਐਲਹੁਨੀ ਵੱਲੋਂ ਘਟਨਾ ਦੀ ਵੀਡੀਓ ਫ਼ੇਸਬੁੱਕ ਉੱਤੇ ਪੋਸਟ ਕਰਨ ਮਗਰੋਂ ਹੁਣ ਤਕ 90 ਹਜ਼ਾਰ ਲੋਕ ਇਸ ਨੂੰ ਵੇਖ ਚੁੱਕੇ ਹਨ। ਉਂਜ ਇਸ ਘਟਨਾ ਨੂੰ ਟਰੰਪ ਦੀ ਪਰਵਾਸ ਨੀਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।